ਠੰਡ ਦਾ ਕਹਿਰ: ਬਰਨਾਲਾ 'ਚ ਠੰਡ ਲੱਗਣ ਕਾਰਨ 6 ਸਾਲਾ ਮਾਸੂਮ ਬੱਚੇ ਦੀ ਹੋਈ ਮੌਤ

By  KRISHAN KUMAR SHARMA January 25th 2024 06:00 PM

ਪੀਟੀਸੀ ਨਿਊਜ਼ ਡੈਸਕ: ਉਤਰ ਭਾਰਤ ਵਿੱਚ ਪੈ ਰਹੀ ਕੜਾਕੇ ਦੀ ਠੰਡ ਦਾ ਕਹਿਰ ਪੰਜਾਬ ਵਿੱਚ ਵੀ ਜਾਰੀ ਹੈ। ਇਸ ਵਿਚਾਲੇ ਹੀ ਬਰਨਾਲਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿਥੇ ਇੱਕ ਬੱਚੇ ਦੀ ਠੰਡ ਲੱਗਣ ਕਾਰਨ ਮੌਤ ਹੋ ਗਈ ਹੈ। 6 ਸਾਲਾ ਮਾਸੂਮ ਕੁਲਦੀਪ ਸਿੰਘ ਦੀ ਬਿਮਾਰ ਹੋਣ ਪਿੱਛੋਂ ਹਾਲਤ ਵਿਗੜ ਜਾਣ ਕਾਰਨ ਮੌਤ ਹੋ ਗਈ ਹੈ।

ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਛੁੱਟੀਆਂ ਦੇ ਚਲਦਿਆਂ ਕੁਲਦੀਪ ਸਿੰਘ ਪੁੱਤਰ ਸਵ: ਆਲਾ ਸਿੰਘ ਪਿੰਡ ਪੱਖੋਂ ਕਲਾਂ ਘਰ 'ਚ ਹੀ ਰਹਿ ਰਿਹਾ ਸੀ। ਪਰ ਬੀਤੇ ਦਿਨਾਂ ਦੌਰਾਨ ਜ਼ਿਆਦਾ ਠੰਡ ਕਾਰਨ ਉਹ ਬਿਮਾਰ ਹੋ ਗਿਆ ਸੀ। ਪਰਿਵਾਰ ਵੱਲੋਂ ਪਹਿਲਾਂ ਉਸ ਦਾ ਪਿੰਡ ਵਿੱਚ ਹੀ ਇਲਾਜ ਕਰਵਾਇਆ ਗਿਆ, ਪਰ ਹਾਲਤ ਜ਼ਿਆਦਾ ਵਿਗੜਨ 'ਤੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ।

ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਦੱਸਿਆ ਜਾ ਰਿਹਾ ਹੈ ਕਿ ਬੱਚਾ ਕੁਲਦੀਪ ਸਿੰਘ ਦੇ ਦੋ ਭਰਾ ਅਤੇ ਦੋ ਭੈਣਾਂ ਵੀ ਹਨ ਅਤੇ ਇਹ ਪਰਿਵਾਰ ਆਰਥਿਕ ਪੱਖੋਂ ਵੀ ਬਹੁਤ ਗਰੀਬ ਹੈ। ਮਾਸੂਮ ਪਿੰਡ ਪੱਖੋਂ ਕਲਾਂ 'ਚ ਸਰਕਾਰੀ ਪ੍ਰਾਇਮਰੀ ਸਕੂਲ ਦੀ ਪਹਿਲੀ ਜਮਾਤ ਦਾ ਵਿਦਿਆਰਥੀ ਸੀ, ਜਿਸ ਦੀ ਮੌਤ ਨਾਲ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।

ਬੱਚੇ ਦੀ ਮੌਤ 'ਤੇ ਸਕੂਲ ਦੇ ਪ੍ਰਿੰਸੀਪਲ ਨਵਦੀਪ ਸ਼ਰਮਾ ਅਤੇ ਸਮੂਹ ਸਟਾਫ਼ ਨੇ ਵੀ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬੱਚਾ ਕਾਫੀ ਦਿਨ ਤੋਂ ਸਕੂਲ ਨਹੀਂ ਆ ਰਿਹਾ ਸੀ ਅਤੇ ਜਦੋਂ ਉਨ੍ਹਾਂ ਨੇ ਪਤਾ ਕੀਤਾ ਤਾਂ ਬੱਚਾ ਬਿਮਾਰ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਬੱਚੇ ਦੀ ਮੌਤ ਠੰਡ ਕਾਰਨ ਹੋਈ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ ਵੀ ਅਗਲੇ 4-5 ਦਿਨਾਂ ਦੌਰਾਨ ਹੋਰ ਠੰਡ ਦਾ ਰੈਡ ਅਲਰਟ ਵੀ ਜਾਰੀ ਕੀਤਾ ਗਿਆ, ਜਿਸ ਦੌਰਾਨ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਣਾ ਜ਼ਰੂਰੀ ਹੈ।

Related Post