ਹੱਕੀ ਮੰਗਾਂ ਨੂੰ ਲੈ ਕੇ ਪਾਣੀ ਦੀ ਟੈਂਕੀ ’ ਤੇ ਚੜੇ 168 ਡੀਪੀਈ ਉਮੀਦਵਾਰ

168 ਮਾਸਟਰ ਕੈਡਰ ਦੇ ਉਮੀਦਵਾਰਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਪਰ ਹੁਣ ਪ੍ਰਦਰਸ਼ਨਕਾਰੀ ਸੋਹਾਣਾ ਸਾਹਿਬ ਵਿਖੇ ਪਾਣੀ ਦੀ ਟੈਂਕੀ ’ਤੇ ਚੜ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ।

By  Aarti January 9th 2023 03:30 PM

ਮੁਹਾਲੀ: ਆਪਣੀਆਂ ਮੰਗਾਂ ਨੂੰ ਲੈ ਕੇ 168 ਮਾਸਟਰ ਕੈਡਰ ਦੇ ਉਮੀਦਵਾਰਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਹੁਣ ਪ੍ਰਦਰਸ਼ਨਕਾਰੀ ਸੋਹਾਣਾ ਸਾਹਿਬ ਵਿਖੇ ਪਾਣੀ ਦੀ ਟੈਂਕੀ ’ਤੇ ਚੜ ਗਏ ਹਨ। ਇਸ ਦੌਰਾਨ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ 168 ਡੀਪੀਈ ਦੀਆਂ ਸਲੈਕਸ਼ਨ ਲਿਸਟਾਂ ਨਾ ਜਾਰੀ ਕਰਨ ਦੇ ਸਬੰਧ ’ਚ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। 


ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਮਾਸਟਰ ਕੇਡਰ ਵਿਚ ਆਈਆ 168 ਡੀ. ਪੀ. ਈ ਦੀਆ ਪੋਸਟਾਂ ਦੀ ਡਾਕੂਮੈਂਟਸ ਵੈਰੀਫਿਕੇਸ਼ਨ 10 ਅਤੇ 11 ਨਵੰਬਰ ਨੂੰ ਹੋ ਚੁੱਕੀ ਹੈ, ਪਰ ਭਰਤੀ ਬੋਰਡ ਵੱਲੋਂ ਪੀਐਸਟੈੱਟ ਮੰਗਣ ਕਰਕੇ ਸਲੈਕਸ਼ਨ ਲਿਸਟਾਂ ਜਾਰੀ ਨਹੀਂ ਕੀਤੀਆਂ ਗਈਆਂ ਅਤੇ ਅਧਿਆਪਕਾਂ ਪਾਸੋਂ PSTET-2 ਦੀ ਮੰਗ ਕੀਤੀ ਗਈ ਪਰ ਦੱਸਣਯੋਗ ਗੱਲ ਇਹ ਹੈ ਕਿ ਅੱਜ ਤੱਕ ਕਦੇ ਸਰੀਰਕ ਸਿੱਖਿਆ ਵੀਸ਼ੇ ਦਾ PSTET ਕੰਡਕਟ ਹੀ ਨਹੀਂ ਕਰਵਾਇਆ ਗਿਆ। ਇਸ ਨੂੰ ਹੀ ਖਾਰਿਜ ਕਰਵਾਉਣ ਦੇ ਲਈ ਹੀ ਉਨ੍ਹਾਂ ਵੱਲੋਂ ਮੁਹਾਲੀ ਸੋਹਾਣਾ ਸਾਹਿਬ ਚੌਕ ਵਿਖੇ ਪਾਣੀ ਦੀ ਟੈਂਕੀ ’ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। 

ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਕਈ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਹੋਈ ਸੀ। ਮੀਟਿੰਗ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਰ ਤਰ੍ਹਾਂ ਦੇ ਦਸਤਾਵੇਜ਼ ਦਿਖਾਏ ਜਿਸ ’ਤੇ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦੇ ਮਸਲੇ ਨੂੰ ਜਲਦ ਹੱਲ ਕੀਤਾ ਜਾਵੇਗਾ। ਪਰ ਅਜੇ ਤੱਕ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਨਿਕਲਿਆ ਹੈ। ਜਿਸ ਕਾਰਨ ਉਨ੍ਹਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। 

ਉਨ੍ਹਾਂ ਇਹ ਵੀ ਕਿਹਾ ਕਿ ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਪੰਜਾਬ ’ਚ ਹੁਣ ਕੋਈ ਵੀ ਵਿਅਕਤੀ ਟੈੰਕੀ ’ਤੇ ਨਹੀਂ ਚੜ੍ਹੇਗਾ ਪਰ ਅੱਜ ਸਰਕਾਰ ਵੱਲੋਂ ਹਲਾਤ ਇਸ ਤਰ੍ਹਾਂ ਦੇ ਬਣਾ ਦਿੱਤੇ ਗਏ ਹਨ ਕਿ ਉਨ੍ਹਾਂ ਨੂੰ ਟੈਂਕੀ ’ਤੇ ਚੜਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਉਨ੍ਹਾਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। 

ਇਹ ਵੀ ਪੜ੍ਹੋ: 108 ਇੰਪਲਾਈਜ਼ ਯੂਨੀਅਨ ਨੇ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਕੀਤਾ ਸੰਘਰਸ਼ ਦਾ ਐਲਾਨ

Related Post