ਕਪੂਰਥਲਾ 'ਚ 5, ਮੋਗਾ 'ਚ 2 , ਫ਼ਰੀਦਕੋਟ ਤੇ ਲੁਧਿਆਣਾ 'ਚ 1-1 ਕੋਰੋਨਾ ਪਾਜ਼ੀਟਿਵ ਕੇਸ, 542 ਮਰੀਜ਼ਾਂ ਨੂੰ ਹਸਪਤਾਲਾਂ 'ਚੋਂ ਦਿੱਤੀ ਛੁੱਟੀ

By  Shanker Badra May 16th 2020 02:08 PM

ਕਪੂਰਥਲਾ 'ਚ 5, ਮੋਗਾ 'ਚ 2 , ਫ਼ਰੀਦਕੋਟ ਤੇ ਲੁਧਿਆਣਾ 'ਚ 1-1 ਕੋਰੋਨਾ ਪਾਜ਼ੀਟਿਵ ਕੇਸ, 542 ਮਰੀਜ਼ਾਂ ਨੂੰ ਹਸਪਤਾਲਾਂ 'ਚੋਂ ਦਿੱਤੀ ਛੁੱਟੀ:ਚੰਡੀਗੜ੍ਹ : ਪੰਜਾਬ ਵਿਚ ਕੋਰੋਨਾ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਰੋਜ਼ਾਨਾ ਕਈ ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ। ਕੋਰੋਨਾ ਪੀੜਤਾਂ ਦੀ ਗਿਣਤੀ ਵਿਚ ਨਿਰੰਤਰ ਹੋ ਰਹੇ ਵਾਧੇ ਨੇ ਸਮੁੱਚੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੰਜਾਬ 'ਚ ਸ਼ਨੀਵਾਰ ਨੂੰ ਸਵੇਰੇ 9 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਜਿਨ੍ਹਾਂ 'ਚ ਕਪੂਰਥਲਾ 'ਚ 5, ਮੋਗਾ 'ਚ 2 , ਫ਼ਰੀਦਕੋਟ 'ਚ 1 ਤੇ ਲੁਧਿਆਣਾ 'ਚ 1 ਨਵਾਂ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਵਿੱਚ 542 ਕੋਰੋਨਾ ਪੀੜਤ ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ।

ਕਪੂਰਥਲਾ ਜ਼ਿਲ੍ਹੇ 'ਚ ਕੋਰੋਨਾ ਦੇ ਪੰਜ ਹੋਰ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਕਪੂਰਥਲਾ ਦੀ ਸੀ.ਐੱਮ.ਓ. ਡਾ. ਜਸਮੀਤ ਕੌਰ ਬਾਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 5 ਨਵੇਂ ਕੇਸਾਂ 'ਚੋਂ ਚਾਰ ਵਿਅਕਤੀ ਦੁਬਈ ਤੋਂ ਪਰਤੇ ਹਨ ਤੇ ਇਕ ਫਗਵਾੜਾ ਨਾਲ ਸੰਬੰਧਿਤ ਹੈ। ਜਿਨ੍ਹਾਂ ਨੂੰ ਇਲਾਜ ਲਈ ਦਾਖ਼ਲ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਪੂਰਥਲਾ ਦੇ ਜਿਨ੍ਹਾਂ 4 ਲੋਕਾਂ ਦੀ ਕੋਰੋਨਾ ਪਾਜ਼ੀਟਿਵ ਰਿਪੋਰਟ ਆਈ ਹੈ, ਉਹ ਦੁਬਈ ਤੋਂ 13 ਮਈ ਨੂੰ ਵਾਪਸ ਪੰਜਾਬ ਪਰਤੇ ਹਨ।

ਜ਼ਿਲ੍ਹਾ ਮੋਗਾ ਬੀਤੇ ਦਿਨ ਕੋਰੋਨਾ ਵਾਇਰਸ ਦੇ ਚੱਲਦਿਆਂ ਜ਼ੀਰੋ ਦੇ ਅੰਕੜੇ ਤੱਕ ਪੁੱਜ ਗਿਆ ਸੀ ਪਰੰਤੂ ਅੱਜ ਜ਼ੀਰੋ ਦਾ ਅੰਕੜਾ ਤੋੜਦਿਆਂ 2 ਹੋਰ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਕੋਰੋਨਾ ਪਾਜ਼ੀਟਿਵ ਆਏ ਮਰੀਜ਼ਾਂ 'ਚ ਇਕ ਪਿੰਡ ਗਲੋਟੀ ਨਾਲ ਸਬੰਧਿਤ 23 ਸਾਲਾ ਨੌਜਵਾਨ ਹੈ ਤੇ ਇਕ ਮੋਗਾ ਦੇ ਗਿੱਲ ਰੋਡ ਦਾ ਨਿਵਾਸੀ 70 ਸਾਲਾ ਬਜ਼ੁਰਗ ਵਿਅਕਤੀ ਹੈ। ਇਹ ਦੋਵੇਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਹੋਏ ਹਨ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਲਿਆਂਦਾ ਜਾ ਰਿਹਾ ਹੈ।

ਲੁਧਿਆਣਾ 'ਚ ਅੱਜ ਇਕ ਹੋਰ ਮਰੀਜ਼ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਪਟਿਆਲਾ ਤੋਂ 81 ਮਰੀਜ਼ਾਂ ਦੇ ਨਮੂਨਿਆਂ ਦੀ ਜਾਂਚ ਰਿਪੋਰਟ ਮਿਲੀ ਹੈ, ਜਿਸ 'ਚ ਇਕ ਮਰੀਜ਼ 'ਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਜਦਕਿ ਇਕ ਨਮੂਨਾ ਰੀਜੈਕਟ ਹੋ ਗਿਆ ਹੈ ਅਤੇ ਬਾਕੀ ਦੇ 79 ਨਮੂਨੇ ਨੈਗੇਟਿਵ ਪਾਏ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪਾਜ਼ੀਟਿਵ ਪਾਇਆ ਗਿਆ ਮਰੀਜ਼ ਲੁਧਿਆਣਾ ਸਥਿਤ ਟਾਇਰਜ ਕੰਪਨੀ ਦਾ ਮੁਲਾਜ਼ਮ ਹੈ। ਲੁਧਿਆਣਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਦਾ ਅੰਕੜਾ 147 ਹੋ ਗਿਆ ਹੈ ਅਤੇ ਇਨ੍ਹਾਂ ਮਰੀਜ਼ਾਂ ਵਿਚੋਂ 24 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਜਦ ਕਿ 8 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਫ਼ਰੀਦਕੋਟ 'ਚ ਕੋਰੋਨਾ ਦਾ ਇੱਕ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ। ਫ਼ਰੀਦਕੋਟ ਦਾ ਇੱਕ ਟਰੱਕ ਡਰਾਈਵਰ ਜੋ ਜੰਮੂ ਗਿਆ ਸੀ, ਉਸ ਦਾ ਵਾਪਸੀ ਦੌਰਾਨ ਸੈਂਪਲ ਲਿਆ ਗਿਆ ਸੀ ,ਜੋ ਪਾਜ਼ੀਟਿਵ ਪਾਇਆ ਗਿਆ ਹੈ। ਇਸ ਦੌਰਾਨ 15 ਮਈ ਨੂੰ ਉਸ ਦੀ ਰਿਪੋਰਟ ਪਾਜ਼ੀਟਿਵ ਆਉਣ 'ਤੇ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਆਈਸੋਲੇਟ ਕਰ ਦਿੱਤਾ ਗਿਆ। ਸਿਹਤ ਵਿਭਾਗ ਦੇ ਸੂਤਰਾਂ ਮੁਤਾਬਕ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਕੁਆਰਟਾਈਨ ਕਰਨ ਤੋਂ ਇਲਾਵਾ ਉਸ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ।

-PTCNews

Related Post