Moga : ਪੰਜਾਬ ਚ ਨਸ਼ੇ ਨੇ ਇੱਕ ਹੋਰ ਘਰ ਉਜਾੜਿਆ, ਪਿੰਡ ਦੋਸਾਂਝ ਚ ਓਵਰਡੋਜ਼ ਕਾਰਨ ਹੋਈ 27 ਸਾਲਾ ਨੌਜਵਾਨ ਦੀ ਮੌਤ

Moga News : ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਗੋਰਾ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਨੌਜਵਾਨ ਦੀ ਬਾਂਹ ਵਿੱਚ ਚਿੱਟੇ ਦਾ ਟੀਕਾ ਲੱਗਿਆ ਹੋਇਆ ਸੀ ਅਤੇ ਸਰਿੰਜ ਵੀ ਬਾਂਹ ਵਿੱਚ ਹੀ ਫਸੀ ਹੋਈ ਸੀ, ਜਿਸ ਕਾਰਨ ਓਵਰਡੋਜ਼ ਨਾਲ ਮੌਤ (Drug Overdose Death) ਹੋ ਗਈ।

By  KRISHAN KUMAR SHARMA May 20th 2026 02:15 PM -- Updated: May 20th 2026 02:54 PM

Moga News : ਮੋਗਾ ਦੇ ਪਿੰਡ ਦੋਸਾਂਝ (Dosanjh) ਵਿੱਚ ਚਿੱਟੇ ਨਸ਼ੇ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ। ਪਿੰਡ ਦੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਨਜ਼ਦੀਕ ਝਾੜੀਆਂ ਵਿੱਚੋਂ 27 ਸਾਲਾ ਕਰਮਜੀਤ ਸਿੰਘ ਵਾਸੀ ਦੋਸਾਂਝ ਦੀ ਲਾਸ਼ ਮਿਲਣ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਮੌਕੇ 'ਤੇ  ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਅਤੇ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਗੋਰਾ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਨੌਜਵਾਨ ਦੀ ਬਾਂਹ ਵਿੱਚ ਚਿੱਟੇ ਦਾ ਟੀਕਾ ਲੱਗਿਆ ਹੋਇਆ ਸੀ ਅਤੇ ਸਰਿੰਜ ਵੀ ਬਾਂਹ ਵਿੱਚ ਹੀ ਫਸੀ ਹੋਈ ਸੀ, ਜਿਸ ਕਾਰਨ ਓਵਰਡੋਜ਼ ਨਾਲ ਮੌਤ (Drug Overdose Death) ਹੋ ਗਈ। ਉਹਨਾਂ ਕਿਹਾ ਪਿੰਡ ਅਤੇ ਆਸ -ਪਾਸ ਦੇ ਪਿੰਡਾਂ ਵਿੱਚ ਧੜੱਲੇ ਨਾਲ ਚਿੱਟੇ ਨਸ਼ੇ ਦੀ ਵਿਕਰੀ ਹੁੰਦੀ ਹੈ ਪਰ ਪ੍ਰਸ਼ਾਸਨ ਚਿੱਟੇ ਦੇ ਤਸਕਰਾਂ ਨੂੰ ਫੜਨ ਵਿੱਚ ਨਾਕਾਮ ਦਿਖ ਰਿਹਾ ਹੈ ਜਿਸ ਦੀ ਮਿਸਾਲ ਅੱਜ ਇਸ ਨੌਜਵਾਨ ਤੋਂ ਮਿਲਦੀ ਹੈ, ਜਿਸ ਦੀ ਓਵਰਡੋਜ਼ ਨਾਲ ਮੌਤ ਹੋਈ ਹੈ। (Drug Death in Punjab)

5 ਸਾਲ ਦੇ ਬੱਚੇ ਦਾ ਪਿਤਾ ਸੀ ਕਰਮਜੀਤ ਸਿੰਘ

ਮ੍ਰਿਤਕ ਆਪਣੇ ਪਿੱਛੇ ਪੰਜ ਸਾਲ ਦਾ ਮਾਸੂਮ ਬੱਚਾ ਛੱਡ ਗਿਆ ਹੈ। ਜਦੋਂ ਪਰਿਵਾਰਿਕ ਮੈਂਬਰਾਂ ਨੂੰ ਕਰਮਜੀਤ ਸਿੰਘ ਦੀ ਮੌਤ ਦੀ ਖਬਰ ਮਿਲੀ ਤਾਂ ਸਾਰਾ ਪਰਿਵਾਰ  ਭੁੱਬਾਂ ਮਾਰ ਕੇ ਰੋ ਪਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰਮਜੀਤ ਪਿਛਲੇ ਪੰਜ ਸਾਲਾਂ ਤੋਂ ਚਿੱਟੇ ਦਾ ਆਦੀ ਸੀ ਅਤੇ ਕਈ ਵਾਰ ਉਸਨੂੰ ਨਸ਼ਾ ਛਡਾਉ ਕੇਂਦਰ ਵਿੱਚ ਵੀ ਦਾਖਲ ਕਰਵਾਇਆ ਗਿਆ, ਪਰ ਨਸ਼ੇ ਦੇ ਦਲਦਲ ਨੇ ਆਖਰਕਾਰ ਉਸਦੀ ਜਾਨ ਲੈ ਲਈ।

ਮ੍ਰਿਤਕ ਦੇ ਭਰਾ ਨੇ ਦਰਦ ਭਰੇ ਸ਼ਬਦਾਂ ਵਿੱਚ ਕਿਹਾ ਕਿ ਜੇ ਪੰਜਾਬ ਸਰਕਾਰ ਸੱਚਮੁੱਚ ਨਸ਼ੇ ਨੂੰ ਖਤਮ ਕਰਨ ਲਈ ਠੋਸ ਕਦਮ ਚੁੱਕਦੀ ਤਾਂ ਅੱਜ ਸਾਡਾ ਘਰ ਉਜੜਦਾ ਨਾ। ਉਸਨੇ ਕਿਹਾ ਕਿ “ਸਾਡੇ ਵਾਂਗ ਕਿਸੇ ਹੋਰ ਘਰ ਦਾ ਚਿਰਾਗ ਨਾ ਬੁਝੇ, ਸਰਕਾਰ ਨੂੰ ਹੁਣ ਸਿਰਫ ਦਾਅਵੇ ਨਹੀਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।”

ਪਿੰਡ ਦੇ ਸਰਪੰਚ ਨੇ ਵੀ ਕਿਹਾ ਕਿ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਕਰਮਜੀਤ ਨੂੰ ਬਾਰ-ਬਾਰ ਸਮਝਾਇਆ ਗਿਆ ਅਤੇ ਨਸ਼ਾ ਛਡਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਪਿੰਡਾਂ ਵਿੱਚ ਖੁੱਲ੍ਹੇਆਮ ਵਿਕ ਰਿਹਾ ਚਿੱਟਾ ਨੌਜਵਾਨਾਂ ਨੂੰ ਮੌਤ ਵੱਲ ਧੱਕ ਰਿਹਾ ਹੈ।

ਉੱਧਰ, ਥਾਣਾ ਮੁਖੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲਣ ਉਪਰੰਤ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਨੌਜਵਾਨ ਦੀ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗਾ।

Related Post