ਇਤਿਹਾਸ ਦੇ ਪੰਨਿਆਂ 'ਚ ਦਰਜ ਹੋਇਆ ਅੱਜ ਦਾ ਦਿਨ ,ਪਾਕਿਸਤਾਨ ਵਾਲੇ ਪਾਸੇ ਪੁੱਜਾ ਪਹਿਲਾ ਜਥਾ

By  Shanker Badra November 9th 2019 02:21 PM -- Updated: November 9th 2019 02:23 PM

ਇਤਿਹਾਸ ਦੇ ਪੰਨਿਆਂ 'ਚ ਦਰਜ ਹੋਇਆ ਅੱਜ ਦਾ ਦਿਨ ,ਪਾਕਿਸਤਾਨ ਵਾਲੇ ਪਾਸੇ ਪੁੱਜਾ ਪਹਿਲਾ ਜਥਾ:ਕਰਤਾਰਪੁਰ ਸਾਹਿਬ : ਭਾਰਤ ਦੀਆਂ ਸਿੱਖ ਸੰਗਤਾਂ ਵੱਲੋਂ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਅੱਜ ਭਾਰਤ -ਪਾਕਿਸਤਾਨ ਵੱਲੋਂ ਖੋਲ੍ਹਿਆ ਗਿਆ ਹੈ। ਅੱਜ ਜਦੋਂ ਭਾਰਤ ਤੋਂ ਸ਼ਰਧਾਲੂਆਂ ਦਾ ਪਹਿਲਾ ਜੱਥਾ ਰਵਾਨਾ ਹੋਇਆ ਤਾਂ 72 ਸਾਲਾਂ ਤੋਂ ਕੀਤੀ ਜਾ ਰਹੀ ਸਿੱਖਾਂ ਦੀ ਅਰਦਾਸ ਪੂਰੀ ਹੋ ਗਈ। ਇਸ ਦੌਰਾਨ ਇਤਿਹਾਸਕ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਭਾਰਤ ਵਾਲੇ ਪਾਸੇਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਹੈ।

ਜਿਸ ਤੋਂ ਬਾਅਦ ਸ਼ਰਧਾਲੂਆਂ ਦਾ ਪਹਿਲਾਂ ਜਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ 'ਚ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਇਆ ਸੀ ,ਜੋ ਹੁਣ ਪਾਕਿਸਤਾਨ ਵਾਲੇ ਪਾਸੇ ਪੁੱਜ ਗਿਆ ਹੈ। ਇਸ ਜਥੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ , ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਓਲ ,ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਲਜ਼ਾਰ ਸਿੰਘ ਰਣੀਕੇ ,ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੰਗਤਾਂ ਸਮੇਤ ਸ਼ਾਮਿਲ ਹਨ।

ਭਾਰਤ -ਪਾਕਿਸਤਾਨ ਸਰਹੱਦ ਪਾਰ ਕਰ ਕੇ ਸਿਰਫ਼ ਸਾਢੇ ਚਾਰ ਕਿਲੋਮੀਟਰ ਦੀ ਦੂਰੀ ’ਤੇ ਪਾਕਿਸਤਾਨੀ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ’ਚ ਸਥਿਤ ਪਿੰਡ ਕਰਤਾਰਪੁਰ ਸਾਹਿਬ ਤੇ ਉੱਥੋਂ ਦਾ ਗੁਰੂ ਘਰ ਦਰਬਾਰ ਸਾਹਿਬ ਹੈ। ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ-ਪਾਕਿਸਤਾਨ ਦਰਮਿਆਨ ਇਹ ਇਤਿਹਾਸਕ ਪਲ ਇਤਿਹਾਸ ਦੇ ਪੰਨਿਆਂ 'ਚ ਦਰਜ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤ ਵਿੱਚ ਐਤਕੀਂ ਡਾਢਾ ਉਤਸ਼ਾਹ ਹੈ।

ਦੱਸ ਦੇਈਏ ਕਿ ਕਰਤਾਰਪੁਰ ਸਾਹਿਬ ਨੂੰ ਅਸਲ ਰੂਪ ਦੇ ਵਿੱਚ ਗੁਰਦੁਆਰਾ ਦਰਬਾਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਇਕ ਸਤਿਕਾਰਯੋਗ ਤੀਰਥ ਸਥਾਨ ਹੈ , ਜਿੱਥੇ ਬਾਬੇ ਨਾਨਕ ਨੇ ਆਪਣੀ ਜ਼ਿੰਦਗੀ ਦੇ ਅੰਤਿਮ 14 ਸਾਲ 1582 ਤੋਂ ਸੰਮਤ 1596 ਤੱਕ ਕਰਤਾਰਪੁਰ ਸਾਹਿਬ ਵਿਖੇ ਖੇਤੀਬਾੜੀ ਕਰਦਿਆਂ ਅਤੇ ਸੰਗਤਾਂ ਨੂੰ ਦਸਾਂ ਨਹੁੰਆਂ ਦੀ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦਾ ਉਪਦੇਸ਼ ਦਿੰਦਿਆਂ ਬਿਤਾਏ ਅਤੇ ਇਸੇ ਸਥਾਨ ‘ਤੇ ਹੀ ਉਹ ਸੰਮਤ 1596 ਈ: ਵਿਚ ਜੋਤੀ ਜੋਤ ਸਮਾ ਗਏ ਸਨ। ਇਸ ਕਰਕੇ ਸਿੱਖ ਸੰਗਤਾਂ ਅਤੇ ਸਮੂਹ ਗੁਰੂ ਨਾਨਕ ਨਾਮ ਲੇਵਾ ਲੋਕਾਂ ਵਿਚ ਇਸ ਸਥਾਨ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦੀ ਹਮੇਸ਼ਾ ਤੀਬਰ ਇੱਛਾ ਰਹੀ ਹੈ, ਜਿਹੜੀ ਕਿ ਹੁਣ ਪੂਰੀ ਹੋਣ ਜਾ ਰਹੀ ਹੈ।

-PTCNews

Related Post