ਨਵਜੋਤ ਸਿੰਘ ਸਿੱਧੂ ਜੇਲ੍ਹ 'ਚ ਕਲਰਕ ਵਜੋਂ ਕੰਮ ਕਰਨਗੇ, ਪਰ 90 ਦਿਨਾਂ ਤੱਕ ਨਹੀਂ ਮਿਲੇਗੀ ਦਿਹਾੜੀ

By  Jasmeet Singh May 26th 2022 01:02 PM -- Updated: May 26th 2022 05:49 PM

ਚੰਡੀਗੜ੍ਹ, 26 ਮਈ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਕਲਰਕ ਵਜੋਂ ਕੰਮ ਕਰਨਗੇ। 1988 ਦੇ ਰੋਜ਼ ਰੇਜ ਮਾਮਲੇ 'ਚ ਸਜ਼ਾ ਭੁਗਤ ਰਹੇ ਸਿੱਧੂ ਨੂੰ ਇਸ ਲਈ ਤਿੰਨ ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਸਿਖਲਾਈ ਦੌਰਾਨ ਉਨ੍ਹਾਂ ਨੂੰ ਅਦਾਲਤੀ ਫੈਸਲਿਆਂ ਅਤੇ ਜੇਲ੍ਹ ਦੇ ਰਿਕਾਰਡ ਨਾਲ ਸਬੰਧਤ ਫਾਈਲਾਂ ਨੂੰ ਕੰਪਾਇਲ ਕਰਨਾ ਸਿਖਾਇਆ ਜਾਵੇਗਾ।

ਜੇਲ੍ਹ ਮੈਨੂਅਲ ਮੁਤਾਬਕ ਸਿੱਧੂ ਨੂੰ ਪਹਿਲੇ 90 ਦਿਨਾਂ ਦੀ ਤਨਖਾਹ ਨਹੀਂ ਦਿੱਤੀ ਜਾਵੇਗੀ। ਹਾਲਾਂਕਿ ਆਪਣੀ ਸਿਖਲਾਈ ਪੂਰੀ ਹੋਣ ਤੋਂ ਬਾਅਦ ਉਹ 40 ਤੋਂ 90 ਰੁਪਏ ਦੀ ਦਿਹਾੜੀ ਲਈ ਯੋਗ ਹੋ ਜਾਣਗੇ। ਉਨ੍ਹਾਂ ਨੂੰ ਕਿੰਨੀ ਤਨਖਾਹ ਮਿਲਦੀ ਹੈ ਇਹ ਉਨ੍ਹਾਂ ਦੇ ਹੁਨਰ 'ਤੇ ਨਿਰਭਰ ਕਰੇਗਾ ਅਤੇ ਇਹ ਰਕਮ ਉਨ੍ਹਾਂ ਦੇ ਬੈਂਕ ਖਾਤੇ 'ਚ ਜਮ੍ਹਾ ਹੋਵੇਗੀ।

ਇਹ ਵੀ ਪੜ੍ਹੋ: Sangrur Bye Elections 2022: ਸੰਗਰੂਰ ਲੋਕ ਸਭਾ ਸੀਟ 'ਤੇ 23 ਜੂਨ ਨੂੰ ਹੋਵੇਗੀ ਜ਼ਿਮਨੀ ਚੋਣ, 26 ਨੂੰ ਆਵੇਗਾ ਨਤੀਜਾ

ਜੇਲ੍ਹ ਅਧਿਕਾਰੀਆਂ ਅਨੁਸਾਰ ਸਿੱਧੂ ਨੇ ਪਿਛਲੇ ਮੰਗਲਵਾਰ ਤੋਂ ਕਲਰਕ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਹ ਸਵੇਰ ਤੋਂ ਦੁਪਹਿਰ ਤੱਕ ਅਤੇ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਦੋ ਸ਼ਿਫਟਾਂ ਵਿੱਚ ਕੰਮ ਕਰਨਗੇ।

'ਰੋਡ ਰੇਜ' ਮਾਮਲੇ 'ਚ ਸਿੱਧੂ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਿਸ ਤੋਂ ਬਾਅਦ ਉਹ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਹਨ। ਪਹਿਲੇ ਦਿਨ ਉਨ੍ਹਾਂ ਨੇ ਜੇਲ੍ਹ ਵਿੱਚ ਖਾਣਾ ਨਹੀਂ ਖਾਧਾ। ਇਸ ਦੇ ਨਾਲ ਹੀ ਸਿਹਤ ਖਰਾਬ ਹੋਣ ਕਾਰਨ ਸਿੱਧੂ ਨੂੰ ਡਾਕਟਰੀ ਜਾਂਚ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਵੀ ਲਿਜਾਇਆ ਗਿਆ।

ਜੇਲ੍ਹ ਅਧਿਕਾਰੀਆਂ ਮੁਤਾਬਕ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸਿੱਧੂ ਹਾਈ ਪ੍ਰੋਫਾਈਲ ਕੈਦੀ ਹੋਣ ਕਾਰਨ ਆਪਣੀ ਬੈਰਕ ਤੋਂ ਕੰਮ ਕਰਨਗੇ। ਦੱਸਿਆ ਗਿਆ ਕਿ ਜੇਲ੍ਹ ਨਾਲ ਸਬੰਧਤ ਫਾਈਲਾਂ ਉਨ੍ਹਾਂ ਦੀਆਂ ਬੈਰਕਾਂ ਵਿੱਚ ਹੀ ਭੇਜੀਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਜੇਲ੍ਹ ਵਿੱਚੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ।

ਪੰਜ ਵਾਰਡਨਾਂ ਨੂੰ ਸਿੱਧੂ 'ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਕ੍ਰਿਕਟਰ ਤੋਂ ਸਿਆਸਤ ਦੇ ਮੈਦਾਨ 'ਚ ਆਏ ਸਿੱਧੂ ਨੂੰ 1988 ਦੇ ਰੋਡ ਰੇਜ ਮਾਮਲੇ 'ਚ ਸੁਪਰੀਮ ਕੋਰਟ ਨੇ ਇਕ ਸਾਲ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਨੇ 20 ਮਈ ਨੂੰ ਪਟਿਆਲਾ ਦੀ ਹੇਠਲੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ।

ਇਹ ਵੀ ਪੜ੍ਹੋ: ਮੌਂਕੀ ਪੌਕਸ ਵਾਇਰਸ : ਚੰਡੀਗੜ੍ਹ 'ਚ ਸਿਹਤ ਵਿਭਾਗ ਨੇ ਐਡਵਾਇਜ਼ਰੀ ਕੀਤੀ ਜਾਰੀ

ਇਸ ਤੋਂ ਇਲਾਵਾ ਮੈਡੀਕਲ ਬੋਰਡ ਨੇ ਜੇਲ੍ਹ ਵਿੱਚ ਬੰਦ ਸਿੱਧੂ ਦਾ ਡਾਈਟ ਚਾਰਟ ਵੀ ਤਿਆਰ ਕੀਤਾ ਹੈ। ਸਿੱਧੂ ਦੇ ਵਕੀਲ ਮੁਤਾਬਕ ਉਹ ਕਣਕ, ਚੀਨੀ, ਮੈਦਾ ਅਤੇ ਕਈ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਸੇਵਨ ਨਹੀਂ ਕਰ ਸਕਦੇ। ਉਹ ਜਾਮੁਨ, ਪਪੀਤਾ, ਅਮਰੂਦ, ਡਬਲ ਟੋਂਡ ਦੁੱਧ ਵਰਗੀਆਂ ਕਈ ਹੋਰ ਚੀਜ਼ਾਂ ਲੈ ਸਕਦੇ ਹਨ। ਜਿਸ ਵਿੱਚ ਫਾਈਬਰ ਅਤੇ ਕਾਰਬੋਹਾਈਡਰੇਟ ਨਾ ਹੋਣ।

ਦੱਸ ਦੇਈਏ ਕਿ ਅਜਿਹੇ 'ਚ ਉਹ ਜੇਲ੍ਹ ਦਾ ਖਾਣਾ ਨਹੀਂ ਖਾ ਸਕਦੇ ਹਨ। ਇਸ ਦੇ ਨਾਲ ਹੀ ਅਦਾਲਤ ਨੇ ਡਾਕਟਰਾਂ ਦੇ ਇੱਕ ਪੈਨਲ ਦੁਆਰਾ ਸੁਝਾਏ ਗਏ ਸੱਤ ਭੋਜਨ ਦੇ ਡਾਈਟ ਚਾਰਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਖਾਣਾ ਹੁਣ ਸਿੱਧੂ ਨੂੰ ਜੇਲ੍ਹ ਵਿੱਚ ਦਿੱਤਾ ਜਾਵੇਗਾ।

-PTC News

Related Post