ATM, Bank, ਪੈਨਸ਼ਨ, SBI ਨਾਲ ਜੁੜੇ ਨਿਯਮ ਬਦਲੇ, ਜਾਣੋ ਗਾਹਕਾਂ 'ਤੇ ਕੀ ਅਸਰ ਪਵੇਗਾ !

By  Panesar Harinder May 1st 2020 12:30 PM

ਨਵੀਂ ਦਿੱਲੀ - ਬੈਂਕਿੰਗ ਖੇਤਰ ਅਤੇ ਇਸ ਨਾਲ ਜੁੜੀਆਂ ਸੇਵਾਵਾਂ ਉੱਤੇ 1 ਮਈ 2020 ਤੋਂ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਹਨ। ATM, Banking, SBI, PNB, Income Tax ਸਮੇਤ ਹੋਰ ਜਿਨ੍ਹਾਂ ਸੇਵਾਵਾਂ ਦੇ ਨਿਯਮਾਂ 'ਚ ਬਦਲਾਅ ਹੋਵੇਗਾ, ਉਹ ਸਾਰੀਆਂ ਸਿੱਧੇ ਤੌਰ 'ਤੇ ਆਮ ਆਦਮੀ ਨਾਲ ਜੁੜੀਆਂ ਹਨ। ਲੌਕਡਾਊਨ ਕਾਰਨ ਉਂਝ ਤਾਂ ਟ੍ਰੇਨ ਤੇ ਹਵਾਈ ਸੇਵਾਵਾਂ ਬੰਦ ਹਨ, ਪਰ ਇਨ੍ਹਾਂ ਨਾਲ ਜੁੜੇ ਨਿਯਮਾਂ 'ਚ ਵੀ ਤਬਦੀਲੀ ਹੋ ਰਹੀ ਹੈ। ਇਸ ਤੋਂ ਇਲਾਵਾ, ਬੈਂਕਿੰਗ ਸਹੂਲਤਾਂ ਚਾਲੂ ਹਨ ਅਤੇ 1 ਮਈ ਤੋਂ ਹੋਣ ਵਾਲੀਆਂ ਤਬਦੀਲੀਆਂ ਤੋਂ ਬਾਅਦ ਗਾਹਕਾਂ ਨੂੰ ਕੀ ਕੀ ਸਹੂਲਤ ਮਿਲੇਗੀ ਅਤੇ ਉਨ੍ਹਾਂ ਨੂੰ ਮਿਲਣ ਵਾਲੀਆਂ ਸੇਵਾਵਾਂ ਉੱਤੇ ਕੀ ਕੀ ਪ੍ਰਭਾਵ ਪੈਣਗੇ, ਆਓ ਇਸ ਬਾਰੇ ਜਾਣੀਏ।

ਬਦਲੇ ਨਿਯਮਾਂ ਦਾ ਜੇਬ 'ਤੇ ਕੀ ਅਸਰ ਪਵੇਗਾ ?

1. SBI ਦੀ ਵਿਆਜ ਦਰ ਘਟੇਗੀ, ਕਰਜ਼ ਹੋਵੇਗਾ ਸਸਤਾ

SBI ਯਾਨੀ ਸਟੇਟ ਬੈਂਕ ਆਫ ਇੰਡੀਆ 1 ਮਈ ਤੋਂ ਇੱਕ ਲੱਖ ਤੋਂ ਜ਼ਿਆਦਾ ਬੱਚਤ ਜਮ੍ਹਾਂ ਖਾਤਿਆਂ 'ਤੇ ਵਿਆਜ ਦਰ ਘਟਾਉਣ ਜਾ ਰਿਹਾ ਹੈ। ਇਸ ਦਾ ਫ਼ਾਇਦਾ ਨਵੇਂ ਕਰਜ਼ਦਾਰਾਂ ਨੂੰ ਹੋਵੇਗਾ ਕਿਉਂ ਕਿ ਉਨ੍ਹਾਂ ਨੂੰ ਹੁਣ ਪਹਿਲਾਂ ਤੋਂ ਕਿਤੇ ਸਸਤਾ ਕਰਜ਼ ਮੁਹੱਈਆ ਹੋਵੇਗਾ। RBI ਨੇ ਅਪ੍ਰੈਲ ਮਹੀਨੇ ਰੈਪੋ ਦਰਾਂ ਘਟਾਈਆਂ ਸਨ ਜਿਸ ਕਾਰਨ ਬੱਚਤ ਜਮ੍ਹਾਂ 'ਤੇ ਹੁਣ ਵਿਆਜ ਦਰਾਂ ਘਟਣਗੀਆਂ। SBI ਨੇ ਐਕਸਟਰਨਲ ਬੈਂਚਮਾਰਕ ਰੂਲਜ਼ ਲਾਗੂ ਕਰਦਿਆਂ ਬੱਚਤ ਜਮ੍ਹਾਂ ਤੇ ਘੱਟ ਮਿਆਦੀ ਕਰਜ਼ ਦੀਆਂ ਦਰਾਂ ਰੈਪੋ ਦਰਾਂ ਨਾਲ ਜੋੜੀਆਂ ਹਨ।

2. ਪੈਨਸ਼ਨ ਧਾਰਕਾਂ ਨੂੰ ਮਿਲ ਸਕੇਗੀ ਪੂਰੀ ਪੈਨਸ਼ਨ

EPS ਪੈਨਸ਼ਨ ਧਾਰਕਾਂ (EPS Pensioners) ਲਈ ਇਹ ਇੱਕ ਚੰਗੀ ਖ਼ਬਰ ਹੈ। ਬੀਤੇ ਦਿਨੀਂ ਸਰਕਾਰ ਨੇ ਸੇਵਾਮੁਕਤੀ ਦੇ 15 ਸਾਲ ਬਾਅਦ ਪੂਰੀ ਪੈਨਸ਼ਨ ਰਕਮ ਦੇ ਭੁਗਤਾਨ ਦੀ ਵਿਵਸਥਾ ਮੁੜ ਸ਼ੁਰੂ ਕਰ ਦਿੱਤੀ ਸੀ। ਇਸ ਨਿਯਮ ਤਹਿਤ ਹੁਣ ਮਈ ਤੋਂ ਪੈਨਸ਼ਨ ਮਿਲਣ ਲੱਗੇਗੀ। ਸਾਲ 2009 'ਚ ਇਸ ਨਿਯਮ ਨੂੰ ਵਾਪਸ ਲੈ ਲਿਆ ਗਿਆ ਸੀ। ਇਸ ਨੂੰ ਪੈਨਸ਼ਨ ਕਮਿਊਟੇਸ਼ਨ (Pension Commutation) ਸਿਸਟਮ ਕਿਹਾ ਜਾਂਦਾ ਹੈ। ਇਹ ਬਦਲ ਚੁਣਨ ਵਾਲੇ ਲੋਕਾਂ ਨੂੰ ਪੂਰੀ ਪੈਨਸ਼ਨ ਕੁਝ ਸਮੇਂ ਬਾਅਦ ਬਹਾਲੀ ਦੇ ਰੂਪ 'ਚ ਮਿਲਦੀ ਹੈ, ਜਿਸ ਦੀ ਮਿਆਦ 15 ਸਾਲ ਹੈ। ਬੀਤੀ ਫਰਵਰੀ 2020 'ਚ ਕੇਂਦਰ ਸਰਕਾਰ ਨੇ ਪੂਰੀ ਪੈਨਸ਼ਨ ਬਹਾਲ ਕੀਤੇ ਜਾਣ ਦਾ ਵੱਡਾ ਐਲਾਨ ਕਰਦਿਆਂ ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀ। ਇਸ ਦਾ ਦੇਸ਼ ਭਰ ਦੇ ਸਾਢੇ 6 ਲੱਖ ਤੋਂ ਜ਼ਿਆਦਾ ਪੈਨਸ਼ਨ ਧਾਰਕਾਂ ਨੂੰ ਫ਼ਾਇਦਾ ਹੋਵੇਗਾ।

3. PNB ਦਾ ਡਿਜੀਟਲ ਵਾਲੇਟ ਹੋਵੇਗਾ ਬੰਦ

ਪੰਜਾਬ ਨੈਸ਼ਨਲ ਬੈਂਕ 1 ਮਈ ਤੋਂ ਆਪਣਾ ਡਿਜੀਟਲ ਵਾਲੇਟ ਬੰਦ ਕਰਨ ਜਾ ਰਿਹਾ ਹੈ। ਪੀਐੱਨਬੀ ਦੀ ਪੇਮੈਂਟ ਵਾਲੇਟ ਸੇਵਾ PNB Kitty Wallet 30 ਅਪ੍ਰੈਲ ਤੋਂ ਹੀ ਬੰਦ ਹੋ ਜਾਵੇਗੀ। ਬੈਂਕ ਨੇ ਇਸ ਦੀ ਜਾਣਕਾਰੀ ਆਪਣੇ ਗਾਹਕਾਂ ਨੂੰ ਦੇ ਦਿੱਤੀ ਹੈ। ਗਾਹਕਾਂ ਕੋਲ Credit Card, Debit Card ਤੇ Net Banking ਦੀ ਜਗ੍ਹਾ PNB Kitty Wallet ਰਾਹੀਂ ਪੇਮੈਂਟ ਕਰਨ ਦਾ ਵਿਕਲਪ ਸੀ। ਇਸ ਦੀ ਖ਼ਾਸੀਅਤ ਇਹ ਹੈ ਕਿ ਇਸ ਵਿੱਚ ਨੈੱਟਬੈਂਕਿੰਗ ਦਾ ਪਾਸਵਰਡ ਜਾਂ ਕਾਰਡ ਦੀ ਡਿਟੇਲ ਸ਼ੇਅਰ ਕਰਨਾ ਲਾਜ਼ਮੀ ਨਹੀਂ ਸੀ। ਪੀਐੱਨਬੀ ਵੱਲੋਂ ਦਸੰਬਰ 2016 'ਚ ਸ਼ੁਰੂ ਕੀਤੀ ਇਹ ਸੇਵਾ ਹੁਣ ਖ਼ਤਮ ਹੋਵੇਗੀ।

4. ATM ਹੋਣਗੇ ਨਿਯਮਿਤ ਰੂਪ ਨਾਲ ਸੈਨੀਟਾਈਜ਼

ਛੂਤ ਦੀ ਮਹਾਮਾਰੀ ਕੋਰੋਨਾ ਤੋਂ ਬਚਾਅ ਦੇ ਮੱਦੇਨਜ਼ਰ ਹੁਣ ATM ਲਈ ਨਵੀਂ ਵਿਵਸਥਾ ਹੋਣ ਜਾ ਰਹੀ ਹੈ। ਕਿਸੇ ਵੀ ATM ਨੂੰ ਗਾਹਕ ਵੱਲੋਂ ਇਸਤੇਮਾਲ ਕੀਤੇ ਜਾਣ ਤੋਂ ਬਾਅਦ ਲਾਗ ਮੁਕਤ ਕਰਨ ਲਈ ਸੈਨੀਟਾਈਜ਼ ਕੀਤਾ ਜਾਵੇਗਾ। ਗਾਜ਼ੀਆਬਾਦ ਤੇ ਚੇਨਈ ਤੋਂ ਅੱਜ ਇਸ ਦੀ ਸ਼ੁਰੂਆਤ ਹੋ ਗਈ ਹੈ, ਅਤੇ ਇਸ ਨਿਯਮ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ। ਉਲੰਘਣਾ ਹੋਣ 'ਤੇ ATM ਚੈਂਬਰ ਨੂੰ ਸੀਲ ਕਰਨ ਦੀ ਗੱਲ ਕਹੀ ਜਾ ਰਹੀ ਹੈ। ਗਾਜ਼ੀਆਬਾਦ ਦੇ ਨੋਡਲ ਅਧਿਕਾਰੀ ਸੁਧੀਰ ਗਰਗ ਦੀ ਹਿਦਾਇਤ 'ਤੇ ਹੁਣ ਸਾਰੇ ਬੈਂਕਾਂ ਦੇ ATM ਬੂਥ ਸੈਨੀਟਾਈਜ਼ ਕੀਤੇ ਜਾਣਗੇ, ਅਤੇ ਇਹ ਕੰਮ ਇੱਕ ਵਿਸ਼ੇਸ਼ ਟੀਮ ਕਰੇਗੀ। ਨਗਰ ਨਿਗਮ ਪ੍ਰਸ਼ਾਸਨ ਨੇ ਬੈਂਕਾਂ ਤੋਂ ATM ਦੀ ਲੋਕਸ਼ਨ ਪ੍ਰਾਪਤ ਕਰ ਲਈ ਹੈ। ਸੈਨੀਟਾਈਜ਼ ਲਈ ਕੈਮੀਕਲ ਦੀਆਂ ਬੋਤਲਾਂ ਵੀ ਦਿੱਤੀਆਂ ਜਾ ਚੁੱਕੀਆਂ ਹਨ। ਹੁਣ ਸਾਰੇ ਬੈਂਕ ਸਾਰੇ ATM ਨੂੰ ਸੈਨੀਟਾਈਜ਼ ਕਰਵਾਉਣਗੇ। ATM ਨੂੰ ਇੱਕ ਖ਼ਾਸ ਕੈਮੀਕਲ ਨਾਲ ਸੈਨੀਟਾਈਜ਼ ਕੀਤਾ ਜਾਵੇਗਾ, ਅਤੇ ਹੌਟ-ਸਪੌਟ ਇਲਾਕਿਆਂ 'ਚ ਇਹ ਸੈਨੀਟਾਈਜ਼ੇਸ਼ਨ ਦੋ ਵਾਰ ਵੀ ਕੀਤਾ ਜਾਵੇਗਾ।

5. ਰੇਲ ਦੇ ਗਾਹਕ ਬਦਲ ਸਕਣਗੇ ਆਪਣਾ ਬੋਰਡਿੰਗ ਸਟੇਸ਼ਨ

ਲੌਕਡਾਊਨ ਕਾਰਨ ਰੇਲਵੇ ਸੇਵਾਵਾਂ ਬੰਦ ਹਨ ਪਰ ਭਵਿੱਖ ਵਿੱਚ ਜਦੋਂ ਵੀ ਰੇਲ ਸੇਵਾਵਾਂ ਬਹਾਲ ਹੋਣਗੀਆਂ, ਤਾਂ ਇਹ ਨਿਯਮ ਲਾਗੂ ਹੋਵੇਗਾ। 1 ਮਈ ਤੋਂ ਲਾਗੂ ਹੋਣ ਜਾ ਰਹੇ ਰੇਲਵੇ ਦੇ ਇਸ ਨਵੇਂ ਨਿਯਮ ਅਨੁਸਾਰ ਹੁਣ ਯਾਤਰੀ ਚਾਰਟ ਨਿਕਲ ਜਾਣ ਦੇ 4 ਘੰਟੇ ਪਹਿਲਾਂ ਤੱਕ ਆਪਣਾ ਬੋਰਡਿੰਗ ਸਟੇਸ਼ਨ ਬਦਲ ਸਕਣਗੇ। ਹੁਣ ਤੱਕ ਦਾ ਵਿਕਲਪ ਇਹ ਸੀ ਕਿ ਯਾਤਰੀ ਆਪਣੇ ਬੋਰਡਿੰਗ ਸਟੇਸ਼ਨ ਨੂੰ ਯਾਤਰਾ ਦੀ ਤਾਰੀਕ ਤੋਂ 24 ਘੰਟੇ ਪਹਿਲਾਂ ਹੀ ਬਦਲ ਸਕਦੇ ਸਨ। ਜੇਕਰ ਯਾਤਰੀ ਬੋਰਡਿੰਗ ਸਟੇਸ਼ਨ 'ਚ ਬਦਲਾਅ ਕਰਨ ਦੇ ਬਾਵਜੂਦ ਯਾਤਰਾ ਨਹੀਂ ਕਰਦੇ ਅਤੇ ਟਿਕਟ ਕੈਂਸਲ ਕਰਦੇ ਹਨ ਤਾਂ ਅਜਿਹੇ ਵਿੱਚ ਉਨ੍ਹਾਂ ਨੂੰ ਕੋਈ ਰਿਫ਼ੰਡ ਨਹੀਂ ਦਿੱਤਾ ਜਾਵੇਗਾ।

6. AirIndia ਨਹੀਂ ਲਵੇਗਾ ਕੈਂਸਲੇਸ਼ਨ ਚਾਰਜ

1 ਮਈ ਤੋਂ AirIndia ਯਾਤਰੀਆਂ ਨੂੰ ਇੱਕ ਵੱਡੀ ਸਹੂਲਤ ਦੇਣ ਜਾ ਰਹੀ ਹੈ। ਹੁਣ ਯਾਤਰੀਆਂ ਨੂੰ ਟਿਕਟ ਕੈਂਸਲ ਕਰਵਾਉਣ 'ਤੇ ਕੋਈ ਵਾਧੂ ਖ਼ਰਚਾ ਨਹੀਂ ਦੇਣਾ ਪਵੇਗਾ। ਕੰਪਨੀ ਨੇ ਟਿਕਟ ਬੁਕਿੰਗ ਦੇ 24 ਘੰਟਿਆਂ ਦੇ ਅੰਦਰ ਉਸ ਨੂੰ ਕੈਂਸਲ ਕਰਨ ਜਾਂ ਬਦਲਾਅ ਕੀਤੇ ਜਾਣ 'ਤੇ ਕੈਂਸਲੇਸ਼ਨ ਚਾਰਜ 1 ਮਈ ਤੋਂ ਖ਼ਤਮ ਕਰ ਦਿੱਤਾ ਹੈ। ਏਅਰ ਇੰਡੀਆ ਦੇ CMD ਨੇ ਬੀਤੀ 24 ਅਪ੍ਰੈਲ ਨੂੰ ਜਾਰੀ ਹੋਏ ਇੱਕ ਸਰਕੂਲਰ 'ਚ ਇਸ ਦੀ ਜਾਣਕਾਰੀ ਦਿੱਤੀ ਹੈ।

7. ਆਧਾਰ ਕਾਰਡ ਰਾਹੀਂ 10 ਹਜ਼ਾਰ ਰੁਪਏ ਤੱਕ ਦੀ ਪੇਮੈਂਟ ਘਰ ਬੈਠੇ

ਲੌਕਡਾਊਨ ਦੌਰਾਨ ਭਾਰਤੀ ਡਾਕ ਵਿਭਾਗ ਨੇ ਚਲਿਤ ਏਟੀਐੱਮ ਦੀ ਸਹੂਲਤ ਲੋਕਾਂ ਨੂੰ ਦਿੱਤੀ ਹੈ। ਇਸ ਲਈ ਪੈਸੇ ਕਢਵਾਉਣ ਲਈ ਬੈਂਕ ਜਾਂ ATM ਬੂਥ ਤੱਕ ਜਾਣ ਦੀ ਜ਼ਰੂਰਤ ਨਹੀਂ ਹੈ। ਡਾਕ ਵਿਭਾਗ ਨੇ ਡਿਜੀਟਲ ਪੇਮੈਂਟ AEPS ਯਾਨੀ ਆਧਾਰ ਇਨੈਬਲਡ ਪੇਮੈਂਟ ਸਿਸਟਮ ਦੀ ਸ਼ਰੂਆਤ ਕੀਤੀ ਹੈ। ਇਸ ਸਹੂਲਤ ਤਹਿਤ ਤੁਸੀਂ ਲਾਕਡਾਊਨ 'ਚ 10 ਹਜ਼ਾਰ ਰੁਪਏ ਤੱਕ ਦੀ ਰਕਮ ਘਰ ਬੈਠੇ ਮੰਗ ਸਕਦੇ ਹੋ। ਖ਼ਾਸ ਗੱਲ ਇਹ ਹੈ ਕਿ ਤੁਹਾਡਾ ਖਾਤਾ ਕਿਸੇ ਵੀ ਬੈਂਕ 'ਚ ਹੋਵੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਜ਼ਰੂਰਤ ਪੈਣ 'ਤੇ ਤੁਹਾਨੂੰ ਪੈਸਾ ਮਿਲ ਜਾਵੇਗਾ।

Related Post