ਅਮਰੀਕਾ ’ਚ ਜੌਰਜ ਫਲਾਇਡ ਦੀ ਮੌਤ ਤੋਂ ਬਾਅਦ ਹਿੰਸਕ ਪ੍ਰਦਰਸ਼ਨ ਜਾਰੀ, ਮਹਾਤਮਾ ਗਾਂਧੀ ਦਾ ਤੋੜਿਆ ਬੁੱਤ

By  Shanker Badra June 4th 2020 01:12 PM

ਅਮਰੀਕਾ ’ਚ ਜੌਰਜ ਫਲਾਇਡ ਦੀ ਮੌਤ ਤੋਂ ਬਾਅਦ ਹਿੰਸਕ ਪ੍ਰਦਰਸ਼ਨ ਜਾਰੀ, ਮਹਾਤਮਾ ਗਾਂਧੀ ਦਾ ਤੋੜਿਆ ਬੁੱਤ:ਵਾਸ਼ਿੰਗਟਨ : ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਸਥਿਤ ਭਾਰਤੀ ਦੂਤਘਰ ਦੇ ਬਾਹਰ ਸਥਾਪਤ ਮਹਾਤਮਾ ਗਾਂਧੀ ਦੇ ਬੁੱਤ ਨਾਲ ਅਣਪਛਾਤੇ ਹਿੰਸਕ ਪ੍ਰਦਰਸ਼ਨਕਾਰੀਆਂ ਨੇ ਭੰਨ-ਤੋੜ ਕੀਤੀ ਹੈ। ਹੁਣ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖ਼ਰ ਉਹ ਪ੍ਰਦਰਸ਼ਨਕਾਰੀ ਕੌਣ ਸਨ, ਜਿਨ੍ਹਾਂ ਨੇ ਇਸ ਘਿਨਾਉਣੇ ਕਾਰੇ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਫ਼ਰੀਕੀ-ਅਮਰੀਕੀ ਜੌਰਜ ਫਲਾਇਡ ਦੀ ਪੁਲਿਸ ਹਿਰਾਸਤ ਵਿੱਚ ਮੌਤ ਤੋਂ ਬਾਅਦ ਕਈ ਸੂਬਿਆਂ 'ਚ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ। ਹਾਲਤ ਇਨੀਂ ਖਰਾਬ ਹੋ ਗਈ ਹੈ ਕਿ ਇਸ ਦੀ ਅੱਗ ਵ੍ਹਾਈਟ ਹਾਊਸ ਤੱਕ ਵੀ ਪਹੁੰਚ ਚੁੱਕੀ ਹੈ। ਪ੍ਰਦਰਸ਼ਨਕਾਰੀਆਂ ਨੇ ਵਾਸ਼ਿੰਗਟਨ ਡੀਸੀ 'ਚ ਵ੍ਹਾਈਟ ਹਾਊਸ ਦੇ ਨਜ਼ਦੀਕ ਇਕ ਇਤਿਹਾਸਕ ਚਰਚ ਨੂੰ ਵੀ ਅੱਗ ਹਵਾਲੇ ਕਰ ਦਿੱਤਾ ਸੀ।

ਇਸੇ ਦੌਰਾਨ ਭਾਰਤ 'ਚ ਅਮਰੀਕੀ ਰਾਜਦੂਤ ਨੇ ਮਹਾਤਮਾ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ 'ਤੇ ਮਾਫ਼ੀ ਮੰਗੀ ਹੈ। ਭਾਰਤ 'ਚ ਅਮਰੀਕੀ ਰਾਜਦੂਤ ਕੇਨ ਜਸਟਰ ਨੇ ਕਿਹਾ, ਵਾਸ਼ਿੰਗਟਨ 'ਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਘਟਨਾ 'ਤੇ ਅਸੀ ਮਾਫ਼ੀ ਮੰਗਦੇ ਹਾਂ। ਇਸ ਦੇ ਨਾਲ ਦੀ ਉਨ੍ਹਾਂ ਕਿਹਾ ਕਿ ਜੌਰਜ ਦੀ ਮੌਤ ਤੋਂ ਬਾਅਦ ਭੜਕੀ ਹਿੰਸਾ ਤੋਂ ਅਸੀਂ ਦੁਖੀ ਹਾਂ।

ਪੁਲਿਸ ਨੇ ਫਿਲਹਾਲ ਸਪੱਸ਼ਟ ਨਹੀਂ ਕੀਤਾ ਹੈ ਕਿ ਮਹਾਤਮਾ ਗਾਂਧੀ ਦਾ ਬੁੱਤ ਤੋੜਨ ਪਿੱਛੇ ਕਿਹੜੇ ਲੋਕਾਂ ਦਾ ਹੱਥ ਹੈ। ਅਜਿਹਾ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪ੍ਰਦਰਸ਼ਨ ਦੌਰਾਨ ਕੁਝ ਅਰਾਜਕ ਤੱਤਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੋਵੇਗਾ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕਰਨ ਤੋਂ ਬਾਅਦ ਸਚਾਈ ਸਾਹਮਣੇ ਆਵੇਗੀ, ਉਸ ਤੋਂ ਪਹਿਲਾਂ ਕੁਝ ਵੀ ਕਹਿਣਾ ਸੰਭਵ ਨਹੀਂ।

-PTCNews

Related Post