ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣੀ ਤਾਂ ਨਵਜੋਤ ਸਿੱਧੂ ਨੂੰ ਮਿਲੇਗਾ 'ਸੁਪਰ ਸੀਐੱਮ' ਦਾ ਅਹੁਦਾ: ਰਵਨੀਤ ਬਿੱਟੂ

By  Jasmeet Singh February 12th 2022 02:01 PM -- Updated: February 12th 2022 02:21 PM

- ਮੋਦੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਸਾਂਸਦ ਰਵਨੀਤ ਬਿੱਟੂ ਦਾ ਵਿਵਾਦਿਤ ਬਿਆਨ

- ਆਪਣੀ ਹੀ ਪਾਰਟੀ 'ਤੇ ਖੜ੍ਹੇ ਕੀਤੇ ਵੱਡੇ ਸਵਾਲ

________________________________________________________________________

ਅੰਮ੍ਰਿਤਸਰ: ਕਾਂਗਰਸ ਨੇਤਾ ਰਾਹੁਲ ਗਾਂਧੀ ਵਲੋਂ ਸੂਬੇ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੇ ਐਲਾਨ ਤੋਂ ਕੁਝ ਦਿਨ ਬਾਅਦ, ਪਾਰਟੀ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਪਾਰਟੀ ਮੁੜ ਸੱਤਾ ਵਿੱਚ ਆਉਂਦੀ ਹੈ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ "ਸੁਪਰ ਸੀਐਮ" ਦਾ ਅਹੁਦਾ ਮਿਲੇਗਾ।

ਇਹ ਵੀ ਪੜ੍ਹੋ: PM ਮੋਦੀ ਦੇ ਪੰਜਾਬ ਦੌਰੇ ਦਾ ਕਿਸਾਨਾਂ ਨੇ ਇਕ ਵਾਰ ਫਿਰ ਤੋਂ ਵਿਰੋਧ ਕਰਨ ਦਾ ਕੀਤਾ ਐਲਾਨ

ਉਨ੍ਹਾਂ ਕਿਹਾ "ਨਵਜੋਤ ਸਿੰਘ ਸਿੱਧੂ ਨੂੰ ਸੁਪਰ ਸੀਐਮ ਦਾ ਅਹੁਦਾ ਦਿੱਤਾ ਜਾਵੇਗਾ।" ਕਾਂਗਰਸੀ ਆਗੂ ਨੇ ਕਿਹਾ ਕਿ ਸਿੱਧੂ ਨੇ ਆਉਣ ਵਾਲੀਆਂ ਚੋਣਾਂ ਲਈ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ।

ਉਨ੍ਹਾਂ ਕਿਹਾ "ਕੀ ਸਿੱਧੂ ਨੇ ਚੰਨੀ ਨੂੰ ਮੁੱਖ ਮੰਤਰੀ ਵਜੋਂ ਚੁਣਨ ਦੇ ਫੈਸਲੇ 'ਤੇ ਕੋਈ ਸਵਾਲ ਉਠਾਏ ਹਨ? ਉਨ੍ਹਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।"

ਬਿੱਟੂ ਨੇ ਅੱਗੇ ਕਿਹਾ ਕਿ ਪੰਜਾਬ ਦਾ ਆਮ ਆਦਮੀ ਮੁੱਖ ਮੰਤਰੀ ਚੰਨੀ ਦੀ ਜਿੱਤ ਲਈ ਅਰਦਾਸਾਂ ਕਰ ਰਿਹਾ ਹੈ ਅਤੇ ਚੋਣਾਂ ਵਾਲੇ ਦਿਨ ‘ਤਿਉਹਾਰ ਵਾਂਗ’ ਵੋਟਾਂ ਪਾਉਣ ਲਈ ਨਿਕਲੇਗਾ।

ਬਿੱਟੂ ਨੇ ਕਿਹਾ ਕਿ "ਪੰਜਾਬ ਦਾ ਹਰ ਗਰੀਬ ਬੰਦਾ ਗੁਰਦੁਆਰਿਆਂ ਅਤੇ ਮੰਦਰਾਂ ਵਿੱਚ ਚੰਨੀ ਲਈ ਅਰਦਾਸਾਂ ਕਰ ਰਿਹਾ ਹੈ। ਸਾਡੇ ਵਰਗਾ ਇੱਕ ਆਮ ਆਦਮੀ ਉਸ ਲਈ ਅਰਦਾਸ ਕਰ ਰਿਹਾ ਹੈ। ਗਰੀਬ ਕਹਿ ਰਹੇ ਹਨ ਕਿ ਜੇਕਰ ਚੰਨੀ ਮੁੜ ਸੱਤਾ ਵਿੱਚ ਆਏ ਤਾਂ ਹੀ ਸਾਡੇ ਬੱਚੇ ਪੜ੍ਹ ਕੇ ਕਿਸੇ ਦਿਨ ਮੁੱਖ ਮੰਤਰੀ ਬਣਨ ਦੇ ਸੁਪਨੇ ਲੈ ਸਕਣਗੇ। ਲੋਕ ਚੋਣਾਂ ਵਾਲੇ ਦਿਨ ਚੰਨੀ ਨੂੰ ਉਨ੍ਹਾਂ ਦੇ ਤਿਉਹਾਰ ਵਾਂਗ ਹੀ ਵੋਟ ਦੇਣਗੇ, ਜਿਸ ਤੋਂ ਭਾਜਪਾ ਅਤੇ 'ਆਪ' ਡਰੇ ਹੋਏ ਹਨ।

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ, ਜਿਨ੍ਹਾਂ ਨੇ ਭਗਵੰਤ ਮਾਨ ਨੂੰ ਆਉਣ ਵਾਲੀਆਂ ਚੋਣਾਂ ਲਈ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਕੀਤਾ ਹੈ, ਬਿੱਟੂ ਨੇ ਪਾਰਟੀ ਨੂੰ ਆਰਐਸਐਸ ਦੀ "ਬੀ ਟੀਮ" ਕਰਾਰ ਦਿੱਤਾ ਅਤੇ ਕਿਹਾ ਕਿ ਕੇਜਰੀਵਾਲ ਪੰਜਾਬ ਦੀ "ਵੰਡ" ਕਰਨਾ ਚਾਹੁੰਦੇ ਹਨ।

ਉਨ੍ਹਾਂ ਕਿਹਾ "ਭਾਜਪਾ ਪੰਜਾਬ ਵਿੱਚ ਕਿਤੇ ਵੀ ਨਹੀਂ ਖੜ੍ਹੀ ਹੈ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਆਰਐਸਐਸ ਦੀ ਬੀ ਟੀਮ ਹੈ। ਪੰਜਾਬ ਅਤੇ ਹਰਿਆਣਾ ਵਿੱਚ ਸਰਹੱਦੀ ਵਿਵਾਦ ਹਨ, ਸਾਡੇ ਕੋਲ ਭਾਸ਼ਾ ਦੀ ਸਮੱਸਿਆ ਹੈ, ਪਾਣੀਆਂ ਦੇ ਮੁੱਦੇ ਹਨ। ਕੇਜਰੀਵਾਲ ਪੰਜਾਬ ਨੂੰ ਵੰਡਣਾ ਚਾਹੁੰਦਾ ਹੈ, ਇਸ ਦਾ ਪਾਣੀ ਖੋਹਣਾ ਚਾਹੁੰਦਾ ਹੈ।"

ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਅਤੇ ਜਨਵਰੀ ਵਿੱਚ ਉਨ੍ਹਾਂ ਦੀ ਫਿਰੋਜ਼ਪੁਰ ਫੇਰੀ ਦੌਰਾਨ ਸੁਰੱਖਿਆ ਦੀ ਉਲੰਘਣਾ ਬਾਰੇ ਪੁੱਛੇ ਜਾਣ 'ਤੇ ਕਾਂਗਰਸੀ ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਆਉਣਾ ਚਾਹੀਦਾ ਹੈ ਕਿਉਂਕਿ ਲੋਕ ਉਨ੍ਹਾਂ ਦੇ ਵਿਰੋਧ ਵਿੱਚ ਸੜਕਾਂ 'ਤੇ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਲੋਕ ਕਿਸਾਨ ਵਿਰੋਧੀ ਕਾਨੂੰਨਾਂ ਅਤੇ ਉਨ੍ਹਾਂ ਦੇ ਸੰਘਰਸ਼ ਲਈ ਪ੍ਰਧਾਨ ਮੰਤਰੀ ਦਾ ਵਿਰੋਧ ਕਰ ਸਕਦੇ ਹਨ।

ਉਨ੍ਹਾਂ ਕਿਹਾ "ਪ੍ਰਧਾਨ ਮੰਤਰੀ ਦਾ ਸੁਆਗਤ ਹੈ। ਅਸੀਂ ਲੋਕਾਂ ਨੂੰ ਪ੍ਰਧਾਨ ਮੰਤਰੀ ਦੀ ਗੱਲ ਸੁਣਨ ਲਈ ਕਿਹਾ ਹੈ। ਉਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਆਉਣਾ ਚਾਹੀਦਾ ਹੈ। ਉਨ੍ਹਾਂ ਨੂੰ ਫਿਰ ਵੀ ਸੜਕ ਰਾਹੀਂ ਮੁਸ਼ਕਲਾਂ ਆਉਣਗੀਆਂ ਕਿਉਂਕਿ ਉਨ੍ਹਾਂ ਨੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਹਰ ਪੰਜਾਬੀ ਨੂੰ ਸੜਕ 'ਤੇ ਰੱਖਿਆ ਹੈ, ਉਹ ਕਿਵੇਂ ਭੁੱਲ ਜਾਣਗੇ? ਪ੍ਰਦਰਸ਼ਨ ਦੌਰਾਨ 700 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਗਈ। ਜੇਕਰ ਉਨ੍ਹਾਂ ਦੀ ਕਾਰ ਸੜਕ ਤੋਂ ਜਾਂਦੀ ਹੈ ਤਾਂ ਲੋਕਾਂ ਦੇ ਮਨਾਂ ਵਿੱਚ ਗੁੱਸਾ ਹੈ, ਇਸ ਲਈ ਉਹ ਪ੍ਰਧਾਨ ਮੰਤਰੀ ਦੇ ਵਿਰੋਧ ਵਿੱਚ ਆ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਹੈਲੀਕਾਪਟਰ ਦੀ ਵਰਤੋਂ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ: ਨਾਮਜ਼ਦਗੀ ਪਰਚੇ 'ਚ ਭਗੌੜੇ ਹੋਣ ਸਬੰਧੀ ਜਾਣਕਾਰੀ ਲੁਕਾਉਣ ਵਾਲੇ ਉਮੀਦਵਾਰ ਖ਼ਿਲਾਫ਼ FIR ਦਰਜ: ਸੀ.ਈ.ਓ. ਡਾ. ਰਾਜੂ

ਲੁਧਿਆਣਾ ਤੋਂ ਕਾਂਗਰਸ ਦੇ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਖੜ੍ਹੇ 'ਆਪ' ਦੇ ਉਮੀਦਵਾਰਾਂ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ 'ਚ 'ਆਪ' ਨੂੰ 40 ਤੋਂ ਵੱਧ ਉਮੀਦਵਾਰ ਭੇਜੇ ਹਨ, ਜਿਨ੍ਹਾਂ ਨੂੰ ਜਦੋਂ ਕਾਂਗਰਸ ਚਾਹੇਗੀ ਤਾਂ ਵਾਪਸ ਲਿਆਂਦਾ ਜਾਵੇਗਾ।

ਇਸ 'ਤੇ ਲੁਧਿਆਣਾ ਪੂਰਬੀ ਤੋਂ 'ਆਪ' ਉਮੀਦਵਾਰ ਜਾਨੀ ਕਾਂਗਰਸ ਤੋਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਗੁਰਪ੍ਰੀਤ ਗੋਗੀ ਨੇ ਕਿਹਾ ਹੈ ਕਿ ਬਿੱਟੂ ਦਿਮਾਗ ਦਾ ਬੱਚਾ ਹੈ, ਬਿੱਟੂ ਨੇ ਇਹ ਬਿਆਨ ਦੇ ਕੇ ਕਾਂਗਰਸ ਪਾਰਟੀ 'ਤੇ ਸਵਾਲ ਖੜ੍ਹੇ ਕੀਤੇ ਹਨ।

- ਏਐਨਆਈ ਦੇ ਸਹਿਯੋਗ ਨਾਲ

-PTC News

Related Post