Kisan Mahapanchayat: ਖੇਤੀ ਕਾਨੂੰਨ ਜਦ ਤੱਕ ਨਹੀਂ ਹੁੰਦੇ ਰੱਦ, ਕਿਸਾਨ ਨਹੀਂ ਜਾਣਗੇ ਵਾਪਸ

By  Riya Bawa September 5th 2021 03:59 PM -- Updated: September 5th 2021 04:29 PM

ਮੁਜ਼ੱਫ਼ਰਨਗਰ: ਖੇਤੀ ਕਾਨੂੰਨਾਂ ਖ਼ਿਲਾਫ਼ ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਵਿਚ ਕਿਸਾਨਾਂ ਦੀ ਮਹਾਪੰਚਾਇਤ ਚੱਲ ਰਹੀ ਹੈ। ਇਸ ਕਿਸਾਨ ਮਹਾ ਪੰਚਾਇਤ ਵਿਚ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਹੋਏ। ਇਸ ਦੌਰਾਨ ਕਿਸਾਨ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।

ਇਸ ਮੌਕੇ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਹਨਨ ਮੌਲਾ, ਜੋਗਿੰਦਰ ਯਾਦਵ, ਸ਼ਿਵ ਕੁਮਾਰ ਸਿੰਘ ਕੱਕਾ, ਬਲਬੀਰ ਸਿੰਘ ਡੱਲਵਾਲ, ਗੁਰਨਾਮ ਸਿੰਘ ਚਢੂਨੀ ਅਤੇ ਹੋਰ ਕਈ ਸਿਰਕੱਢ ਆਗੂ ਇਸ ਮਹਾਪੰਚਾਇਤ ਵਿੱਚ ਸ਼ਮੀਲ ਹੋਏ ਹਨ। ਇਸ ਮਹਾਪੰਚਾਇਤ ਵਿਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤਮਿਲਨਾਡੂ. ਕੇਰਲ ਅਤੇ ਕਰਨਟਾਕਟ ਸਣੇ ਕਈ ਸੂਬਿਆਂ ਤੋਂ ਲੋਕ ਪਹੁੰਚੇ ਹੋਏ ਹਨ।

ਪੜ੍ਹੋ ਕਿਸਾਨ ਆਗੂਆਂ ਦਾ ਸੰਬੋਧਨ

ਬਲਬੀਰ ਸਿੰਘ ਰਾਜੇਵਾਲ

ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਨਰਿੰਦਰ ਮੋਦੀ ਖੇਤੀ ਨੂੰ ਕਾਰਪੋਰੇਟ ਘਰਾਣਿਆਂ ਕੋਲ ਵੇਚਣਾ ਚਾਹੁੰਦੀ ਹੈ। ਇਸੇ ਲਈ 3 ਖੇਤੀ ਕਾਨੂੰਨ ਬਣਾਏ ਗਏ ਹਨ। “ਇਹ ਅੰਦੋਲਨ ਇਖਲਾਕੀ ਤੌਰ ਉੱਤੇ ਜਿੱਤ ਚੁੱਕਾ ਹੈ, ਪਰ ਸਰਕਾਰ ਗੈਰ-ਇਖਲਾਕੀ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਇਕੱਠ ਮੋਦੀ ਸਰਕਾਰ ਨੂੰ ਚੇਤਾਵਨੀ ਹੈ ਕਿ ਸੰਭਲ ਜਾਓ ਵਰਨਾ ਮਿਟਾ ਦਿੱਤੇ ਜਾਓਗੇ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ, ''ਅਸੀਂ ਲੋਕਾਂ ਨੂੰ ਇਹ ਸੰਦੇਸ਼ ਦੇਣ ਆਏ ਹਾਂ ਕਿ ਸਾਡਾ ਧਰਮ ਕਿਸਾਨੀ ਹੈ, ਸਾਡੀ ਜਾਤ ਕਿਸਾਨੀ ਹੈ, ਅਸੀਂ ਸਾਰੇ ਕਿਸਾਨ ਹਾਂ ਅਤੇ ਅਸੀਂ ਹੋਰ ਵੰਡੀਆਂ ਨਹੀਂ ਪੈਣ ਦਿਆਂਗੇ।''

ਰਾਕੇਸ਼ ਟਿਕੈਤ

ਕਿਸਾਨ ਮਹਾਂ ਪੰਚਾਇਤ ਵਿਚ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਅਸੀਂ ਧਰਨਾ ਸਥਾਨ ਨੂੰ ਨਹੀਂ ਛੱਡਾਂਗੇ ਭਾਵੇਂ ਸਾਡਾ ਕਬਰਸਤਾਨ ਉੱਥੇ ਹੀ ਬਣਾਇਆ ਜਾਵੇ,ਲੋੜ ਪੈਣ 'ਤੇ ਅਸੀਂ ਆਪਣੀ ਜਾਨ ਦੇ ਦੇਵਾਂਗੇ। ਪਰ ਜਦੋਂ ਤੱਕ ਅਸੀਂ ਜਿੱਤ ਪ੍ਰਾਪਤ ਨਹੀਂ ਕਰਦੇ, ਉਦੋਂ ਤੱਕ ਰੋਸ ਪ੍ਰਦਰਸ਼ਨ ਵਾਲੀ ਥਾਂ ਨਹੀਂ ਛੱਡਾਂਗੇ।

ਯੋਗਿੰਦਰ ਯਾਦਵ

ਕਿਸਾਨ ਮਹਾਂ ਪੰਚਾਇਤ ਨੂੰ ਸੰਬੋਧਨ ਕਰਦਿਆਂ ਯੋਗਿੰਦਰ ਯਾਦਵ ਨੇ ਸੂਬੇ ਦੀ ਯੋਗੀ ਸਰਕਾਰ ਤੇ ਤਨਜ਼ ਕਸੇ ਹਨ। ਉਨਾਂ ਨੇ ਸਵਾਲ ਕਰਦਿਆਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਸੱਤ ਹਜਾਰ ਦੋ ਸੌ ਪਚਾਨਵੇਂ ਕਰੋੜ ਰੁਪਏ ਪਿਛਲੇ ਸੀਜ਼ਨ ਦਾ ਪਿਆ ਹੈ। ਚਾਰ ਹਜ਼ਾਰ ਸੱਤ ਸੌ ਕਰੋੜ ਰੁਪਏ ਉਸ ਤੋਂ ਪਿਛਲੇ ਸੀਜ਼ਨ ਦਾ ਪਿਆ ਹੈ। ਹੋ ਗਏ 12 ਹਜ਼ਾਰ ਕਰੋੜ।(ਅਤੇ) ਬੀਜੇਪੀ ਨੇ ਕਿਹਾ ਸੀ ਕਿ ਅਸੀਂ ਤਾਂ ਕਿਸਾਨਾਂ ਨੂੰ ਬਕਾਏ 'ਤੇ ਵਿਆਜ ਵੀ ਦਵਾਵਾਂਗੇ। ਸੱਤ ਹਜ਼ਾਰ ਅੱਠ ਸੌ ਕਰੋੜ ਦਾ ਵਿਆਜ ਬਣ ਗਿਆ 20 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ।ਤਾਂ ਇਹ ਸਰਕਾਰ ਕਿਸਾਨਾਂ ਦਾ ਕਰਜ਼ ਮਾਫ਼ ਕਰਨ ਦੀ ਬਜਾਏ ਫ਼ਸਲ ਦੇ ਦਾਮ ਦੀ ਲੁੱਟ ਕਰ ਰਹੀ ਹੈ।

ਵਰੁਣ ਗਾਂਧੀ

ਵਰੁਣ ਗਾਂਧੀ ਨੇ ਕਿਸਾਨ ਮਹਾਂਪੰਚਾਇਤ ਦੀ ਹਮਾਇਤ ਵਿੱਚ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ- "ਅੱਜ ਲੱਖਾਂ ਕਿਸਾਨ ਮੁਜੱਫ਼ਰਨਗਰ ਵਿੱਚ ਵਿਰੋਧ ਵਿੱਚ ਇਕੱਠੇ ਹੋਏ। ਉਹ ਸਾਡੇ ਆਪਣੇ ਲਹੂ-ਮਾਸ ਹਨ। ਸਾਨੂੰ ਉਨ੍ਹਾਂ ਨਾਲ਼ ਸਨਮਾਨ ਪੂਰਬਕ ਤਰੀਕੇ ਨਾਲ਼ ਮੁੜ ਸੰਵਾਦ ਰਚਾਉਣਾ ਚਾਹੀਦਾ ਹੈ। ਉਨ੍ਹਾਂ ਦਾ ਦੁੱਖ ਸਮਝਣਾ ਪਵੇਗਾ, ਨਜ਼ਰੀਆ ਸਮਝਣਾ ਪਵੇਗਾ ਅਤੇ ਕਿਸੇ ਸਮਝੌਤੇ ਤੇ ਪਹੁੰਚਣ ਲਈ ਉਨ੍ਹਾਂ ਨਾਲ਼ ਮਿਲ ਕੇ ਕੰਮ ਕਰਨਾ ਪਵੇਗਾ।'

ਇਸ ਮੌਕੇ ਡਾਕਟਰ ਦਰਸ਼ਨਪਾਲ ਨੇ ਦੱਸਿਆ ਕਿ 25 ਤਾਰੀਕ ਨੂੰ ਹੋਣ ਵਾਲਾ ਭਾਰਤ ਬੰਦ ਦਾ ਪ੍ਰੋਗਰਾਮ ਅੱਗੇ ਪਾ ਕੇ 27 ਸਤੰਬਰ ਨੂੰ ਹੋਵੇਗਾ।

-PTC News

Related Post