ਲਤੀਫ਼ਪੁਰ ਜਾਅਲੀ ਰਜਿਸਟਰੀਆਂ ਮਾਮਲੇ 'ਚ ਦਿਨੇਸ਼ ਧੀਰ ਤੋਂ ਬਾਅਦ 3 ਹੋਰ ਖ਼ਿਲਾਫ਼ ਮਾਮਲਾ ਦਰਜ

ਜਲੰਧਰ ਦੇ ਲਤੀਫ਼ਪੁਰਾ ਵਿਚ ਇੰਪਰੂਵਮੈਂਟ ਟਰੱਸਟ ਵੱਲੋਂ ਘਰ ਤੋੜੇ ਜਾਣ ਤੋਂ ਬਾਅਦ ਟਰੱਸਟ ਵੱਲੋਂ ਲਤੀਫ਼ਪੁਰਾ ਦੇ ਚਾਰ ਕਬਜ਼ਾਧਾਰੀਆਂ ਖ਼ਿਲਾਫ਼ ਜਾਲੀ ਰਜਿਸਟਰੀਆਂ ਕਰਵਾਉਣ ਦੇ ਇਲਜ਼ਾਮਾਂ ਤਹਿਤ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ।

By  Jasmeet Singh January 20th 2023 03:56 PM -- Updated: January 20th 2023 04:07 PM

ਜਲੰਧਰ, 20 ਜਨਵਰੀ (ਪਤਰਸ ਮਸੀਹ): ਜਲੰਧਰ ਦੇ ਲਤੀਫ਼ਪੁਰਾ ਵਿਚ ਇੰਪਰੂਵਮੈਂਟ ਟਰੱਸਟ ਵੱਲੋਂ ਘਰ ਤੋੜੇ ਜਾਣ ਤੋਂ ਬਾਅਦ ਲਤੀਫ਼ਪੁਰਾ ਦੇ ਚਾਰ ਕਬਜ਼ਾਧਾਰੀਆਂ ਖ਼ਿਲਾਫ਼ ਜਾਲੀ ਰਜਿਸਟਰੀਆਂ ਕਰਵਾਉਣ ਦੇ ਇਲਜ਼ਾਮਾਂ ਤਹਿਤ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਹੀ ਇਸ ਮਾਮਲੇ 'ਚ ਦਿਨੇਸ਼ ਧਿਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਸੀ।

ਟਰੱਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਦਾ ਕਹਿਣਾ ਹੈ ਕਿ ਅਜਿਹੇ ਹੋਰ ਲੋਕਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਚੇਅਰਮੈਨ ਨੇ ਕਿਹਾ ਕਿ ਪੰਜਾਬ ਸਰਕਾਰ ਲਤੀਫ਼ਪੂਰਾ ਦੇ ਸਿਰਫ ਲੋੜਵੰਦ ਲੋਕਾਂ ਦਾ ਹੀ ਮੁੜ-ਵਸੇਬਾ ਕਰੇਗੀ ਅਤੇ ਭੂ-ਮਾਫ਼ੀਆ ਨਾਲ ਸਬੰਧਤ ਕਿਸੇ ਵਿਅਕਤੀ ਨੂੰ ਕੁਝ ਨਹੀਂ ਦਿੱਤਾ ਜਾਵੇਗਾ। 

ਲਤੀਫ਼ਪੁਰਾ ਵਿੱਚ ਜਾਅਲੀ ਰਜਿਸਟਰੀਆਂ ਕਰਵਾਉਣ ਦੇ ਮਾਮਲੇ ਵਿੱਚ ਦਿਨੇਸ਼ ਧੀਰ ਸਮੇਤ ਕੁੱਲ ਚਾਰ ਜਣਿਆਂ ਦਾ ਨਾਂਅ ਪਰਚੇ 'ਚ ਦਰਜ ਕਰ ਲਿਆ ਗਿਆ ਹੈ। ਦਿਨੇਸ਼ ਧੀਰ ਮਗਰੋਂ ਹੁਣ ਰਾਕੇਸ਼ ਕੁਮਾਰ, ਲਖਵਿੰਦਰ ਸਿੰਘ ਅਤੇ ਰਮੇਸ਼ ਧੀਰ ਦੇ ਨਾਂ ਵੀ ਪਰਚੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਪਰਚੇ 'ਚ ਦੱਸਿਆ ਗਿਆ ਕਿ ਦਿਨੇਸ਼ ਧੀਰ ਨੇ ਇਨ੍ਹਾਂ ਸਾਰਿਆਂ ਨਾਲ ਮਿਲ ਕੇ ਜਾਲੀ ਰਜਿਸਟਰੀਆਂ ਕਰਵਾਈਆਂ ਸਨ।

ਦਿਨੇਸ਼ ਧਿਰ ਖ਼ਿਲਾਫ਼ ਟਰੱਸਟ ਦੇ ਚੇਅਰਮੈਨ ਨੇ ਜਲੰਧਰ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਇਨ੍ਹਾਂ ਹੀ ਨਹੀਂ ਪਿਛਲੇ ਦਿਨੀਂ ਇੰਪਰੂਵਮੈਂਟ ਟਰੱਸਟ ਵੱਲੋਂ ਲਤੀਫਪੁਰਾ ਵਿੱਚ ਕੀਤੇ ਐਕਸ਼ਨ 'ਚ ਦਿਨੇਸ਼ ਧੀਰ ਆਪਣੇ ਆਪ ਨੂੰ ਪੀੜਤ ਦੱਸ ਰਹੇ ਸਨ। ਦੱਸ ਦੇਈਏ ਕਿ ਧੀਰ ਮੂਲ ਤੌਰ 'ਤੇ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਹਨ। ਦਿਨੇਸ਼ ਧੀਰ ਪਿਛਲੇ ਸਾਲ ਹੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਸਨ।

ਇਥੇ ਦੱਸਣਾ ਬਣਦਾ ਹੈ ਕਿ ਜਲੰਧਰ ਪੁਲਿਸ ਨੇ ਦਿਨੇਸ਼ ਧੀਰ ਵਿਰੁੱਧ ਲਤੀਫਪੁਰਾ ਸਾਈਟ ਤੋਂ ਕਥਿਤ ਤੌਰ 'ਤੇ ਉਸ ਦੇ ਨਾਂ 'ਤੇ 10 ਜਾਅਲੀ ਰਜਿਸਟਰੀਆਂ ਕਰਵਾਉਣ ਲਈ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਕਥਿਤ ਤੌਰ 'ਤੇ ਧੀਰ ਕੋਲ ਜੋ ਰਜਿਸਟਰੀਆਂ ਸਨ, ਉਨ੍ਹਾਂ ਵਿੱਚ ਖਸਰਾ ਨੰਬਰ ਨਹੀਂ ਸਨ।

ਪਰਚੇ 'ਚ ਦੱਸਿਆ ਗਿਆ ਕਿ ਜਾਲੀ ਰਜਿਸਟਰੀਆਂ ਦੇ ਅਧਾਰ 'ਤੇ ਇੰਪਰੂਵਮੈਂਟ ਟਰੱਸਟ ਦੀ 92 ਮਰਲੇ ਜਗਾ 'ਤੇ ਕਬਜ਼ਾ ਕੀਤਾ ਗਿਆ ਹੈ। ਕਾਬਲੇਗੌਰ ਸਾਰਿਆਂ ਖ਼ਿਲਾਫ਼ ਥਾਣਾ ਨਵੀਂ ਬਾਰਾਂਦਰੀ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ।

Related Post