ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਪਿਤਾ ਸ. ਗੁਰਦਾਸ ਸਿੰਘ ਬਾਦਲ ਜੀ ਦੇ ਅੰਤਿਮ ਸਸਕਾਰ 'ਤੇ ਲੋਕਾਂ ਨੂੰ ਨਾ ਆਉਣ ਦੀ ਕੀਤੀ ਅਪੀਲ

By  Shanker Badra May 15th 2020 12:31 PM

ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਪਿਤਾ ਸ. ਗੁਰਦਾਸ ਸਿੰਘ ਬਾਦਲ ਜੀ ਦੇ ਅੰਤਿਮ ਸਸਕਾਰ 'ਤੇ ਲੋਕਾਂ ਨੂੰ ਨਾ ਆਉਣ ਦੀ ਕੀਤੀ ਅਪੀਲ:ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਜੀ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਲੰਬੇ ਸਮੇਂ ਤੋਂ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸਨ। 88 ਸਾਲਾ ਗੁਰਦਾਸ ਸਿੰਘ ਬਾਦਲ ਨੇ ਵੀਰਵਾਰ ਦੇਰ ਰਾਤ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਆਖਰੀ ਸਾਹ ਲਏ ਹਨ।

ਇਸ ਦੌਰਾਨ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਉਹ ਉਹਨਾਂ ਦੇ ਪਿਤਾ ਗੁਰਦਾਸ ਸਿੰਘ ਬਾਦਲ ਦੇ ਅੰਤਿਮ ਸਸਕਾਰ 'ਤੇ ਨਾ ਆਉਣ। ਇਸ ਮੌਕੇ ਨਿੱਜੀ ਪਰਿਵਾਰ ਤੋਂ ਇਲਾਵਾ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਸਸਕਾਰ ਵਿਚ ਸ਼ਾਮਲ ਹੋਣ ਤੋਂ ਗੁਰੇਜ਼ ਕਰਨ।

ਮਨਪ੍ਰੀਤ ਸਿੰਘ ਬਾਦਲ ਨੇ ਫੇਸਬੁੱਕ 'ਤੇ ਇੱਕ ਵੀਡੀਓ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਬਹੁਤ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਮੇਰੇ ਪਿਤਾ ਜੀ ਸ. ਗੁਰਦਾਸ ਸਿੰਘ ਬਾਦਲ ਜੀ ਅਕਾਲ ਚਲਾਣਾ ਕਰ ਗਏ ਹਨ ।ਅਜਿਹੇ ਸਮੇਂ ਇਕ ਦੂਜੇ ਦਾ ਸਾਥ ਮਨ ਨੂੰ ਧਰਵਾਸ ਦਿੰਦਾ ਹੈ ਪਰ ਕਿਉਂਕਿ ਕੋਵਿਡ 19 ਮਹਾਮਾਰੀ ਦਾ ਸੰਕਟ ਸਾਡੇ ਸਭ ਤੇ ਛਾਇਆ ਹੋਇਆ ਹੈ। ਅਜਿਹੇ ਵਿਚ ਕਿਸੇ ਤਰਾਂ ਵੀ ਇੱਕਠੇ ਹੋਣਾ ਸਭ ਦੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ।

ਇਸ ਲਈ ਤੁਹਾਡੀ ਸਭ ਦੀ ਸਿਹਤ ਸੁਰੱਖਿਆ ਦੇ ਮੱਦੇਨਜਰ ਮੈਂ ਭਰੇ ਮਨ ਨਾਲ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸਸਕਾਰ ਤੇ ਪਹੁੰਚਣ ਦੀ ਖੇਚਲ ਨਾ ਕਰੋ। ਅਸੀਂ ਸੰਚਾਰ ਸਾਧਨਾਂ ਨਾਲ ਇਕ ਦੂਜੇ ਨਾਲ ਜੁੜੇ ਹੋਏ ਹਾਂ ਅਤੇ ਤੁਹਾਡੇ ਸਭ ਦੇ ਪਿਆਰ ਅਤੇ ਸਤਿਕਾਰ ਲਈ ਮੇਰਾ ਪਰਿਵਾਰ ਹਮੇਸ਼ਾ ਆਪ ਦਾ ਰਿਣੀ ਹੈ।ਉਹਨਾਂ ਦਾ ਸਸਕਾਰ ਅੱਜ ਸਾਡੇ ਜੱਦੀ ਪਿੰਡ ਬਾਦਲ ਵਿਖੇ ਹੋਵੇਗਾ।

ਦੱਸਣਯੋਗ ਹੈ ਕਿ ਪਿਛਲੇ ਹਫਤੇ ਗੁਰਦਾਸ ਸਿੰਘ ਬਾਦਲ ਦੀ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਹੀ ਗੁਰਦਾਸ ਸਿੰਘ ਬਾਦਲ ਦੀ ਧਰਮ ਪਤਨੀ ਮਹਿੰਦਰ ਕੌਰ ਦਾ ਵੀ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ। ਗੁਰਦਾਸ ਸਿੰਘ ਬਾਦਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਦੇ ਛੋਟੇ ਭਰਾ ਸਨ। ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਸਮੁੱਚਾ ਬਾਦਲ ਪਰਿਵਾਰ ਹਾਜ਼ਰ ਰਹੇਗਾ।

-PTCNews

Related Post