#MeToo ਮੁਹਿੰਮ 'ਚ ਫਸਿਆ ਪੰਜਾਬ ਦਾ ਇੱਕ ਕੈਬਨਿਟ ਮੰਤਰੀ ,ਕੀ ਇਸ ਮੰਤਰੀ ਦੀ ਹੋਵੇਗੀ ਛੁੱਟੀ ?

By  Shanker Badra October 24th 2018 10:43 PM -- Updated: October 24th 2018 10:49 PM

#MeToo ਮੁਹਿੰਮ 'ਚ ਫਸਿਆ ਪੰਜਾਬ ਦਾ ਇੱਕ ਕੈਬਨਿਟ ਮੰਤਰੀ ,ਕੀ ਇਸ ਮੰਤਰੀ ਦੀ ਹੋਵੇਗੀ ਛੁੱਟੀ ?:ਅੱਜ ਕੱਲ ਬਾਲੀਵੁੱਡ ਵਿੱਚ #ਮੀਟੂ ਮੁਹਿੰਮ ਕਾਫੀ ਸੁਰਖੀਆਂ ਵਿੱਚ ਹੈ।ਬਾਲੀਵੁੱਡ ਤੋਂ ਬਾਅਦ ਪੰਜਾਬ ਕੈਬਨਿਟ ਵਿੱਚ ਵੀ ਹੁਣ #ਮੀਟੂ ਮੁਹਿੰਮ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।ਇਸ #ਮੀਟੂ ਮੁਹਿੰਮ ਦੌਰਾਨ ਪੰਜਾਬ ਸਰਕਾਰ ਦਾ ਇੱਕ ਕੈਬਨਿਟ ਮੰਤਰੀ ਵੀ ਇਸ ਦੇ ਲਪੇਟੇ ਵਿੱਚ ਆ ਗਿਆ ਹੈ।ਜਾਣਕਾਰੀ ਅਨੁਸਾਰ ਇਹ ਮਾਮਲਾ ਕੁੱਝ ਸਮਾਂ ਪੁਰਾਣਾ ਹੈ।ਪੰਜਾਬ ਕੈਬਨਿਟ ਦੇ ਇੱਕ ਮੰਤਰੀ 'ਤੇ ਸਰਕਾਰੀ ਵਿਭਾਗ ਵਿਚ ਤਾਇਨਾਤ ਇੱਕ ਸਰਕਾਰੀ ਮਹਿਲਾ ਅਧਿਕਾਰੀ ਨੂੰ ਅਸ਼ਲੀਲ ਮੈਸੇਜ ਭੇਜਣ ਦਾ ਦੋਸ਼ ਲੱਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਜਾਣਕਾਰੀ ਮਿਲਣ 'ਤੇ ਕੈਪਟਨ ਨੇ ਮੰਤਰੀ ਨੂੰ ਮਾਫ਼ੀ ਮੰਗਣ ਲਈ ਕਿਹਾ ਸੀ ਪਰ ਉਨ੍ਹਾਂ ਅਜਿਹਾ ਨਹੀਂ ਕੀਤਾ।ਹੁਣ ਇਹ ਮਾਮਲਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੱਕ ਵੀ ਪਹੁੰਚ ਗਿਆ ਹੈ।

ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਇਸ ਮਾਮਲੇ ਦੀ ਪੂਰੀ ਜਾਣਕਾਰੀ ਹੈ ਤੇ ਉਨ੍ਹਾਂ ਨੇ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ।ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਇਜ਼ਰਾਈਲ ਦੌਰੇ ਤੋਂ ਪਰਤ ਕੇ ਇਸ ਮੰਤਰੀ ਦੀ ਛੁੱਟੀ ਕਰ ਸਕਦੇ ਹਨ।

ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਵੱਲੋਂ ਇੱਕ ਮਹਿਲਾ ਅਧਿਕਾਰੀ ਨੂੰ ਦੇਰ ਰਾਤ ਅਸ਼ਲੀਲ ਮੈਸੇਜ ਭੇਜੇ ਗਏ ਸਨ, ਜਿਸ 'ਤੇ ਮਹਿਲਾ ਨੇ ਸ਼ਿਕਾਇਤ ਕਰਨ ਦੀ ਚਿਤਾਵਨੀ ਦਿੱਤੀ ਸੀ।ਇਸ ਤੋਂ ਬਾਅਦ ਕੁਝ ਸਮੇਂ ਤੱਕ ਮੰਤਰੀ ਵੱਲੋਂ ਕੋਈ ਮੈਸੇਜ ਨਹੀਂ ਭੇਜੇ ਗਏ ਪਰ ਇਕ ਮਹੀਨਾ ਪਹਿਲਾਂ ਫਿਰ ਮੈਸੇਜ ਭੇਜਣ ਦਾ ਸਿਲਸਿਲਾ ਸ਼ੁਰੂ ਹੋ ਗਿਆ।ਇਸ ਤੋਂ ਪ੍ਰੇਸ਼ਾਨ ਹੋ ਕੇ ਮਹਿਲਾ ਅਧਿਕਾਰੀ ਨੇ ਆਪਣੇ ਇਕ ਸੀਨੀਅਰ ਅਧਿਕਾਰੀ ਨੂੰ ਇਸ ਮਾਮਲੇ ਬਾਰੇ ਸ਼ਿਕਾਇਤ ਕੀਤੀ।ਦੱਸਿਆ ਜਾ ਰਿਹਾ ਹੈ ਕਿ ਕੈਬਨਿਟ ਮੰਤਰੀ ਮਹਿਲਾ ਅਧਿਕਾਰੀ ਨੂੰ ਪਹਿਲਾਂ ਆਪਣੇ ਵਿਭਾਗ ਵਿਚ ਹੀ ਤਾਇਨਾਤ ਕਰਨਾ ਚਾਹੁੰਦਾ ਸੀ ਪਰ ਉਸਦਾ ਇਹ ਮਨਸੂਬਾ ਪੂਰਾ ਨਾ ਹੋ ਸਕਿਆ।

-PTCNews

Related Post