ਪੰਜ ਸਿੰਘ ਸਾਹਿਬਾਨ ਵੱਲੋਂ ਲਏ ਗਏ ਕਈ ਅਹਿਮ ਫੈਸਲੇ, ਤਮਿੰਦਰ ਸਿੰਘ ਤਨਖਾਹੀਆ ਕਰਾਰ

By  Pardeep Singh May 3rd 2022 05:13 PM -- Updated: May 3rd 2022 06:34 PM

ਅੰਮ੍ਰਿਤਸਰ:  ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਅਗਵਾਈ ਹੇਠ ਪੰਥਕ ਇਕੱਠ ਬੁਲਾਇਆ ਗਿਆ।ਜਿਸ ਵਿਚ ਦੀਰਘ ਵਿਚਾਰਾਂ ਕਰਨ ਉਪਰੰਤ ਪੰਜ ਸਿੰਘ ਸਾਹਿਬਾਨ ਵੱਲੋਂ ਕਈ ਅਹਿਮ ਫੈਸਲੇ ਲਏ ਗਏ ਹਨ।




ਪੰਜ ਸਿੰਘ ਸਾਹਿਬਾਨ ਵੱਲੋਂ ਲਏ ਗਏ ਅਹਿਮ ਫੈਸਲੇ:-

1. ਤਮਿੰਦਰ ਸਿੰਘ ਅਮਰੀਕਾ ਵਾਸੀ ਨੂੰ ਆਪਣੀ ਮਰਜੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਤਬਦੀਲੀਆਂ ਕਰਨ ਬਦਲੇ ਪੰਜ ਸਿੰਘ ਸਾਹਿਬਾਨ ਵੱਲੋਂ ਇਸ ਦੁਆਰਾ ਕੀਤੀ ਆਨ-ਲਾਇਨਫ਼ਆਫ ਲਾਈਨ ਅਣਅਧਿਕਾਰਤ ਛਪਾਈ 'ਤੇ ਰੋਕ ਲਗਾ ਕੇ ਇਸ ਨੂੰ ਤਨਖਾਹੀਆ ਘੋਸ਼ਿਤ ਕੀਤਾ ਗਿਆ।ਇਸ ਤੋਂ ਇਲਾਵਾ ਇਸ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਨਿੱਜੀ ਤੌਰ 'ਤੇ ਪੇਸ਼ ਹੋ ਕੇ ਇਸ ਕਾਰਜ ਸਬੰਧੀ ਸਾਰਾ ਰਿਕਾਰਡ ਹਾਜਰ ਕਰਨ ਦਾ ਆਦੇਸ਼ ਕੀਤਾ ਹੈ।ਸਮੂਹ ਸਿੱਖਾਂ ਨੂੰ ਆਦੇਸ਼ ਹੈ ਕਿ ਇਸ ਨੂੰ ਕੋਈ ਮੂੰਹ ਨਾ ਲਗਾਵੇ।



2. ਓਅੰਕਾਰ ਸਿੰਘ ਨੂੰ ਆਦੇਸ਼ ਕੀਤਾ ਗਿਆ ਹੈ ਕਿ ਉਹ ਗੁਰਬਾਣੀ ਸੇਧਾਂ ਦੇ ਨਾਮ ਹੇਠ ਕੀਤੇ ਕਾਰਜ ਨੂੰ ਤੁਰੰਤ ਬੰਦ ਕਰਕੇ ਆਪਣਾ ਸਾਰਾ ਰਿਕਾਰਡ ਖੁਦ ਪੇਸ਼ ਹੋ ਕੇ ਖਰੜੇ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਮ੍ਹਾ ਕਰਵਾਏ ਅਤੇ ਕਾਰਜ ਦੀ ਗੁਰੂ ਪੰਥ ਪਾਸੋਂ ਭੁਲ ਬਖਸ਼ਾਵੇ।

3. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਹੱਥੀ ਲਿਖਣ ਦੀ ਸੇਵਾ ਬਾਰੇ ਪੁੱਜੀ ਮੰਗ ਬਾਰੇ ਵਿਦਵਾਨਾਂ ਦੀ ਕਮੇਟੀ ਵੱਲੋਂ ਕੀਤੀ ਸਿਫਾਰਸ਼ 'ਤੇ ਕੁਝ ਸੋਧ ਕਰਨ ਉਪਰੰਤ ਫੈਸਲਾ ਕੀਤਾ ਗਿਆ ਹੈ ਕਿ ਜੋ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਆਪਣੇ ਹੱਥੀ ਲਿਖਣ ਦੀ ਸੇਵਾ ਕਰਨਾ ਚਾਹੁੰਦੀਆਂ ਹਨ, ਉਹ ਸਕੱਤਰ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਪਾਸੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨਿਤ ਨਿਯਮਾਵਲੀ ਦੀਆਂ ਸ਼ਰਤਾਂ ਪੂਰੀਆਂ ਕਰਕੇ ਆਗਿਆ ਦਾ ਪੱਤਰ ਪ੍ਰਾਪਤ ਕਰਨ ਉਪਰੰਤ ਸੇਵਾ ਕਰ ਸਕਦੀਆਂ ਹਨ।



4. ਲੰਮੇ ਸਮੇਂ ਤੋਂ ਜੇਲਾਂ ਵਿਚ ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਨਵੀਂ ਦਿੱਲੀ ਅਤੇ ਸਿੱਖ ਸੰਸਥਾਵਾਂ, ਜਥੇਬੰਦੀਆਂ, ਸੰਪਰਦਾਵਾਂ ਨੂੰ ਆਦੇਸ਼ ਕੀਤਾ ਹੈ ਕਿ ਸਾਰੇ ਰਲ ਕੇ ਸਾਂਝੇ ਰੂਪ ਦੇ ਵਿਚ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਯਤਨ ਕਰਨ।ਇਸ ਤੋਂ ਇਲਾਵਾ ਪਿੰਡ ਰੋਡੇ ਦੀ ਸੰਗਤ ਵੱਲੋਂ ਪੁੱਜੇ ਪੱਤਰ ਰਾਹੀਂ ਜਾਣਕਾਰੀ ਦਿੱਤੀ ਗਈ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਇਕ ਸਿੰਘ ਟਾਵਰ 'ਤੇ ਚੜਿਆ ਹੈ।ਉਸ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਖੁਦਕੁਸ਼ੀ ਕਰਨਾ ਸਿੱਖ ਧਰਮ ਦੀ ਪ੍ਰੰਪਰਾ ਨਹੀਂ ਹੈ।ਇਸ ਲਈ ਇਹ ਬੰਦੀ ਸਿੰਘਾਂ ਦੀ ਰਿਹਾਈ ਲਈ ਜਥੇਬੰਦੀਆਂ ਦਾ ਸਹਿਯੋਗ ਕਰੇ।

5. ਇੰਟਰਨੈੱਟ ਉਪਰ ਚੱਲ ਰਹੇ 21 ਦੇ ਕਰੀਬ ਗੁਰਬਾਣੀ ਐਪਸ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਂਚ ਕਰਵਾਈ ਗਈ।ਕੇਵਲ 'ਨਿਤਨੇਮ' ਦੇ ਪਾਠ ਵਿਚ ਹੀ ਕਈ ਤਰੁੱਟੀਆਂ ਪਾਈਆਂ ਗਈਆਂ ਹਨ।ਇਸ ਸਬੰਧੀ ਸਿੰਘ ਸਾਹਿਬਾਨ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੂੰ ਆਦੇਸ਼ ਕੀਤਾ ਗਿਆ ਹੈ ਕਿ ਇੰਟਰਨੈੱਟ ਉਪਰ ਚੱਲ ਰਹੇ ਗੁਰਬਾਣੀ ਐਪਸ ਦੀ ਇਕ ਮਹੀਨੇ ਦੇ ਅੰਦਰ-ਅੰਦਰ ਸੁਧਾਈ ਕਰਵਾਈ ਜਾਵੇ ਨਹੀਂ ਤਾਂ ਉਹਨਾਂ ਪੁਰ ਕਾਨੂੰਨੀ ਕਾਰਵਾਈ ਕਰਵਾ ਕੇ ਬੰਦ ਕਰਵਾਇਆ ਜਾਵੇ।


ਇਹ ਵੀ ਪੜ੍ਹੋ:IG ਛੀਨਾ ਵੱਲੋਂ ਗੁਰਦੁਆਰਾ ਪ੍ਰਬੰਧਕਾਂ ਨਾਲ ਸੁਖਾਵੇਂ ਮਾਹੌਲ ਨੂੰ ਲੈ ਕੇ ਕੀਤੀ ਬੈਠਕ



-PTC News

Related Post