Punjab Bus Strike News : ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ, PRTC ਕਾਮਿਆਂ ਵੱਲੋਂ 3 ਰੋਜ਼ਾ ਹੜਤਾਲ ਦਾ ਐਲਾਨ
Punjab Bus Strike News : ਸਰਕਾਰੀ ਬੱਸਾਂ 'ਚ ਰੋਜ਼ਾਨਾ ਸਫਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ। ਯਾਤਰੀਆਂ ਨੂੰ 3 ਦਿਨ ਲਈ ਖੱਜਲ ਹੋਣਾ ਪੈ ਸਕਦਾ ਹੈ। ਪੀਆਰਟੀਸੀ / ਪਨਬਸ ਠੇਕਾ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੀਆਂ ਲਾਰਾ - ਲਾਊ ਨੀਤੀਆਂ ਤੋਂ ਤੰਗ ਆ ਕੇ ਇੱਕ ਵਾਰ ਫਿਰ ਸੰਘਰਸ਼ ਦਾ ਐਲਾਨ ਕੀਤਾ ਹੈ। ਮੁਲਾਜ਼ਮਾਂ ਵੱਲੋਂ 27 ਅਪ੍ਰੈਲ ਤੋਂ ਸੰਘਰਸ਼ ਦਾ ਕਰਨ ਦਾ ਐਲਾਨ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਪੀਆਰਟੀਸੀ/ਪਨਬਸ ਕੰਟਰੈਕਟ ਮੁਲਾਜ਼ਮ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਵਾਰ-ਵਾਰ ਕੀਤੇ ਗਏ ਵਾਅਦਿਆਂ ਦੇ ਬਾਵਜੂਦ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਦੀ ਪੱਕਿਆਈ ਦਾ ਮਸਲਾ ਅਜੇ ਵੀ ਹੱਲ ਨਹੀਂ ਹੋਇਆ। ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਸਾਰੇ ਕੰਟਰੈਕਟ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇਗਾ, ਪਰ ਹੁਣ ਵਿਧਾਨ ਸਭਾ ਦਾ ਆਖ਼ਰੀ ਮੌਨਸੂਨ ਸੈਸ਼ਨ ਸਿਰ ’ਤੇ ਆ ਖੜ੍ਹਾ ਹੋਇਆ ਹੈ, ਅਤੇ ਹਾਲੇ ਤੱਕ ਇਸ ਦਿਸ਼ਾ ਵਿੱਚ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।
ਕੰਡਮ ਹੋਈਆਂ 800 ਬੱਸਾਂ
ਵਿਭਾਗ ਦੀਆਂ ਲਗਭਗ 800 ਬੱਸਾਂ ਕੰਡਮ ਹੋ ਚੁੱਕੀਆਂ ਹਨ। ਇਹ ਬੱਸਾਂ ਪਿਛਲੀਆਂ ਕਾਂਗਰਸ ਅਤੇ ਅਕਾਲੀ ਸਰਕਾਰਾਂ ਦੇ ਸਮੇਂ ਖ਼ਰੀਦੀਆਂ ਗਈਆਂ ਸਨ, ਜੋ ਹੁਣ ਆਪਣੀ ਉਮਰ ਪੂਰੀ ਕਰ ਚੁੱਕੀਆਂ ਹਨ। ਮੌਜੂਦਾ ਸਰਕਾਰ ਵੱਲੋਂ ਸਿਰਫ਼ 600 ਦੇ ਕਰੀਬ ਨਵੀਆਂ ਬੱਸਾਂ ਪਾਉਣ ਦੀ ਗੱਲ ਕੀਤੀ ਜਾ ਰਹੀ ਹੈ, ਜਦਕਿ ਖ਼ਰਾਬ ਹੋ ਚੁੱਕੀਆਂ ਬੱਸਾਂ ਦੀ ਗਿਣਤੀ 800 ਤੋਂ ਵੱਧ ਹੈ। ਇਸ ਦੇ ਨਾਲ ਹੀ ਬੱਸਾਂ ਲਈ ਲੋੜੀਂਦੇ ਸਪੇਅਰ ਪਾਰਟਸ ਵੀ ਸਮੇਂ ਸਿਰ ਨਹੀਂ ਪਹੁੰਚ ਰਹੇ, ਜਿਸ ਕਾਰਨ ਮੁਰੰਮਤ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ।
Dilpreet Dhillon ਨੇ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਚਾੜ੍ਹਿਆ ਕੁਟਾਪਾ ! ਮੁਹਾਲੀ 'ਚ ਦਰਜ ਹੋਈ FIR, ਜਾਣੋ ਪੂਰਾ ਮਾਮਲਾ
ਵਿੱਤੀ ਸੰਕਟ: 1200 ਕਰੋੜ ਦਾ ਬਕਾਇਆ
ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਫ਼ਤ ਬੱਸ ਸੇਵਾ ਸਕੀਮ ਤਹਿਤ ਵਿਭਾਗ ਦਾ ਲਗਭਗ 1200 ਕਰੋੜ ਰੁਪਏ ਦਾ ਬਕਾਇਆ ਸਰਕਾਰ ਵੱਲ ਖੜ੍ਹਾ ਹੈ। ਇਹ ਪੈਸਾ ਸਮੇਂ ਸਿਰ ਨਾ ਮਿਲਣ ਕਾਰਨ ਵਿਭਾਗ ਦੀ ਵਿੱਤੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ, ਜਿਸ ਦਾ ਸਿੱਧਾ ਅਸਰ ਬੱਸਾਂ ਦੀ ਖ਼ਰੀਦ ਅਤੇ ਮੁਰੰਮਤ ਵਰਗੇ ਜ਼ਰੂਰੀ ਕੰਮਾਂ ’ਤੇ ਪੈ ਰਿਹਾ ਹੈ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਹੁਣ ਵੀ ਕੋਈ ਐਕਟ ਬਣਾਉਂਦੀ ਹੈ ਤਾਂ ਵੀ ਇਸ ਗੱਲ ਦਾ ਖ਼ਦਸ਼ਾ ਹੈ ਕਿ ਉਸ ਨੂੰ ਅਮਲ ਵਿੱਚ ਨਹੀਂ ਲਿਆਂਦਾ ਜਾਵੇਗਾ, ਬਲਕਿ ਅਣਗੌਲਿਆ ਕੀਤਾ ਜਾਵੇਗਾ।
ਸਰਕਾਰ ਨੇ ਮੀਟਿੰਗਾਂ ਦੌਰਾਨ ਲਾਰਾ ਲਾਇਆ : ਜਥੇਬੰਦੀ
ਇਸ ਮਸਲੇ ਨੂੰ ਲੈ ਕੇ 24 ਤਰੀਕ ਨੂੰ ਹੋਈ ਆਖ਼ਰੀ ਮੀਟਿੰਗ ਵਿੱਚ ਵਿਚਾਰ-ਵਟਾਂਦਰਾ ਹੋਇਆ ਸੀ। ਇਸ ਤੋਂ ਬਾਅਦ 4 ਜੁਲਾਈ ਨੂੰ ਮੁੜ ਗੱਲਬਾਤ ਹੋਈ, ਜਿਸ ਵਿੱਚ ਇੱਕ ਖਰੜਾ (ਡਰਾਫਟ) ਤਿਆਰ ਕੀਤਾ ਗਿਆ ਸੀ ਅਤੇ ਭਰੋਸਾ ਦਿੱਤਾ ਗਿਆ ਸੀ ਕਿ 10 ਦਿਨਾਂ ਦੇ ਅੰਦਰ-ਅੰਦਰ ਸਾਰੇ ਮਸਲਿਆਂ ਦਾ ਹੱਲ ਕੱਢ ਲਿਆ ਜਾਵੇਗਾ। ਪਰ ਅੱਜ ਉਸ ਗੱਲਬਾਤ ਨੂੰ 20 ਤੋਂ ਵੱਧ ਦਿਨ ਬੀਤ ਚੁੱਕੇ ਹਨ ਅਤੇ ਹਾਲੇ ਤੱਕ ਕੋਈ ਹੱਲ ਸਾਹਮਣੇ ਨਹੀਂ ਆਇਆ।
ਤਿੰਨ ਰੋਜ਼ਾ ਹੜਤਾਲ ਦਾ ਐਲਾਨ
ਸਰਕਾਰ ਦੀ ਇਸ ਟਾਲ-ਮਟੋਲ ਵਾਲੀ ਨੀਤੀ ਤੋਂ ਅੱਕ ਕੇ ਮੁਲਾਜ਼ਮ ਜਥੇਬੰਦੀਆਂ ਨੇ 3, 4 ਅਤੇ 5 ਅਗਸਤ ਨੂੰ ਤਿੰਨ ਰੋਜ਼ਾ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਵਾਰ-ਵਾਰ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ, ਜਿਸ ਕਾਰਨ ਉਨ੍ਹਾਂ ਕੋਲ ਹੜਤਾਲ ਤੋਂ ਬਿਨਾਂ ਕੋਈ ਹੋਰ ਰਾਹ ਨਹੀਂ ਬਚਿਆ। ਆਉਣ ਵਾਲੇ ਦਿਨਾਂ ਵਿੱਚ ਇਸ ਹੜਤਾਲ ਦਾ ਸਿੱਧਾ ਅਸਰ ਆਮ ਲੋਕਾਂ ਦੀ ਆਵਾਜਾਈ ’ਤੇ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ... ਮੁਹਾਲੀ ਦੇ 16 ਪਿੰਡਾਂ 'ਚ ਨਿਰਮਾਣ
ਕਾਰਜਾਂ ਤੇ ਜ਼ਮੀਨ ਦੀ ਖਰੀਦੋ-ਫਰੋਖਤ 'ਤੇ ਲਾਈ ਰੋਕ, ਜਾਣੋ ਕਿਉਂ ?
- PTC NEWS