Sri Guru Angad Dev ji Parkash Purab : ਦੂਸਰੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਵਿਸ਼ੇਸ਼
Sri Guru Angad Dev ji Parkash Purab : ਦੂਸਰੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਜਿੰਨਾਂ ਦਾ ਪਹਿਲਾਂ ਨਾਂ ਭਾਈ ਲਹਿਣਾ ਜੀ ਸੀ। ਭਾਈ ਲਹਿਣਾ ਜੀ ਦਾ ਜਨਮ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮੱਤੇ ਦੀ ਸਰਾਂ ਵਿਖੇ ਮਾਤਾ ਦਇਆ ਕੌਰ ਜੀ ਦੇ ਕੁਖੋਂ ਭਾਈ ਫੇਰੂਮੱਲ ਜੀ ਦੇ ਘਰ ਹੋਇਆ। ਭਾਈ ਲਹਿਣਾ ਜੀ ਉਸ ਵਕਤ ਕਾਫੀ ਛੋਟੀ ਉਮਰ ਦੇ ਸੀ,ਜਦੋਂ ਬਾਬਰ ਦੇ ਹਮਲੇ ਕਾਰਨ ਮੱਤੇ ਦੀ ਸਰਾਂ ਪਿੰਡ ਉੱਜੜ ਗਿਆ ਸੀ। ਭਾਈ ਲਹਿਣਾ ਜੀ ਦੇ ਪਿਤਾ ਫੇਰੂਮੱਲ ਜੀ ਪਰਿਵਾਰ ਸਮੇਤ ਪਿੰਡ ਖਡੂਰ ਆ ਗਏ। ਇਥੇ ਉਨ੍ਹਾਂ ਇਕ ਹੱਟੀ ਦਾ ਕੰਮ ਸੰਭਾਲਿਆ। ਭਾਈ ਲਹਿਣਾ ਜੀ ਵੈਸ਼ਨੋ ਦੇਵੀ ਮਾਤਾ ਦੇ ਭਗਤ ਸਨ।
ਗੁਰੂ ਅੰਗਦ ਦੇਵ ਜੀ ਦਾ ਜਨਮ ਬਾਬਾ ਫੇਰੂਮੱਲ ਜੀ ਦੇ ਘਰ ਮੱਤੇ ਦੀ ਸਰਾਂ, ਪਿੰਡ ਹਰੀਕੇ, ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ। ਆਪ ਜੀ ਦਾ ਬਚਪਨ ਦਾ ਨਾਂ 'ਲਹਿਣਾ' ਸੀ। ਸਿੱਖ ਧਰਮ ਦੀ ਸਦੀਂਵੀ ਹੋਂਦ ਬਰਕਰਾਰ ਰੱਖਣ ਲਈ ਗੁਰੂ ਨਾਨਕ ਦੇਵ ਜੀ ਨੇ ਆਪਣੀ ਦੂਰ-ਦ੍ਰਿਸਟੀ ਨਾਲ ਗੁਰੂ-ਚੇਲੇ ਦੀ ਰੀਤ ਚਲਾ ਕੇ ਭਾਈ ਲਹਿਣੇ ਨੂੰ ਦੂਜੇ ਗੁਰੂ ਅੰਗਦ ਦੇਵ ਜੀ ਦੇ ਰੂਪ ਵਿਚ ਸਥਾਪਤ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਅੰਗਦ ਦੇਵ ਜੀ ਦੇ 62 ਸਲੋਕ ਦਰਜ ਹਨ।
ਹਰ ਸਾਲ ਭਾਈ ਲਹਿਣਾ ਜੀ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਸਨ। ਇੱਕ ਵਾਰ ਦੀ ਗੱਲ ਹੈ ਕਿ ਖਡੂਰ ਪਿੰਡ 'ਚ ਜੋਧਾ ਨਾਂ ਦਾ ਇੱਕ ਵਿਅਕਤੀ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਜੱਪਦਾ ਸੀ। ਭਾਈ ਲਹਿਣਾ ਜੀ ਨੇ ਭਾਈ ਜੋਧਾ ਜੀ ਮੁੱਖੋਂ ਬਾਣੀ ਸੁਣ ਲਈ ਤਾਂ ਭਾਈ ਲਹਿਣਾ ਜੀ ਦੇ ਮਨ ਨੂੰ ਲੱਗ ਗਈ। ਭਾਈ ਲਹਿਣਾ ਜੀ ਨੇ ਭਾਈ ਜੋਧਾ ਨੂੰ ਪੁੱਛਿਆ ਕਿ ਉਹਨਾਂ ਨੇ ਇਹ ਬਾਣੀ ਕਿਥੋਂ ਸਿੱਖੀ। ਭਾਈ ਜੋਧਾ ਜੀ ਨੇ ਜਵਾਬ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਲਿਆ। ਭਾਈ ਲਹਿਣਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦਾ ਮੰਨ ਬਣਾ ਲਿਆ।
ਭਾਈ ਲਹਿਣਾ ਜੀ ਨੂੰ ਭਾਈ ਜੋਧਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਸਾਹਿਬ ਹੋਣ ਬਾਰੇ ਦੱਸਿਆ ਸੀ। ਭਾਈ ਲਹਿਣਾ ਜੀ ਦੇਵੀ ਦੇ ਦਰਸ਼ਨਾ ਲਈ ਆਪਣੇ ਪਿੰਡ ਦੇ ਯਾਤਰੂਆਂ ਨਾਲ ਜਾ ਰਹੇ ਸੀ ਤਾਂ ਰਸਤੇ ਵਿੱਚ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਬਾਰੇ ਸੋਚਿਆ ਤੇ ਉਹ ਕੀਰਤਪੁਰ ਸਾਹਿਬ ਵੱਲ ਮੁੜ ਗਏ। ਭਾਈ ਲਹਿਣਾ ਜੀ ਉਸ ਵਕਤ ਘੋੜੇ ’ਤੇ ਸਵਾਰ ਸੀ। ਰਸਤੇ ਵਿੱਚ ਉਹਨਾਂ ਨੂੰ ਇੱਕ ਬਜ਼ੁਰਗ ਵਿਅਕਤੀ ਮਿਲਿਆ ਭਾਈ ਲਹਿਣਾ ਜੀ ਨੇ ਉਹਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਪੁੱਛਿਆ ਤਾਂ ਉਸ ਬਜ਼ੁਰਗ ਵਿਅਕਤੀ ਨੇ ਕਿਹਾ ਚਲੋ ਮੈਂ ਤਹਾਨੂੰ ਲੈ ਚਲਦਾ ਹਾਂ।
ਉਹ ਬਜ਼ੁਰਗ ਵਿਅਕਤੀ ਹੋਰ ਕੋਈ ਨਹੀਂ ਸੀ ਸਗੋਂ ਆਪ ਸ੍ਰੀ ਗੁਰੂ ਨਾਨਕ ਦੇਵ ਜੀ ਸਨ ਜਿੰਨਾਂ ਦਾ ਪਤਾ ਭਾਈ ਲਹਿਣਾ ਜੀ ਪੁੱਛ ਰਹੇ ਸੀ। ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਦੇ ਘੋੜੇ ਦੀ ਲਗਾਮ ਫੜ ਲਈ ’ਤੇ ਚਲਦੇ ਗਏ ਤੇ ਭਾਈ ਲਹਿਣਾ ਜੀ ਘੋੜੇ ’ਤੇ ਸਵਾਰ ਰਹੇ। ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ:- ''ਚਰਨ ਸਰਨਿ ਗੁਰ ਏਕ ਪੈਡਾ ਜਾਇ ਚਲ ਸਤਿ ਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ " ਜਦੋਂ ਸੱਚੇ ਗੁਰੂ ਵੱਲ ਕਦਮ ਵਧਾਇਏ ਤਾਂ ਗੁਰੂ ਆਪ ਚਲਕੇ ਲੈਣ ਲਈ ਆਉਂਦਾ ਹੈ ਪਰ ਭਾਈ ਲਹਿਣਾ ਜੀ ਨੂੰ ਇਹ ਗੱਲ ਨਹੀਂ ਸੀ ਪਤਾ ਕਿ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਘੋੜੇ ਦੀ ਲਗਾਮ ਫੜੀ ਹੋਈ ਹੈ ਉਹ ਸ੍ਰੀ ਗੁਰੂ ਨਾਨਕ ਦੇ ਜੀ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਦਰਬਾਰ ਆਉਣ 'ਤੇ ਭਾਈ ਲਹਿਣਾ ਜੀ ਦੇ ਘੋੜੇ ਨੂੰ ਕਿੱਲੇ ਨਾਲ ਬੰਨ੍ਹ ਦਿੱਤਾ 'ਤੇ ਕਿਹਾ ਤੁਹਾਡੀ ਮੰਜਿਲ ਆ ਗਈ ਮੈਂ ਚਲਦਾ ਹਾਂ। ਜਿਸ ਵਕਤ ਭਾਈ ਲਹਿਣਾ ਜੀ ਅੰਦਰ ਗਏ ਤਾਂ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਲਈ ਪੰਗਤ 'ਚ ਬੈਠੀਆਂ ਹੋਈਆਂ ਸਨ ਤੇ ਜਦੋਂ ਭਾਈ ਲਹਿਣਾ ਜੀ ਨੇ ਗੁਰੂ ਸਾਹਿਬ ਵੱਲ ਦੇਖਿਆ ਤਾਂ ਉਹ ਹੈਰਾਨ ਹੋ ਗਏ ਅਤੇ ਚਿੰਤਾ ਵਿੱਚ ਆ ਗਏ....ਤੇ ਸੋਚਣ ਲੱਗੇ ਕਿ ਜਿਹੜੇ ਗੁਰੂ ਨੂੰ ਉਹ ਮਿਲਣ ਲਈ ਆਏ ਸਨ ਇਹ ਤਾਂ ਉਹੀ ਸਨ ਜਿਹੜੇ ਮੈਨੂੰ ਇੱਥੋਂ ਤੱਕ ਆਪ ਚੱਲ ਕੇ ਮੈਨੂੰ ਲੈ ਕੇ ਆਏ ਸਨ।
ਭਾਈ ਲਹਿਣਾ ਜੀ ਨੇ ਗੁਰੂ ਜੀ ਅੱਗੇ ਮੱਥਾ ਟੇਕਿਆ ਅਤੇ ਮੁਆਫੀ ਮੰਗੀ ਗੁਰੂ ਸਾਹਿਬ ਨੇ ਕਿਹਾ ਕੋਈ ਗੱਲ ਨਹੀਂ ਅਤੇ ਨਾਲ ਹੀ ਕਿਹਾ ਤੁਹਾਡਾ ਕੀ ਨਾਂ ਹੈ? ਭਾਈ ਲਹਿਣਾ ਜੀ ਨੇ ਕਿਹਾ ਲਹਿਣਾ.....ਗੁਰੂ ਸਾਹਿਬ ਨੇ ਭਾਈ ਲਹਿਣਾ ਦਾ ਨਾਮ ਸੁਣ ਕੇ ਕਿਹਾ ਤੁਸੀਂ ਲਹਿਣਾ ਤੇ ਅਸੀਂ ਦੇਣਾ। ਭਾਈ ਲਹਿਣਾ ਜੀ ਨੇ 1532 ਤੋਂ 1539 ਤੱਕ ਗੁਰੂ ਨਾਨਕ ਦੇਵ ਜੀ ਦੇ ਸ਼ਰਨ 'ਚ ਰਹਿ ਕੇ ਲੋਕ ਭਲਾਈ ਦੇ ਕੰਮ ਕੀਤੇ ਤੇ ਲੋਕਾਂ ਨੂੰ ਉਸ ਪ੍ਰਮਾਤਮਾ ਨਾਲ ਜੁੜ ਕੇ ਉਸ ਪ੍ਰਮਾਤਮਾ ਦੇ ਹੁਕਮ 'ਚ ਰਹਿਣ ਦੀ ਪ੍ਰਰਨਾ ਦਿੱਤੀ। ਭਾਈ ਲਹਿਣਾ ਜੀ ਦੇ ਜਦੋਂ ਜੀਵਨ ਦੇ ਪੰਨਿਆ ਨੂੰ ਫਰੋਲੀਏ ਤਾਂ ਉਹਨਾਂ ਦੇ ਜੀਵਨ ਤੋਂ ਹੁਕਮ ਮੰਨਣ ਦੀ ਸਿੱਖਿਆ ਮਿਲਦੀ ਹੈ।
ਭਾਈ ਲਹਿਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥ ਅਤੇ ਵਿਚਾਰਾਂ 'ਚ ਇਹਨੇ ਕੁ ਸਮਰਪਿਤ ਸਨ ਕਿ ਇੱਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੀਆਂ ਸਿੱਖ ਸੰਗਤਾਂ ਨੂੰ ਕਹਿ ਦਿੱਤਾ ਕਿ ਮੇਰੇ ਪਿੱਛੇ ਕੋਈ ਨਾ ਆਏ ਜੋ ਲ਼ੈਣਾ ਚਾਹੁੰਦੇ ਹੋ ਲੈ ਜਾਓ ਪਰ ਮੇਰੇ ਪਿੱਛੇ ਕੋਈ ਨਾ ਆਓ ਉਸ ਵਕਤ ਗੁਰੂ ਸਾਹਿਬ ਜੀ ਨਾਲ ਭਾਈ ਲਹਿਣਾ ਜੀ ਤੇ ਬਾਬਾ ਬੁੱਢਾ ਜੀ ਸਨ। ਸਾਰੀ ਸੰਗਤ ਗੁਰੁ ਨਾਨਕ ਦੇਵ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ,ਦੌਲਤ,ਸ਼ੋਹਰਤਾਂ ਲੈ ਕੇ ਆਪਣੇ-ਆਪਣੇ ਘਰਾਂ ਨੂੰ ਜਾਈ ਜਾ ਰਹੀ ਸੀ ਪਰ ਬਾਬਾ ਬੁੱਢਾ ਜੀ ਤੇ ਭਾਈ ਲਹਿਣਾ ਜੀ ਨਹੀਂ ਜਾ ਰਹੇ ਸੀ।
ਗੁਰੂ ਸਾਹਿਬ ਨੇ ਪੁੱਛਿਆ ਕਿ ਤੁਸੀਂ ਕਿਉੰ ਨਹੀਂ ਜਾ ਰਹੇ, ਲੈ ਜਾਵੋਂ ਜੋ ਵੀ ਲੈ ਕੇ ਜਾਣਾ ਪਰ ਬਾਬਾ ਬੁੱਢਾ ਤੇ ਭਾਈ ਲਹਿਣਾ ਜੀ ਨਹੀਂ ਮੰਨੇ। ਉਸ ਵਕਤ ਗੁਰੂ ਜੀ ਨੇ ਕਿਹਾ ਕਿ ਜੇਕਰ ਤੁਸੀਂ ਦੋਨੋ ਮੇਰੇ ਪਿੱਛੇ ਆਏ ਤਾਂ ਤਹਾਨੂੰ ਮੁਰਦਾ ਖਾਣਾ ਪਵੇਗਾ ਇਹ ਸੁਣਕੇ ਬਾਬਾ ਬੁੱਢਾ ਜੀ ਨੇ ਕਿਹਾ ਮਾਫੀ ਦਿਓ ਗੁਰੂ ਜੀ ਮੇਰੇ ਕੋਲੋਂ ਇਹ ਹੁਕਮ ਨਹੀਂ ਮੰਨਿਆ ਜਾਣਾ ਤੇ ਉਹ ਦਰਖ਼ਤ ਪਿੱਛੇ ਜਾ ਕੇ ਲੁੱਕ ਗਏ। ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਕਿਹਾ ਤੁਸੀਂ ਕਿਉਂ ਨਹੀਂ ਗਏ ਭਾਈ ਲਹਿਣਾ ਜੀ ਨੇ ਅੱਗੋਂ ਜਵਾਬ ਦਿੱਤਾ ਗੁਰੂ ਜੀ ਮੇਰਾ ਕੋਈ ਥਾਂ ਨਹੀਂ ਤੁਸੀ ਦੱਸੋ ਮੁਰਦਾ ਸਿਰ ਤੋਂ ਖਾਣਾ ਸ਼ੁਰੂ ਕਰਾਂ ਜਾਂ ਪੈਰਾ ਤੋਂ ਇਹ ਸੁਣਕੇ ਗੁਰੂ ਮੁਸਕਰਾਏ ਤੇ ਕਿਹਾ ਤੇਰੀ ਮਰਜੀ ਜਿਦਰੋ-ਮਰਜੀ ਸ਼ੁਰੂ ਕਰ ਲੈ ਤੇ ਜਦੋਂ ਮੁਰਦੇ ਤੋਂ ਕੱਪੜਾ ਚੁੱਕਿਆ ਤਾਂ ਮੁਰਦੇ ਦੀ ਜਗਾ ਤੇ ਗਰਮ-ਗਰਮ ਕੜਾਹ ਪ੍ਰਸ਼ਾਦ ਦੀ ਦੇਗ ਸੀ।
ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਉਸ ਵਕਤ ਗੁਰਗੱਦੀ ਸੌਂਪ ਦਿੱਤੀ ਤੇ ਕਿਹਾ ਤੁਸੀਂ ਗੁਰੂ ਦੀ ਰਜ਼ਾ 'ਚ ਰਹਿਣਾ ਤੇ ਹੁਕਮ ਮੰਨਣਾ,ਦੁੱਨੀਆ ਯਾਦ ਰੱਖੇਗੀ ਤੇ ਅੱਜ ਤੋਂ ਤੁਸੀਂ ਗੁਰਗੱਦੀ ਅਤੇ ਬੈਠੋਗੇ ਤੇ ਅਸੀਂ ਤੁਹਾਡੀ ਸੇਵਾ ਵਿੱਚ। ਗੁਰੂ ਨਾਨਕ ਦੇਵ ਜੀ ਨੇ ਉਸ ਵਕਤ ਭਾਈ ਲਹਿਣਾ ਜੀ ਨੂੰ ਮੱਥਾ ਟੇਕਿਆ ਤੇ ਉਹਨਾਂ ਦਾ ਨਾਮ ਭਾਈ ਲਹਿਣਾ ਤੋਂ ਗੂਰੂ ਅੰਗਦ ਦੇਵ ਜੀ ਰੱਖਿਆ। ਸ੍ਰੀ ਅੰਗਦ ਦੇਵ ਜੀ ਨੇ ਗੁਰਮੁੱਖੀ ਲਿੱਪੀ (35 ਅੱਖਰੀ) ਉਚਾਰੀ ਤੇ ਗੁਰੂ ਨਾਨਕ ਦੇਵ ਜੀ ਦੀ ਚਲਾਈ ਹੋਈ ਲੰਗਰ ਪ੍ਰਥਾ ਨੂੰ ਅੱਗੇ ਤੋਰਿਆ।
ਸ੍ਰੀ ਗੁਰੂ ਅੰਗਦ ਦੇਵ ਜੀ ਦੇ 63 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹਨ। ਆਸਾ ਦੀ ਵਾਰ ਦੇ ਪਾਠ 'ਚ ਗੁਰੂ ਸਾਹਿਬ ਦੇ 33 ਸਲੋਕ ਦਰਜ ਹਨ। ਸ੍ਰੀ ਗੁਰੂ ਅੰਗਦ ਦੇਵ ਜੀ 1552 ਈ. ਦੇ ਵਿੱਚ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਸੌਂਪ ਕੇ ਜੋਤੀ ਜੋਤਿ ਸਮਾਂ ਗਏ। ਸੇਵਾ,ਸਿਮਰਨ ਅਤੇ ਸਹਿਣਸ਼ੀਲਤਾ ਦੇ ਪ੍ਰਤੀਕ ਸ੍ਰੀ ਗੁਰੂ ਅੰਗਦ ਦੇਵ ਜੀ ਜਿੰਨਾ ਨੇ ਪ੍ਰਮਾਤਮਾ ਦੇ ਹੁਕਮ ਤੇ ਰਜ਼ਾ 'ਚ ਰਹਿਣ ਦਾ ਸੰਦੇਸ਼ ਦਿੱਤਾ। ਉਹਨਾਂ ਦੀ ਯਾਦ ਵਿੱਚ ਅੱਜ-ਕੱਲ੍ਹ ਗੁਰਦੁਆਰਾ ਸ੍ਰੀ ਖਡੂਰ ਸਾਹਿਬ ਸਥਾਪਿਤ ਹੈ।
- PTC NEWS