ਕਮਲਨਾਥ ਨੂੰ 1984 ਦੇ ਸਿੱਖ ਕਤਲੇਆਮ ਮਾਮਲੇ 'ਚ ਨਿਭਾਈ ਭੂਮਿਕਾ ਬਦਲੇ ਸਜ਼ਾ ਦੁਆ ਕੇ ਰਹਾਂਗੇ : ਮਨਜਿੰਦਰ ਸਿਰਸਾ

By  Jashan A September 9th 2019 06:03 PM

ਕਮਲਨਾਥ ਨੂੰ 1984 ਦੇ ਸਿੱਖ ਕਤਲੇਆਮ ਮਾਮਲੇ 'ਚ ਨਿਭਾਈ ਭੂਮਿਕਾ ਬਦਲੇ ਸਜ਼ਾ ਦੁਆ ਕੇ ਰਹਾਂਗੇ : ਮਨਜਿੰਦਰ ਸਿਰਸਾ

ਕੇਸ ਦੇ ਗਵਾਹਾਂ ਲਈ ਸੁਰੱਖਿਆ ਅਤੇ ਕਮਲਨਾਥ ਤੋਂ ਅਸਤੀਫੇ ਦੀ ਕੀਤੀ ਮੰਗ

ਚੰਡੀਗੜ੍ਹ: ਆਖਿਰਕਾਰ ਸਿੱਖ ਭਾਈਚਾਰੇ ਨੂੰ ਉਦੋਂ ਵੱਡੀ ਰਾਹਤ ਮਿਲੀ ਜਦੋਂ 1984 ਦੇ ਸਿੱਖ ਕਤਲੇਆਮ ਕੇਸਾਂ ਦੀ ਮੁੜ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀਮ) ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਖਿਲਾਫ ਕੇਸ ਮੁੜ ਖੋਲ੍ਹ ਦਿੱਤਾ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਤੇ ਹੋਰ ਆਗੂਆਂ ਨੇ ਕੀਤਾ ਹੈ।

ਇਹਨਾਂ ਸਿੱਖ ਆਗੂਆਂ ਨੇ ਦੱਸਿਆ ਕਿ ਐਸ ਆਈ ਟੀ ਨੇ ਪਾਰਲੀਮੈਂਟ ਸਟ੍ਰੀਟ ਪੁਲਿਸ ਥਾਣੇ ਵਿਚ ਦਰਜ ਹੋਇਆ ਕੇਸ ਨੰਬਰ 601/84 ਮੁੜ ਜਾਂਚ ਲਈ ਖੋਲ੍ਹ ਦਿੱਤਾ ਹੈ। ਇਹ ਮਾਮਲਾ 1984 ਵਿਚ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹੋਏ ਕਤਲੇਆਮ ਨਾਲ ਸਬੰਧਤ ਹੈ। ਐਸ ਆਈ ਟੀ ਨੇ ਇਹ ਕੇਸ ਅਤੇ ਹੋਰ ਕੇਸ ਮੁੜ ਖੋਲ੍ਹੇ ਜਾਣ ਦਾ ਨੋਟਿਸ ਅਖਬਾਰਾਂ ਵਿਚ ਛਪਵਾ ਕੇ ਵਿਅਕਤੀਆਂ, ਵਿਅਕਤੀਆਂ ਦੇ ਸਮੂਹ, ਐਸੋਸੀਏਸ਼ਨਾਂ, ਸੰਸਥਾਵਾਂ ਤੇ ਜਥੇਬੰਦੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਹਨਾਂ ਕੇਸਾਂ ਸਬੰਧੀ ਕੋਈ ਵੀ ਜਾਣਕਾਰੀ ਉਸ ਨਾਲ ਸਾਂਝੀ ਕਰਨ।

ਸਿਰਸਾ ਨੇ ਦੱਸਿਆ ਕਿ ਕੇਸ ਨੰਬਰ 601/84 ਵਿਚ ਦੋ ਗਵਾਹ ਮੁਖਤਿਆਰ ਸਿੰਘ ਤੇ ਸਾਬਕਾ ਪੱਤਰਕਾਰ ਸੰਜੇ ਸੂਰਜੀ ਹਨ ਜਿਹਨਾਂ ਨੇ ਨਾਨਾਵਤੀ ਕਮਿਸ਼ਨ ਅੱਗੇ ਹਲਫੀਆ ਬਿਆਨ ਦਾਇਰ ਕਰ ਕੇ ਕਮਲਨਾਥ ਤੇ ਵਸੰਤ ਸਾਠੇ ਵੱਲੋਂ 1984 ਸਿੱਖਕਤਲੇਆਮ ਵਿਚ ਨਿਭਾਈ ਭੂਮਿਕਾ ਦਾ ਖੁਲ੍ਹਾਸਾ ਕੀਤਾ ਸੀ। ਉਹਨਾਂ ਨੇ ਹਲਫੀਆ ਬਿਆਂਨਾਂ ਵਿਚ ਦੱਸਿਆ ਕਿ ਕਿਵੇਂ ਕਮਲਨਾਥ ਨੇ 1984 ਦੇ ਸਿੱਖ ਕਤਲੇਆਮ ਦੌਰਾਨ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਭੀੜ (ਜੋ ਕਿ ਕਾਂਗਰਸੀਆਂ ਦਾ ਟੋਲਾ ਸੀ) ਨੂੰ ਹਦਾਇਤਾਂ ਦੇ ਕੇ ਸਿੱਖਾਂ ਦਾ ਕਤਲੇਆਮ ਕਰਵਾਇਆ। ਉਹਨਾਂ ਦੱਸਿਆ ਕਿ ਇਹ ਕੇਸ ਤਕਨੀਕੀ ਕਾਰਨਾਂ ਕਰ ਕੇ ਬੰਦ ਕਰ ਦਿੱਤਾ ਗਿਆ ਸੀ ਤੇ ਕਮਲਨਾਥ ਦਾ ਨਾਮ ਜਾਣ ਬੁੱਝ ਕੇ ਬਾਹਰ ਰੱਖਿਆ ਗਿਆ ਸੀ।

ਸਿਰਸਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਗ੍ਰਹਿ ਮੰਤਰਾਲੇ ਤੋਂ ਨਵੇਂ ਸਿਰੇ ਤੋਂ ਨੋਟੀਫਿਕੇਸ਼ਨ ਜਾਰੀ ਕਰਵਾਉਣ ਵਿਚ ਅਹਿਮ ਭੂਮਿਕਾ ਅਦਾ ਕੀਤੀ। ਇਸ ਨੋਟੀਫਿਕੇਸ਼ਨ ਰਾਹੀਂ ਐਸ ਆਈ ਟੀ ਨੂੰ ਉਹਨਾਂ ਕੇਸਾਂ ਦੀ ਵੀ ਮੁੜ ਜਾਂਚ ਕਰਨ ਦਾ ਅਧਿਕਾਰ ਮਿਲਿਆ ਜਿਹਨਾਂ ਵਿਚ ਚਾਰਜਸ਼ੀਟ ਫਾਈਲ ਹੋ ਚੁੱਕੀ ਸੀ ਜਾਂ ਅਦਾਲਤ ਵੱਲੋਂ ਫੈਸਲਾ ਸੁਣਾਇਆ ਜਾ ਚੁੱਕਾ ਸੀ।

ਨੋਟੀਫਿਕੇਸ਼ਨ ਜਾਰੀ ਹੋਣ ਮਗਰੋਂ ਉਹਨਾਂ ਨੇ (ਸਿਰਸਾ ਨੇ) ਐਸ ਆਈ ਟੀ ਦੇ ਮੁਖੀ ਨਾਲ ਮੁਲਾਕਾਤ ਕੀਤੀ ਤੇ ਨਵੇਂ ਨੋਟੀਫਿਕੇਸ਼ਨ ਦੀ ਰੋਸ਼ਨੀ ਵਿਚ ਕੇਸ ਨੰਬਰ 601/84 ਮੁੜ ਖੋਲ੍ਹੇ ਜਾਣ ਦੀ ਮੰਗ ਕੀਤੀ ਅਤੇ ਹੁਣ ਐਸ ਆਈ ਟੀ ਨੇ ਇਹ ਕੇਸ ਨੰਬਰ 601/84 ਅਤੇ ਹੋਰ ਕੇਸ ਮੁੜ ਖੋਲ੍ਹ ਦਿੱਤੇ ਹਨ। ਉਹਨਾਂ ਕਿਹਾ ਕਿ ਪਹਿਲਾਂ ਸੱਜਣ ਕੁਮਾਰ ਜੇਲ੍ਹ ਗਿਆ ਸੀ ਅਤੇ ਹੁਣ ਕਮਲਨਾਥ ਦੀ ਵਾਰੀ ਹੈ ਤੇ ਫਿਰ ਜਗਦੀਸ਼ ਟਾਈਟਲਰ ਦਾ ਵੀ ਇਹੀ ਹਸ਼ਰ ਹੋਵੇਗਾ।

ਸਿਰਸਾ ਤੇ ਕਾਲਕਾ ਨੇ ਮੰਗ ਕੀਤੀ ਕਿ ਐਸ ਆਈ ਟੀ ਵੱਲੋਂ ਕੇਸ ਮੁੜ ਖੋਲ੍ਹੇ ਜਾਣ ਨੂੰ ਧਿਆਨ ਵਿਚ ਰੱਖਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਕਮਲਨਾਥ ਤੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਤੁਰੰਤ ਅਸਤੀਫਾ ਲੈਣ ਕਿਉਂਕਿ ਮੁੱਖ ਮੰਤਰੀ ਦੀ ਕੁਰਸੀ ’ਤੇ ਹੁੰਦਿਆਂ ਉਹ ਜਾਂਚ ਨੂੰ ਪ੍ਰਭਾਵਤ ਕਰ ਸਕਦੇ ਹਨ ਅਤੇ ਗਵਾਹਾਂ ਨੂੰ ਧਮਕਾ ਸਕਦੇ ਹਨ।

ਉਹਨਾਂ ਇਹ ਵੀ ਮੰਗ ਕੀਤੀ ਕਿ ਦੋ ਗਵਾਹਾਂ ਨੂੰ ਤੁਰੰਤ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਕਿਉਂਕਿ ਉਹ ਦੋਵੇਂ ਐਸ ਆਈ ਟੀ ਅੱਗੇ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਉਣ ਲਈ ਤਿਆਰ ਹਨ। ਉਹਨਾਂ ਨੇ ਸਮਾਜ ਦੇ ਮੈਂਬਰਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਕੋਈ ਸਬੂਤ ਹੈ ਜਾਂ ਗਵਾਹ ਹੈ ਅਤੇ ਉਹ ਐਸ ਆਈ ਟੀ ਕੋਲ ਕਿਸੇ ਵੀ ਮਾਮਲੇ ਵਿਚ ਪੇਸ਼ ਹੋਣ ਨੂੰ ਤਿਆਰ ਹੈ ਤਾਂ ਉਹ ਅੱਗੇ ਆਵੇ ਦਿੱਲੀ ਗੁਰਦੁਆਰਾ ਕਮੇਟੀ ਹਰ ਤਰ੍ਹਾਂ ਦੀ ਕਾਨੂੰਨੀ ਮਦਦ ਦੇ ਨਾਲ ਨਾਲ ਅਜਿਹੇ ਵਿਅਕਤੀ ਦੀ ਸੁਰੱਖਿਆ ਦਾ ਵੀ ਪ੍ਰਬੰਧ ਕਰੇਗੀ।

-PTC News

Related Post