Patiala : ਭਾਖੜਾ ਚ ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਵਹਾਅ ਚ ਰੁੜਿਆ ਨੌਜਵਾਨ, ਗੋਤਾਖੋਰਾਂ ਵੱਲੋਂ ਭਾਲ ਜਾਰੀ
Patiala News : ਭੋਲੇ ਸ਼ੰਕਰ ਡਾਇਵਰਸ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ਼ ਨੇ ਦੱਸਿਆ ਕਿ ਜਦੋਂ ਨੌਜਵਾਨ ਨਹਿਰ ਵਿੱਚ ਨਹਾ ਰਿਹਾ ਸੀ ਤਾਂ ਉਨ੍ਹਾਂ ਦੀ ਟੀਮ ਮੌਕੇ ’ਤੇ ਮੌਜੂਦ ਸੀ। ਗੋਤਾਖੋਰਾਂ ਨੇ ਵਿੱਕੀ ਨੂੰ ਬਾਹਰ ਆਉਣ ਲਈ ਕਿਹਾ ਸੀ। ਹਾਲਾਂਕਿ ਨੌਜਵਾਨ ਨੇ ਕਿਹਾ ਕਿ ਉਸ ਨੂੰ ਕੋਈ ਦਿੱਕਤ ਨਹੀਂ ਹੈ।
Patiala News : ਪਟਿਆਲਾ ਦੇ ਨਾਭਾ ਰੋਡ ਸਥਿਤ ਭਾਖੜਾ ਨਹਿਰ ਵਿੱਚ ਨਹਾਉਂਦੇ ਸਮੇਂ 17 ਸਾਲਾ ਵਿੱਕੀ ਨਾਮਕ ਨੌਜਵਾਨ ਤੇਜ਼ ਪਾਣੀ ਦੇ ਬਹਾਅ ਵਿੱਚ ਰੁੜ ਗਿਆ। ਘਟਨਾ ਤੋਂ ਬਾਅਦ ਪਰਿਵਾਰ ਵਿੱਚ ਚਿੰਤਾ ਦਾ ਮਾਹੌਲ ਹੈ। ਨੌਜਵਾਨ ਦੀ ਭਾਲ ਲਈ ਗੋਤਾਖੋਰਾਂ ਦੀ ਟੀਮ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਇੰਸਟਾਗ੍ਰਾਮ 'ਤੇ ਪਾਈਆਂ ਜਾਂਦੀਆਂ ਸਨ ਤਸਵੀਰਾਂ
ਜਾਣਕਾਰੀ ਮੁਤਾਬਕ ਵਿੱਕੀ ਨੂੰ ਭਾਖੜਾ ਨਹਿਰ ਵਿੱਚ ਤੈਰਨ ਅਤੇ ਨਹਾਉਣ ਦਾ ਸ਼ੌਕ ਸੀ। ਉਹ ਅਕਸਰ ਨਹਿਰ ਵਿੱਚ ਤਾਰੀਆਂ ਲਗਾਉਂਦਾ ਸੀ ਅਤੇ ਇਸ ਸਬੰਧੀ ਵੀਡੀਓਜ਼ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਵੀ ਪਾਉਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਘਟਨਾ ਵਾਲੇ ਦਿਨ ਉਹ ਪਹਿਲਾਂ ਸਵੇਰੇ ਭਾਖੜਾ ਨਹਿਰ ਵਿੱਚ ਨਹਾਉਣ ਗਿਆ ਸੀ ਅਤੇ ਬਾਅਦ ਵਿੱਚ ਘਰ ਵਾਪਸ ਚਲਾ ਗਿਆ।
ਇਸ ਤੋਂ ਬਾਅਦ ਉਹ ਮੁੜ ਨਾਭਾ ਰੋਡ ਭਾਖੜਾ ਨਹਿਰ ’ਤੇ ਪਹੁੰਚਿਆ ਅਤੇ ਨਹਾਉਣ ਲੱਗ ਪਿਆ। ਇਸ ਦੌਰਾਨ ਉਹ ਅਚਾਨਕ ਨਹਿਰ ਦੇ ਤੇਜ਼ ਬਹਾਅ ਵਿੱਚ ਫਸ ਗਿਆ ਅਤੇ ਪਾਣੀ ਦੇ ਵਹਾਅ ਨਾਲ ਰੁੜ ਗਿਆ।
ਡੁੱਬਣ ਤੋਂ ਪਹਿਲਾਂ ਗੋਤਾਖੋਰ ਨੇ ਨੌਜਵਾਨ ਨੂੰ ਬਾਹਰ ਆਉਣ ਲਈ ਕਿਹਾ ਸੀ
ਭੋਲੇ ਸ਼ੰਕਰ ਡਾਇਵਰਸ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ਼ ਨੇ ਦੱਸਿਆ ਕਿ ਜਦੋਂ ਨੌਜਵਾਨ ਨਹਿਰ ਵਿੱਚ ਨਹਾ ਰਿਹਾ ਸੀ ਤਾਂ ਉਨ੍ਹਾਂ ਦੀ ਟੀਮ ਮੌਕੇ ’ਤੇ ਮੌਜੂਦ ਸੀ। ਗੋਤਾਖੋਰਾਂ ਨੇ ਵਿੱਕੀ ਨੂੰ ਬਾਹਰ ਆਉਣ ਲਈ ਕਿਹਾ ਸੀ। ਹਾਲਾਂਕਿ ਨੌਜਵਾਨ ਨੇ ਕਿਹਾ ਕਿ ਉਸ ਨੂੰ ਕੋਈ ਦਿੱਕਤ ਨਹੀਂ ਹੈ ਅਤੇ ਉਹ ਖੁਦ ਬਾਹਰ ਆ ਜਾਵੇਗਾ। ਇਸੇ ਦੌਰਾਨ ਉਹ ਅਚਾਨਕ ਨਹਿਰ ਦੇ ਤੇਜ਼ ਬਹਾਅ ਵਿੱਚ ਫਸ ਗਿਆ ਅਤੇ ਪਾਣੀ ਉਸ ਨੂੰ ਆਪਣੇ ਨਾਲ ਵਹਾ ਕੇ ਲੈ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਨਾਭਾ ਰੋਡ ਭਾਖੜਾ ਨਹਿਰ ’ਤੇ ਪਹੁੰਚ ਗਏ। ਗੋਤਾਖੋਰਾਂ ਦੀ ਟੀਮ ਵੱਲੋਂ ਨੌਜਵਾਨ ਦੀ ਭਾਲ ਲਗਾਤਾਰ ਜਾਰੀ ਹੈ।
ਕੁੱਝ ਦਿਨਾਂ 'ਚ ਨਹਿਰ 'ਚ ਨੌਜਵਾਨ ਦੀ ਡੁੱਬਣ ਦੀ ਦੂਜੀ ਘਟਨਾ
ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਵਿੱਚ ਕੁਝ ਹੀ ਦਿਨਾਂ ਦੌਰਾਨ ਭਾਖੜਾ ਨਹਿਰ ਵਿੱਚ ਵਾਪਰੀ ਇਹ ਦੂਜੀ ਅਜਿਹੀ ਘਟਨਾ ਹੈ। ਨਹਿਰ ਦੇ ਤੇਜ਼ ਬਹਾਅ ਨੂੰ ਦੇਖਦਿਆਂ ਲੋਕਾਂ ਨੂੰ ਇੱਥੇ ਨਹਾਉਣ ਅਤੇ ਤੈਰਨ ਤੋਂ ਬਚਣ ਦੀ ਅਪੀਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ... ਅਕਾਲੀ ਦਲ ਵੱਲੋਂ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ 'ਚ ਸਾਲਾਨਾ ਕਾਨਫਰੰਸ 15 ਨੂੰ, ਰੈਲੀਆਂ ਦਾ ਵੀ ਸ਼ਡਿਊਲ ਜਾਰੀ