ਮੋਹਾਲੀ ਦੇ ਪਿੰਡ ਕਕਰਾਲੀ ਤੋਂ 4 ਮਾਸੂਮ ਹੋਏ ਲਾਪਤਾ

By  Jasmeet Singh December 8th 2022 12:34 PM -- Updated: December 8th 2022 12:37 PM

ਮੋਹਾਲੀ, 8 ਦਸੰਬਰ: ਡੇਰਾਬੱਸੀ ਸਥਿਤ ਪਿੰਡ ਕਕਰਾਲੀ ਤੋਂ ਮੰਗਲਵਾਰ ਨੂੰ ਚਾਰ ਮਾਸੂਮ ਬੱਚੇ ਲਾਪਤਾ ਹੋ ਗਏ ਸਨ। ਦੋ ਦਿਨ ਬੀਤ ਜਾਣ ਤੋਂ ਬਾਅਦ ਵੀ ਲਾਪਤਾ ਹੋਏ ਚਾਰ ਬੱਚਿਆਂ ਦਾ ਕੋਈ ਸੁਰਾਗ ਨਹੀਂ ਮਿਲ ਪਾਇਆ ਹੈ। ਸਕੂਲ ਖ਼ਤਮ ਹੋਣ ਤੋਂ ਬਾਅਦ ਬੱਚੇ ਘਰ ਚਲੇ ਗਏ ਅਤੇ ਵਾਪਸ ਸਕੂਲ ਜਾਣ ਲਈ ਕਿਹ ਕੇ ਘਰੋਂ ਨਿਕਲ ਗਏ ਸਨ। ਜਦੋਂ ਸ਼ਾਮ ਤੱਕ ਬੱਚੇ ਘਰ ਨਾ ਪਰਤੇ ਤਾਂ ਪਰਿਵਾਰਕ ਮੈਂਬਰ ਚਿੰਤਤ ਹੋ ਗਏ ਅਤੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ। 

ਪਹਿਲੀ ਸੀਸੀਟੀਵੀ ਫੁਟੇਜ ਵਿੱਚ ਬੱਚੇ ਘਰੋਂ ਨਿਕਲਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਉਸ ਤੋਂ ਬਾਅਦ ਪਿੰਡ ਤੋਂ ਕਰੀਬ ਤਿੰਨ ਕਿਲੋਮੀਟਰ ਦੂਰ ਚਰਚ ਦੇ ਸੀਸੀਟੀਵੀ ਕੈਮਰਿਆਂ ਵਿੱਚ ਚਾਰੇ ਬੱਚੇ ਇਕੱਲੇ ਪਿੰਡ ਸਨੌਲੀ ਵੱਲ ਜਾਂਦੇ ਹੋਏ ਨਜ਼ਰ ਆ ਰਹੇ ਹਨ। 

ਹੁਣ ਇਸ ਮਾਮਲੇ 'ਚ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਬੱਚਿਆਂ ਦੀ ਭਾਲ ਸ਼ੁਰੂ ਕੀਤੀ ਗਈ ਹੈ। ਲਾਪਤਾ ਬੱਚਿਆਂ ਵਿੱਚ ਦੋ ਦੀ ਉਮਰ 9 ਸਾਲ, ਇੱਕ 10 ਸਾਲ ਅਤੇ ਇੱਕ ਹੋਰ 14 ਸਾਲ ਦਾ ਦੱਸਿਆ ਜਾ ਰਿਹਾ ਹੈ। ਇਨ੍ਹਾਂ ਵਿੱਚੋਂ ਤਿੰਨ ਬੱਚੇ ਪਿੰਡ ਕਕਰਾਲੀ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਹਨ।

ਹਾਸਿਲ ਹੋਈਆਂ ਸੀਸੀਟੀਵੀ ਫੁਟੇਜ 'ਚੋਂ ਪਹਿਲੀ ਫੁਟੇਜ 'ਚ ਬੱਚਿਆਂ ਨੂੰ ਸਵੇਰੇ 3.54 'ਤੇ ਪਿੰਡ ਛੱਡਦੇ ਦੇਖਿਆ ਗਿਆ। ਦੂਜੀ ਫੁਟੇਜ 'ਚ ਸਵੇਰੇ 4.34 ਵਜੇ ਤਿੰਨ ਕਿਲੋਮੀਟਰ ਦੂਰ ਪਿੰਡ ਸਨੌਲੀ ਦੇ ਚਰਚ 'ਚੋਂ ਬਾਹਰ ਆਉਂਦੇ ਦੇਖਿਆ ਗਿਆ। ਇਸ ਤੋਂ ਬਾਅਦ ਬੱਚਿਆਂ ਦੀ ਕੋਈ ਫੁਟੇਜ ਨਹੀਂ ਮਿਲੀ ਕਿ ਉਹ ਕਿਸ ਰਸਤੇ ਗਏ ਸਨ ਇਹ ਪਤਾ ਨਹੀਂ ਲੱਗ ਪਾਇਆ।

 ਇਹ ਵੀ ਪੜ੍ਹੋ: ਕੱਪੜਾ ਵਪਾਰੀ ਕਤਲ ਮਾਮਲਾ: ਸੁਰੱਖਿਆ ਮੁਲਾਜ਼ਮ ਦੀ ਵੀ ਹੋਈ ਮੌਤ

ਏ.ਐਸ.ਪੀ. ਡੇਰਾਬੱਸੀ ਦਰਪਣ ਆਹਲੂਵਾਲੀਆ ਦਾ ਕਹਿਣਾ ਕਿ ਉਨ੍ਹਾਂ ਨੂੰ ਲਾਪਤਾ ਬੱਚਿਆਂ ਬਾਰੇ ਬਹੁਤ ਦੇਰ ਨਾਲ ਸੂਚਨਾ ਮਿਲੀ। ਜਿਸ ਤੋਂ ਬਾਅਦ ਉਨ੍ਹਾਂ ਤਿੰਨ ਟੀਮਾਂ ਬਣਾ ਕੇ ਤਲਾਸ਼ੀ ਮੁਹਿੰਮ ਆਰੰਭ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਭਾਲ ਲਈ ਤਿੰਨ ਟੀਮਾਂ ਅੰਬਾਲਾ ਰੇਲਵੇ ਸਟੇਸ਼ਨ, ਚੰਡੀਗੜ੍ਹ ਅਤੇ ਇਲਾਕੇ ਦੇ ਧਾਰਮਿਕ ਸਥਾਨਾਂ 'ਤੇ ਭੇਜੀਆਂ ਗਈਆਂ ਹਨ। 

- ਰਿਪੋਰਟਰ ਅੰਕੁਸ਼ ਮਹਾਜਨ ਦੇ ਸਹਿਯੋਗ ਨਾਲ 

Related Post