ਨਵੰਬਰ 1984 ਸਿੱਖ ਕਤਲੇਆਮ ਦੇ ਸ਼ਹੀਦਾਂ ਦੀ ਯਾਦ ’ਚ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

By  Jasmeet Singh November 2nd 2023 07:14 PM
ਨਵੰਬਰ 1984 ਸਿੱਖ ਕਤਲੇਆਮ ਦੇ ਸ਼ਹੀਦਾਂ ਦੀ ਯਾਦ ’ਚ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ: ਨਵੰਬਰ 1984 ’ਚ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਹੋਏ ਸਿੱਖ ਕਤਲੇਆਮ ਦੇ ਸ਼ਹੀਦਾਂ ਦੀ ਯਾਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਝੰਡਾ ਬੁੰਗਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਵਨੀਤ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਅਰਦਾਸ ਭਾਈ ਗੁਰਚਰਨ ਸਿੰਘ ਨੇ ਕੀਤੀ ਅਤੇ ਸੰਗਤ ਨੂੰ ਪਾਵਨ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਾਜਦੀਪ ਸਿੰਘ ਨੇ ਸਰਵਣ ਕਰਵਾਇਆ।

ਇਸ ਮੌਕੇ ਗਿਆਨੀ ਰਾਜਦੀਪ ਸਿੰਘ ਨੇ ਨਵੰਬਰ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇਸ ਨੂੰ ਸਿੱਖ ਕੌਮ ’ਤੇ ਹੋਇਆ ਵੱਡਾ ਹਮਲਾ ਕਿਹਾ। ਉਨ੍ਹਾਂ ਕਿਹਾ ਕਿ ਦੇਸ਼ ’ਤੇ ਜਦੋਂ ਵੀ ਭੀੜ ਬਣੀ ਤਾਂ ਸਭ ਤੋਂ ਵੱਧ ਕੁਰਬਾਨੀਆਂ ਸਿੱਖ ਕੌਮ ਨੇ ਦਿੱਤੀਆਂ। ਪਰੰਤੂ ਦੇਸ਼ ਅੰਦਰ ਹੀ ਸਿੱਖਾਂ ਨੂੰ ਹਮੇਸ਼ਾ ਬੇਗਾਨਗੀ ਦਾ ਅਹਿਸਾਸ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਨਵੰਬਰ 1984 ਦਾ ਦੁਖਾਂਤ ਅਤਿ ਦੁਖਦਾਈ ਸੀ, ਜਿਸ ਨੂੰ ਕੌਮ ਕਦੇ ਵੀ ਭੁਲਾ ਨਹੀਂ ਸਕਦੀ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਜਰਨਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਨਵੰਬਰ 1984 ’ਚ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਸਮੇਂ ਦੀ ਕਾਂਗਰਸ ਸਰਕਾਰ ਦੀ ਸ਼ਹਿ ’ਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਘਿਨੌਣਾ ਕਾਰਾ ਸੀ, ਜਿਸ ਦਾ ਕਲੰਕ ਕਾਂਗਰਸ ਪਾਰਟੀ ਦੇ ਮੱਥੇ ’ਤੇ ਹਮੇਸ਼ਾ ਰਹੇਗਾ। ਉਨ੍ਹਾਂ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਵੱਲੋਂ ਸਿੱਖ ਕਤਲੇਆਮ ’ਚ ਕਾਂਗਰਸੀ ਆਗੂ ਕਮਲਨਾਥ ਨੂੰ ਬੇਦੋਸ਼ਾ ਸਾਬਤ ਕਰਨ ਦੇ ਬਿਆਨ ਦੀ ਵੀ ਕਰੜੀ ਆਲੋਚਨਾ ਕੀਤੀ।


39 ਸਾਲ ਮਗਰੋਂ ਵੀ ਸਿੱਖ ਕਤਲੇਆਮ ਦਾ ਨਹੀਂ ਮਿਲਿਆ ਇਨਸਾਫ਼ - ਐਡਵੋਕੇਟ ਹਰਜਿੰਦਰ ਸਿੰਘ

ਦਿੱਲੀ ਸਮੇਤ ਦੇਸ਼ ਦੀਆਂ ਵੱਖ-ਵੱਖ ਥਾਵਾਂ ’ਤੇ ਨਵੰਬਰ 1984 ਵਿਚ ਸਮੇਂ ਦੀ ਕਾਂਗਰਸ ਹਕੂਮਤ ਦੀ ਸ਼ਹਿ ’ਤੇ ਸਿੱਖਾਂ ਦੇ ਕੀਤੇ ਕਤਲੇਆਮ ਦੇ ਜ਼ਖ਼ਮ 39 ਸਾਲ ਬੀਤ ਜਾਣ ਮਗਰੋਂ ਵੀ ਅੱਲ੍ਹੇ ਹਨ ਅਤੇ ਦੁੱਖ ਦੀ ਗੱਲ ਹੈ ਸਿੱਖ ਕੌਮ ਨੂੰ ਇਨਸਾਫ਼ ਨਹੀਂ ਮਿਲਿਆ। ਜਾਰੀ ਬਿਆਨ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਨਵੰਬਰ 1984 ’ਚ ਸਰਕਾਰ ਦੀ ਸ਼ਹਿ ’ਤੇ ਕਈ ਦਿਨ ਸਿੱਖਾਂ ’ਤੇ ਕਹਿਰ ਢਾਹਿਆ ਗਿਆ, ਜਿਸ ਨੇ ਦੁਨੀਆਂ ਦੇ ਹਰ ਸੰਵੇਦਨਸ਼ੀਲ ਮਨੁੱਖ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ। ਸਰਕਾਰ ਦੀ ਸ਼ਹਿ ’ਤੇ  ਕੀਤਾ ਗਿਆ ਇਹ ਮਾਨਵਤਾ ਵਿਰੋਧੀ ਕਰੂਰ ਕਾਰਾ ਸੀ, ਜਿਸ ਤੋਂ ਕਾਂਗਰਸ ਕਦੇ ਵੀ ਬਰੀ ਨਹੀਂ ਹੋ ਸਕਦੀ। 

ਉਨ੍ਹਾਂ ਕਿਹਾ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਉੱਚ ਅਹੁਦੇ ਦੇ ਕੇ ਕਾਂਗਰਸ ਪਾਰਟੀ ਉਨ੍ਹਾਂ ਦੀ ਪੁਸ਼ਤਪਨਾਹੀ ਕਰ ਰਹੀ ਹੈ। ਉਨ੍ਹਾਂ ਹਾਲ ਹੀ ਵਿਚ ਪੰਜਾਬ ਦੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕਮਲਨਾਥ ਦਾ ਦਿੱਲੀ ਸਿੱਖ ਕਤਲੇਆਮ ਵਿਚ ਕੋਈ ਰੋਲ ਨਾ ਹੋਣ ਦੇ ਬਿਆਨ ਨੂੰ ਵੀ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਕਰਾਰ ਦਿੱਤਾ। ਐਡਵੋਕੇਟ ਧਾਮੀ ਨੇ ਕਿਹਾ ਕਿ ਰਾਜਾ ਵੜਿੰਗ ਦੇ ਬਿਆਨ ਨਾਲ ਕਾਂਗਰਸ ਆਗੂਆਂ ਦਾ ਸਿੱਖ ਵਿਰੋਧੀ ਚਿਹਰਾ ਇਕ ਵਾਰ ਫਿਰ ਸਾਹਮਣੇ ਆ ਗਿਆ ਹੈ।

Related Post