ਬੇਅਦਬੀ ਖਿਲਾਫ ਕਾਨੂੰਨ ਵਿੱਚ ਸੋਧ ਦਾ ਮਾਮਲਾ ; ਜਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਰਕਾਰ ਨੂੰ ਯਾਦ ਕਰਵਾਈ ਡੈੱਡਲਾਈਨ

ਇਸ ਮੌਕੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਅਤੇ ਅੰਮ੍ਰਿਤਸਰ ਦੱਖਣ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਮਾਰਚ ਦੇ ਸਵਾਗਤ ਲਈ ਮੌਜੂਦ ਸਨ।

By  Aarti July 25th 2026 01:54 PM

Amritsar News :  ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਤੱਕ ਆਰੰਭ ਹੋਏ ਮੀਰੀ-ਪੀਰੀ ਖਾਲਸਾ ਮਾਰਚ ਦੌਰਾਨ ਉਸ ਸਮੇਂ ਇੱਕ ਅਹਿਮ ਪਲ ਵੇਖਣ ਨੂੰ ਮਿਲਿਆ ਜਦੋਂ ਮਾਰਚ ਚੀਫ ਖਾਲਸਾ ਦੀਵਾਨ ਦੇ ਮੁੱਖ ਦਰਵਾਜ਼ੇ ਅੱਗੇ ਪਹੁੰਚਿਆ। ਇਸ ਮੌਕੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਅਤੇ ਅੰਮ੍ਰਿਤਸਰ ਦੱਖਣ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਮਾਰਚ ਦੇ ਸਵਾਗਤ ਲਈ ਮੌਜੂਦ ਸਨ।

ਨਿੱਝਰ ਸਾਹਿਬ 29 ਜੁਲਾਈ ਨੇੜੇ ਆ ਗਈ ਹੈ- ਜਥੇਦਾਰ

ਮਾਰਚ ਦੀ ਅਗਵਾਈ ਕਰ ਰਹੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮਾਈਕ ਰਾਹੀਂ ਜਨਤਕ ਤੌਰ 'ਤੇ ਡਾ. ਨਿੱਜਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਿੱਜਰ ਸਾਹਿਬ, 29 ਤਰੀਕ ਨੇੜੇ ਆ ਗਈ ਹੈ, ਅਜੇ ਤੱਕ ਕੁਝ ਵੀ ਨਹੀਂ ਕੀਤਾ, ਉਨ੍ਹਾਂ ਤੱਕ ਸੁਣੇਹਾ ਪਹੁੰਚਾ ਦਿਓ। ਜਥੇਦਾਰ ਦੇ ਇਸ ਬਿਆਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਇਸ ਨੂੰ ਲੈ ਕੇ ਵੱਖ-ਵੱਖ ਪੱਧਰਾਂ 'ਤੇ ਚਰਚਾ ਛਿੜ ਗਈ ਹੈ।

ਸੋਧਾਂ ਲਈ ਜਥੇਦਾਰ ਸਾਹਿਬ ਨੇ ਦਿੱਤਾ ਸੀ ਇੱਕ ਮਹੀਨੇ ਦਾ ਸਮਾਂ

ਦੱਸਣਯੋਗ ਹੈ ਕਿ 29 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੇਅਦਬੀ ਨਾਲ ਸਬੰਧਤ ਕਾਨੂੰਨ ਵਿੱਚ ਸੋਧ ਦੇ ਮੁੱਦੇ 'ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ, ਕੈਬਨਿਟ ਮੰਤਰੀਆਂ ਅਤੇ ਕੁਝ ਵਿਧਾਇਕਾਂ ਨੂੰ ਤਲਬ ਕੀਤਾ ਗਿਆ ਸੀ। ਉਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੇਅਦਬੀ ਕਾਨੂੰਨ ਵਿੱਚ ਲੋੜੀਂਦੀ ਸੋਧ ਕਰਨ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ, ਜਿਸ ਦੀ ਮਿਆਦ 29 ਜੁਲਾਈ ਨੂੰ ਪੂਰੀ ਹੋ ਰਹੀ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿੱਚ 29 ਜੂਨ ਨੂੰ ਹੋਈ ਸੀ ਇਕੱਤਰਤਾ 

ਉਸ ਮੀਟਿੰਗ ਦੌਰਾਨ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਬੇਅਦਬੀ ਕਾਨੂੰਨ ਸਬੰਧੀ ਬਣਾਈ ਗਈ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਵਜੋਂ ਪੇਸ਼ ਹੋਏ ਸਨ। ਇਸੇ ਪ੍ਰਸੰਗ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮਾਰਚ ਦੌਰਾਨ ਉਨ੍ਹਾਂ ਨੂੰ ਮਿਆਦ ਦੀ ਯਾਦ ਦਿਵਾਉਂਦੇ ਹੋਏ ਇਹ ਟਿੱਪਣੀ ਕੀਤੀ, ਜਿਸ ਨੂੰ ਕਈ ਲੋਕ ਬੇਅਦਬੀ ਕਾਨੂੰਨ ਵਿੱਚ ਸੋਧ ਸਬੰਧੀ ਦਿੱਤੇ ਭਰੋਸੇ ਦੀ ਯਾਦ ਦਿਵਾਉਣ ਵਜੋਂ ਦੇਖ ਰਹੇ ਹਨ। 

ਇਹ ਵੀ ਪੜ੍ਹੋ  : Liquor Shop In Delhi : ਸ਼ਰਾਬ ਦੀਆਂ ਦੁਕਾਨਾਂ ਦਾ ਬਦਲਿਆ ਸਮਾਂ; ਸੀਜੇਪੀ ਦੇ ਵਿਰੋਧ ਪ੍ਰਦਰਸ਼ਨ ਵਿਚਾਲੇ ਲਿਆ ਗਿਆ ਫੈਸਲਾ

Related Post