ਹੰਗਾਮੇ ਮਗਰੋਂ ਚੰਡੀਗੜ੍ਹ ਦੇ ਮੇਅਰ ਦੀ ਚੋਣ ਲਈ ਪ੍ਰਕਿਰਿਆ ਸ਼ੁਰੂ

By  Ravinder Singh January 17th 2023 12:02 PM -- Updated: January 17th 2023 12:06 PM

ਚੰਡੀਗੜ੍ਹ : ਚੰਡੀਗੜ੍ਹ ਸ਼ਹਿਰ ਨੂੰ ਅੱਜ ਨਵਾਂ ਮੇਅਰ ਮਿਲਣ ਜਾ ਰਿਹਾ ਹੈ। ਇਸ ਨੂੰ ਲੈ ਕੇ ਸਿਆਸੀ ਪਾਰਾ ਸਿਖਰਾਂ ਉਤੇ ਪੁੱਜਿਆ ਹੋਇਆ ਹੈ। ਹੰਗਾਮੇ ਮਗਰੋਂ ਚੋਣ ਲਈ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਆਮ ਆਦਮੀ ਪਾਰਟੀ ਦੇ ਕੌਂਸਲਰ ਨਾਮਜ਼ਦ ਕੌਂਸਲਰਾਂ ਨੂੰ ਬਾਹਰ ਭੇਜਣ ਦੀ ਮੰਗ ਕਰ ਰਹੇ ਸਨ। ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਪਿੰਨ ਦਾ ਇਸਤੇਮਾਲ ਕਰਨ ਤੋਂ ਨਾਂਹ ਕਰ ਦਿੱਤੀ ਕਿਉਂਕਿ ਪਿਛਲੀ ਵਾਰ 'ਆਪ' ਦੀ ਇਕ ਵੋਟ ਪਿੰਨ ਦਾ ਨਿਸ਼ਾਨ ਲੱਗਣ ਕਾਰਨ ਰੱਦ ਕਰ ਦਿੱਤੀ ਗਈ ਸੀ।


ਇਸ ਨੂੰ ਲੈ ਕੇ ਹਲਕੀ ਜਿਹੀ ਬਹਿਸ ਮਗਰੋਂ 11.40 ਵਜੇ ਚੋਣ ਪ੍ਰਕਿਰਿਆ ਆਰੰਭ ਹੋ ਗਈ ਹੈ। ਹਾਲਾਂਕਿ 11 ਵਜੇ ਵੋਟਿੰਗ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ ਇਕ ਜਾਅਲੀ ਫੋਟੋ ਵਾਇਰਲ ਨੂੰ ਲੈ ਕੇ ਵੀ ਵਿਵਾਦ ਸ਼ੁਰੂ ਹੋ ਗਿਆ ਹੈ ਕਿ ਕਾਂਗਰਸ ਦੀ ਤਿੰਨ ਵਾਰ ਜੇਤੂ ਰਹੀ ਕੌਂਸਲਰ ਗੁਰਬਖਸ਼ ਰਾਵਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਈ।

ਇਸ ਉਤੇ ਕਾਂਗਰਸ ਦੇ ਸਾਰੇ ਕੌਂਸਲਰ ਭੜਕ ਗਏ ਹਨ ਤੇ ਆਮ ਆਦਮੀ ਪਾਰਟੀ ਉਤੇ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਉਤੇ ਸੌੜੀ ਸਿਆਸਤ ਕਰਨ ਦੇ ਗੰਭੀਰ ਦੋਸ਼ ਲਗਾਏ। ਕਾਂਗਰਸ ਪਾਰਟੀ ਵੱਲੋਂ ਗੁਰਬਖਸ ਰਾਵਤ ਦਾ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਖੰਡਨ ਕੀਤਾ ਗਿਆ ਹੈ। ਕਾਂਗਰਸ ਪਾਰਟੀ ਦੀ ਕੌਂਸਲਰ ਨੇ ਪੁਸ਼ਟੀ ਕਿ ਉਹ 'ਆਪ' ਵਿਚ ਸ਼ਾਮਿਲ ਨਹੀਂ ਹੋਏ।

ਕਾਬਿਲੇਗੌਰ ਹੈ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ) ਦੇ ਕੌਂਸਲਰ ਵੋਟਿੰਗ ਵਿੱਚ ਹਿੱਸਾ ਨਹੀਂ ਲੈਣਗੇ। ਅਜਿਹੇ 'ਚ ਹੁਣ ਮੇਅਰ ਦੀ ਚੋਣ ਲਈ ਭਾਜਪਾ ਅਤੇ ਆਮ ਆਦਮੀ ਪਾਰਟੀ ਵਿਚਾਲੇ ਸਿੱਧੀ ਟੱਕਰ ਹੈ। ਭਾਜਪਾ ਨੇ ਅਨੂਪ ਗੁਪਤਾ ਨੂੰ ਜਦਕਿ 'ਆਪ' ਨੇ ਜਸਬੀਰ ਸਿੰਘ ਲਾਡੀ ਨੂੰ ਮੇਅਰ ਲਈ ਉਮੀਦਵਾਰ ਵਜੋਂ ਮੈਦਾਨ ਵਿਚ ਉਤਾਰਿਆ ਹੈ। ਅੱਜ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਨਗਰ ਨਿਗਮ ਦੀ ਇਮਾਰਤ ਅਤੇ ਇਸ ਦੇ 50 ਮੀਟਰ ਦੇ ਘੇਰੇ ਵਿੱਚ ਸੀਆਰਪੀਸੀ ਦੀ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਠੰਢੀਆਂ ਹਵਾਵਾਂ ਕਾਰਨ ਕੰਬਿਆ ਪੰਜਾਬ, ਧੁੰਦ ਤੋਂ ਮਿਲੀ ਰਾਹਤ

ਮੇਅਰ ਦੇ ਨਾਲ-ਨਾਲ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਵੀ ਚੋਣ ਹੋਵੇਗੀ। ਭਾਜਪਾ ਨੇ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਕੰਵਰਜੀਤ ਰਾਣਾ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਹਰਜੀਤ ਸਿੰਘ ਨੂੰ ਨਾਮਜ਼ਦ ਕੀਤਾ ਹੈ, ਜਦਕਿ 'ਆਪ' ਨੇ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਤਰੁਣਾ ਮਹਿਤਾ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਸੁਮਨ ਸਿੰਘ ਨੂੰ ਨਾਮਜ਼ਦ ਕੀਤਾ ਹੈ। ਭਾਜਪਾ ਕੋਲ ਸੰਸਦ ਮੈਂਬਰਾਂ ਦੀਆਂ ਵੋਟਾਂ ਸਮੇਤ ਕੁੱਲ 15 ਵੋਟਾਂ ਹਨ, ਜਦਕਿ 'ਆਪ' ਕੋਲ ਸਿਰਫ਼ 14 ਕੌਂਸਲਰਾਂ ਦੀਆਂ ਵੋਟਾਂ ਹਨ।

Related Post