ਤਾਲਾਬੰਦੀ ਸਹੀ ਦਵਾਈ ਹੈ ਪਰ ਇਸ ਦੇ ਬੁਰੇ ਪ੍ਰਭਾਵ ਦੁਖਦਾਈ ਹਨ: ਪ੍ਰਕਾਸ਼ ਸਿੰਘ ਬਾਦਲ

By  Shanker Badra April 15th 2020 07:34 PM

ਤਾਲਾਬੰਦੀ ਸਹੀ ਦਵਾਈ ਹੈ ਪਰ ਇਸ ਦੇ ਬੁਰੇ ਪ੍ਰਭਾਵ ਦੁਖਦਾਈ ਹਨ:ਪ੍ਰਕਾਸ਼ ਸਿੰਘ ਬਾਦਲ:ਚੰਡੀਗੜ੍ਹ : ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਦੇਸ਼ ਭਰ ਵਿਚ ਕੀਤੀ ਗਈ ਤਾਲਾਬੰਦੀ ਇੱਕ ਸਹੀ ਦਵਾਈ ਹੈ, ਪਰ ਇਸ ਦੇ ਬੁਰੇ ਪ੍ਰਭਾਵ ਬਹੁਤ ਦੁਖਦਾਈ ਹਨ, ਜਿਹਨਾਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਇਹ ਕਿਧਰੇ ਬੀਮਾਰੀ ਤੋਂ ਵੀ ਖਤਰਨਾਕ ਨਾ ਬਣ ਜਾਣ। ਉਹਨਾਂ ਕਿਹਾ ਕਿ ਇਹਨਾਂ ਬੁਰੇ ਪ੍ਰਭਾਵਾਂ ਤੋਂ ਸਭ ਤੋਂ ਵੱਧ ਗਰੀਬ ਖਾਸ ਕਰਕੇ ਦਿਹਾੜੀਦਾਰ ਪ੍ਰਭਾਵਿਤ ਹਨ, ਜਿਹਨਾਂ ਦੀ ਤੁਰੰਤ ਦੇਖਭਾਲ ਦੀ ਲੋੜ ਹੈ। ਉਹਨਾਂ ਕਿਹਾ ਕਿ ਭਾਵੇਂਕਿ ਬਾਕੀ ਘੱਟ ਆਮਦਨ ਵਾਲੇ ਗਰੁੱਪ ਵੀ ਜ਼ਿਆਦਾ ਪਿੱਛੇ ਨਹੀਂ ਹਨ। ਉਹਨਾਂ ਕਿਹਾ ਕਿ ਹੁਣ ਤਾਂ ਮੱਧ ਵਰਗ ਦੇ ਲੋਕਾਂ ਵਾਸਤੇ ਵੀ ਇਹਨਾਂ ਬੁਰੇ ਪ੍ਰਭਾਵਾਂ ਨਾਲ ਨਜਿੱਠਣਾ ਔਖਾ ਹੋਣਾ ਸ਼ੁਰੂ ਹੋ ਗਿਆ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਕੋਰੋਨਾ ਵਾਇਰਸ ਖਿਲਾਫ ਲੜਾਈ ਵਾਸਤੇ ਉਸੇ ਭਾਵਨਾ ਦੀ ਲੋੜ ਹੈ, ਜਿਸ ਤਰ੍ਹਾਂ ਦੀ ਭਾਵਨਾ ਲੋਕਾਂ ਅੰਦਰ ਭਾਰਤ ਦੇ ਆਜ਼ਾਦੀ ਅੰਦੋਲਨ ਦੌਰਾਨ ਵਿਖਾਈ ਦਿੱਤੀ ਸੀ, ਕਿਉੰਕਿ ਇਹ ਵੀ ਹਰ ਨਾਗਰਿਕ ਵਾਸਤੇ ਆਜ਼ਾਦੀ ਅੰਦੋਲਨ ਵਰਗੀ ਹੀ ਇੱਕ ਗੰਭੀਰ ਚੁਣੌਤੀ ਹੈ। ਸਰਦਾਰ ਬਾਦਲ ਨੇ ਉਹਨਾਂ ਲੋਕਾਂ ਦੁਆਰਾ ਵਿਖਾਈ ਰਾਸ਼ਟਰੀ ਜ਼ਿੰਮੇਵਾਰੀ ਦੀ ਭਾਵਨਾ ਦੀ ਸ਼ਲਾਘਾ ਕੀਤੀ, ਜਿਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਖੀ ਗਈ ਹਰ ਗੱਲ ਦੀ ਪੂਰੀ ਤਨਦੇਹੀ ਨਾਲ ਪਾਲਣਾ ਕੀਤੀ ਹੈ। ਉਹਨਾਂ ਕਿਹਾ ਕਿ ਲੋਕਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਹੁਣ ਸਰਕਾਰਾਂ ਦੀ ਵਾਰੀ ਹੈ ਕਿ ਉਹ ਲੋਕਾਂ ਦੀਆਂ ਤਕਲੀਫਾਂ ਵੱਲ ਪੂਰੀ ਤਰ੍ਹਾਂ ਧਿਆਨ ਦੇਣ।

ਸਾਬਕਾ ਮੁੱਖ ਮੰਤਰੀ ਨੇ ਆਸ ਪ੍ਰਗਟ ਕੀਤੀ ਕਿ ਇਸ ਮਹਾਂਮਾਰੀ ਉੱਤੇ ਧਿਆਨ ਕੇਂਦਰਿਤ ਹੋਣ ਦੇ ਬਾਵਜੂਦ ਪੁਰਾਣੇ ਰੋਗਾਂ ਤੋਂ ਪੀੜਤ ਆਮ ਲੋਕਾਂ ਲਈ ਸਿਹਤ ਸਹੂਲਤਾਂ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਭੁੱਖਮਰੀ ਤੇ ਗਰੀਬੀ, ਬੇਰੁਜ਼ਗਾਰੀ ਅਤੇ ਆਰਥਿਕ ਮੰਦੀ ਨੂੰ ਇਸ ਮਹਾਂਮਾਰੀ ਦੇ ਤਿੰਨ ਮੌਜੂਦਾ, ਦਰਮਿਆਨੇ ਅਤੇ ਦੂਰਗਾਮੀ ਬੁਰੇ ਪ੍ਰਭਾਵ ਕਰਾਰ ਦਿੰਦਿਆਂ ਸਰਦਾਰ ਬਾਦਲ ਨੇ ਇਹਨਾਂ ਤਿੰਨਾਂ ਦਾ ਮੁਕਾਬਲਾ ਕਰਨ ਲਈ ਇੱਕ ਠੋਸ ਰਣਨੀਤੀ ਘੜਣ ਦਾ ਸੱਦਾ ਦਿੱਤਾ।

ਸਾਬਕਾ ਮੁੱਖ ਮੰਤਰੀ ਨੇ ਅੱਜ ਐਲਾਨੀਆਂ ਪਾਬੰਦੀਆਂ 'ਚ ਛੋਟ ਦੀਆਂ ਸ਼ਰਤਾਂ ਦਾ ਸਵਾਗਤ ਕੀਤਾ, ਪਰ ਨਾਲ ਲੋਕਾਂ ਖਾਸ ਕਰਕੇ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਹੋਰ ਖੇਤਰਾਂ ਵਿਚ ਕੰਮ ਕਰਨ ਵਾਲੇ ਕਾਮਿਆਂ ਨੂੰ ਬਹੁਤ ਹੀ ਚੌਕਸ ਰਹਿਣ ਅਤੇ ਸਰਕਾਰ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਅਤੇ ਸਤਿਕਾਰ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਤੁਹਾਡੀਆਂ ਅਤੇ ਤੁਹਾਡੇ ਪਰਿਵਾਰਾਂ ਦੀ ਜ਼ਿੰਦਗੀਆਂ ਦਾਅ ਉੱਤੇ ਲੱਗੀਆਂ ਹਨ। ਸਰਦਾਰ ਬਾਦਲ ਨੇ ਕਿਹਾ ਕਿ ਉਹ ਮਹਾਂਮਾਰੀ ਖ਼ਿਲਾਫ ਲੜਾਈ ਲੜਣ ਵਾਲੇ ਉਹਨਾਂ ਯੋਧਿਆਂ ਖਾਸ ਕਰਕੇ ਡਾਕਟਰਾਂ, ਨਰਸਾਂ, ਸਿਹਤ ਕਾਮਿਆਂ, ਪੁਲਿਸ ਅਤੇ ਸਿਵਲ ਪ੍ਰਸਾਸ਼ਨ ਨੂੰ ਸਲਾਮ ਕਰਦੇ ਹਨ, ਜਿਹੜੇ ਜੰਗ ਦੇ ਮੈਦਾਨ ਵਿਚ ਖੜ੍ਹੇ ਹੋ ਕੇ ਆਪਣੀਆਂ ਜ਼ਿੰਦਗੀਆਂ ਖਤਰੇ ਵਿਚ ਪਾ ਰਹੇ ਹਨ ਜਦਕਿ ਅਸੀਂ ਆਪਣੇ ਘਰਾਂ ਅੰਦਰ ਬੈਠੇ ਹਾਂ। ਉਹਨਾਂ ਕਿਹਾ ਕਿ ਉਹ ਬਹੁਤ ਵੱਡੇ ਸਤਿਕਾਰ ਅਤੇ ਸ਼ੁਕਰਾਨੇ ਦੇ ਹੱਕਦਾਰ ਹਨ।

ਇੱਥੇ ਜਾਰੀ ਕੀਤੇ ਇੱਕ ਬਿਆਨ ਵਿਚ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਕੋਲ ਸਖ਼ਤ ਤਾਲਾਬੰਦੀ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਸੀ ਬਚਿਆ। ਉਹਨਾਂ ਕਿਹਾ ਕਿ ਪਰੰਤੂ ਗਰੀਬਾਂ ਲਈ ਬਿਨਾਂ ਆਮਦਨ ਤੋਂ 6 ਹਫ਼ਤੇ ਗੁਜ਼ਾਰਾ ਕਰਨਾ ਬਹੁਤ ਔਖਾ ਹੈ, ਖਾਸ ਕਰਕੇ ਉਹਨਾਂ ਹਾਲਾਤਾਂ ਵਿਚ ਜਦੋਂ ਉਹਨਾਂ ਨੂੰ ਘਰ ਬੈਠਿਆਂ ਰਾਸ਼ਨ ਦੀ ਸਪਲਾਈ ਨਾ ਮਿਲਦੀ ਹੋਵੇ। ਉਹਨਾਂ ਕਿਹਾ ਕਿ ਆਮ ਹਾਲਾਤਾਂ ਵਿਚ ਵੀ ਗਰੀਬਾਂ ਨੂੰ ਕਿੰਨੀਆਂ ਤਕਲੀਫਾਂ ਝੱਲਣੀਆਂ ਪੈਂਦੀਆਂ ਹਨ, ਸਾਡੇ ਵਿਚੋਂ ਬਹੁਤਿਆਂ ਨੂੰ ਇਸ ਦਾ ਇਲਮ ਨਹੀਂ ਹੈ। ਪਰੰਤੂ ਹੁਣ ਤਾਂ ਉਹਨਾਂ ਦੀ ਹਾਲਤ ਬਹੁਤ ਹੀ ਮਾੜੀ ਹੈ, ਜਿਸ ਵੱਲ ਰਾਸ਼ਟਰ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ। ਬਾਕੀ ਸਾਰੀਆਂ ਚੀਜ਼ਾਂ ਇੰਤਜ਼ਾਰ ਕਰ ਸਕਦੀਆਂ ਹਨ।

ਸਰਦਾਰ ਬਾਦਲ ਨੇ ਕਿਹਾ ਕਿ ਸਰਕਾਰਾਂ ਨੂੰ ਇਸ ਔਖੇ ਸਮੇਂ ਵਿਚ ਆਪਣੇ ਪਰਿਵਾਰਾਂ ਸਮੇਤ ਘਰਾਂ ਅੰਦਰ ਬੰਦ ਹੋਏ ਬੈਠੇ ਕਰੋੜਾਂ ਲੋਕਾਂ ਦੀਆਂ ਕੁਦਰਤੀ ਲੋੜਾਂ ਨੂੰ ਸਮਝਣਾ ਚਾਹੀਦਾ ਹੈ। ਸਰਕਾਰਾਂ ਨੂੰ ਪਰਵਾਸੀ ਮਜ਼ਦੂਰਾਂ ਨੂੰ ਵਾਪਸ ਆਪਣੇ ਘਰਾਂ ਵਿਚ ਜਾਣ ਲਈ ਯਾਤਰਾ ਦਾ ਸੁਰੱਖਿਅਤ ਸਾਧਨ ਪ੍ਰਦਾਨ ਕਰਨਾ ਚਾਹੀਦਾ ਹੈ। ਸਰਦਾਰ ਬਾਦਲ ਨੇ ਬੇਰੁਜ਼ਗਾਰੀ ਨਾਲ ਲੜਾਈ ਨੂੰ ਇੱਕ ਬੇਹੱਦ ਜਰੂਰੀ ਦੂਰਗਾਮੀ ਯੋਜਨਾ ਕਰਾਰ ਦਿੱਤਾ। ਉਹਨਾਂ ਕਿਹਾ ਕਿ ਉਹਨਾਂ ਨੂੰ ਭਰੋਸਾ ਹੈ ਕਿ ਪ੍ਰਧਾਨ ਮੰਤਰੀ ਅਰਥ ਵਿਵਸਥਾ ਨੂੰ ਮੁੜ ਤੋਂ ਪੈਰਾਂ ਉੱਤੇ ਖੜ੍ਹਾ ਕਰਨ ਲਈ ਚੋਟੀ ਦੇ ਅਰਥ ਸਾਸ਼ਤਰੀਆਂ ਅਤੇ ਬਾਕੀ ਹਿੱਸੇਦਾਰਾਂ ਨਾਲ ਰਾਬਤਾ ਬਣਾਉਣਗੇ।

ਸਰਦਾਰ ਬਾਦਲ ਨੇ ਕਿਹਾ ਕਿ ਖੇਤੀਬਾੜੀ ਅਤੇ ਸਹਾਇਕ ਧੰਦੇ ਸਾਡੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ। ਉਹਨਾਂ ਕਿਹਾ ਕਿ ਸਰਕਾਰ ਦੁਆਰਾ ਐਲਾਨੇ ਜਾਣ ਵਾਲੇ ਰਾਹਤ ਪੈਕਜਾਂ ਵਿਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਰਾਹਤ ਦਿੱਤੇ ਬਿਨਾਂ ਅਰਥ ਵਿਵਸਥਾ ਵਿਚ ਮੁੜ ਤੋਂ ਜਾਨ ਪੈਣੀ ਸੰਭਵ ਨਹੀਂ ਹੈ। ਸਰਦਾਰ ਬਾਦਲ ਨੇ ਕਣਕ ਦੀ ਫਸਲ ਦੀ ਨਿਰਵਿਘਨ ਕਟਾਈ ਅਤੇ ਖਰੀਦ ਨੂੰ ਯਕੀਨੀ ਬਣਾਉਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਟਾਈ ਅਤੇ ਖਰੀਦ ਦੌਰਾਨ ਕਿਸੇ ਵੀ ਵਿਅਕਤੀ ਦੀ ਖੱਜਲਖੁਆਰੀ ਨਾ ਹੋਵੇ।

ਸਰਦਾਰ ਬਾਦਲ ਨੇ ਕੇਂਦਰ ਸਰਕਾਰ ਨੂੰ ਕਣਕ ਉੱਤੇ ਬੋਨਸ ਦੇਣ ਦੀ ਵੀ ਅਪੀਲ ਕੀਤੀ। ਉਹਨਾਂ ਕਿਹਾ ਕਿ ਇਸਤੋਂ ਇਲਾਵਾ ਸਰਕਾਰ ਨੂੰ ਖੇਤੀ ਲਾਗਤ ਉੱਤੇ ਸਬਸਿਡੀ ਦੇਣ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਹੈ।ਸਰਦਾਰ ਬਾਦਲ ਨੇ ਕਿਹਾ ਕਿ ਖੇਤੀ ਅਤੇ ਸਹਾਇਕ ਧੰਦਿਆਂ ਵਾਸਤੇ ਦਿੱਤੀ ਗਈ ਸਰਕਾਰੀ ਰਾਹਤ ਸਿੱਧੀ ਕਿਸਾਨਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਦੁੱਧ ਅਤੇ ਪੋਲਟਰੀ ਦੀਆਂ ਡਿੱਗ ਰਹੀਆਂ ਕੀਮਤਾਂ ਉੱਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਦੁੱਧ ਅਤੇ ਮੁਰਗੀ ਪਾਲਣ ਦੇ ਧੰਦਿਆਂ ਨੂੰ ਬਚਾਉਣ ਲਈ ਸਰਕਾਰ ਨੂੰ ਤੁਰੰਤ ਦਖ਼ਲ ਦੇਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਬਿਜ਼ਨਸ, ਵਪਾਰ ਅਤੇ ਉਦਯੋਗ ਵੱਲ ਧਿਆਨ ਦੇਣ ਦੀ ਲੋੜ ਹੈ, ਪਰ ਦੇਸ਼ ਦੀ ਅਰਥ ਵਿਵਸਥਾ ਨੂੰ ਮੁੜ ਲੀਹ ਉੱੇਤੇ ਲਿਆਉਣ ਦਾ ਅਸਲੀ ਰਸਤਾ ਦੇਸ਼ ਦੇ ਖੇਤਾਂ ਅਤੇ ਕਿਸਾਨਾਂ ਕੋਲ ਦੀ ਹੋ ਕੇ ਲੰਘਦਾ ਹੈ।

-PTCNews

Related Post