Amritsar Police : ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫਲਤਾ, ਕ੍ਰਾਸ-ਬਾਰਡਰ ਨਸ਼ਾ-ਅੱਤਵਾਦ ਨੈਟਵਰਕ ਦਾ ਪਰਦਾਫ਼ਾਸ਼, 5 ਮੁਲਜ਼ਮ ਗ੍ਰਿਫ਼ਤਾਰ

Heroin Recovered : ਇਹ ਪੰਜੇ ਮੁਲਜ਼ਮ ਕੌਮਾਂਤਰੀ ਸਰਹੱਦ ਨਾਲ ਸਬੰਧਤ ਪਿੰਡਾਂ ਦੇ ਰਹਿਣ ਵਾਲੇ ਹਨ ਅਤੇ 18 ਤੋਂ 31 ਸਾਲ ਦੀ ਉਮਰ ਦੇ ਹਨ। ਇਹ ਲੋਕ ਵੱਖ-ਵੱਖ ਛੋਟੇ ਕੰਮ, ਜਿਵੇਂ ਹੇਅਰ ਕਟਿੰਗ, ਲੇਬਰ ਤੇ ਕਾਰਪੈਂਟਰੀ ਕਰਦੇ ਸਨ, ਪਰ ਪੈਸੇ ਦੇ ਲਾਲਚ ਵਿੱਚ ਨਸ਼ਾ ਤੇ ਹਥਿਆਰ ਤਸਕਰੀ ਨਾਲ ਜੁੜ ਗਏ।

By  KRISHAN KUMAR SHARMA November 16th 2025 04:18 PM -- Updated: November 16th 2025 04:28 PM

Amritsar Police recovered Heroin : ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਨਸ਼ਿਆਂ ਤੇ ਕ੍ਰਾਈਮ ਖ਼ਿਲਾਫ਼ ਚਲਾਈ ਮੁਹਿੰਮ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਕ੍ਰਾਸ-ਬੋਰਡਰ ਨਾਰਕੋ-ਆਮ ਸਪਲਾਈ ਨੈਟਵਰਕ ਦਾ ਪਰਦਾਫ਼ਾਸ ਕਰਦੇ ਹੋਏ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗਰੁੱਪ ਡਰੋਨ ਰਾਹੀਂ ਪਾਕਿਸਤਾਨ ਤੋਂ ਭੇਜੇ ਜਾਣ ਵਾਲੇ ਹਥਿਆਰ ਤੇ ਨਸ਼ੇ ਦੀਆਂ ਕੁਨਸਾਈਨਮੈਂਟਸ ਪ੍ਰਾਪਤ ਕਰਦਾ ਸੀ ਅਤੇ ਅੱਗੇ ਵੱਖ-ਵੱਖ ਗੈਂਗਸਟਰਾਂ ਤੇ ਐਂਟੀ-ਨੈਸ਼ਨਲ ਤੱਤਾਂ ਨੂੰ ਸਪਲਾਈ ਕਰਦਾ ਸੀ। ਕਾਰਵਾਈ ਦੌਰਾਨ ਕੁੱਲ 1 ਕਿਲੋ 10 ਗ੍ਰਾਮ ਹੀਰੋਇਨ, ਕਈ ਪਿਸਤੌਲ (ਗਲੋਕ ਸਮੇਤ) ਅਤੇ ਹੋਰ ਹਥਿਆਰ ਬਰਾਮਦ ਕੀਤੇ ਗਏ ਹਨ।

ਪੈਸਿਆਂ ਦੇ ਲਾਲਚ 'ਚ ਨਸ਼ਾ ਤੇ ਹਥਿਆਰ ਤਸਕਰੀ ਨਾਲ ਜੁੜੇ

ਪੁਲਿਸ ਦੇ ਮੁਤਾਬਕ ਇਹ ਪੰਜੇ ਮੁਲਜ਼ਮ ਕੌਮਾਂਤਰੀ ਸਰਹੱਦ ਨਾਲ ਸਬੰਧਤ ਪਿੰਡਾਂ ਦੇ ਰਹਿਣ ਵਾਲੇ ਹਨ ਅਤੇ 18 ਤੋਂ 31 ਸਾਲ ਦੀ ਉਮਰ ਦੇ ਹਨ। ਇਹ ਲੋਕ ਵੱਖ-ਵੱਖ ਛੋਟੇ ਕੰਮ, ਜਿਵੇਂ ਹੇਅਰ ਕਟਿੰਗ, ਲੇਬਰ ਤੇ ਕਾਰਪੈਂਟਰੀ ਕਰਦੇ ਸਨ, ਪਰ ਪੈਸੇ ਦੇ ਲਾਲਚ ਵਿੱਚ ਨਸ਼ਾ ਤੇ ਹਥਿਆਰ ਤਸਕਰੀ ਨਾਲ ਜੁੜ ਗਏ। ਸੀਆਈਏ ਸਟਾਫ਼ ਨੇ ਨਾਕਾਬੰਦੀ ਦੌਰਾਨ ਪਹਿਲਾਂ ਆਕਾਸ਼ ਮਸੀਹ ਅਤੇ ਪ੍ਰਿੰਸ ਨੂੰ ਛੇਹਰਟਾ ਖੇਤਰ ਤੋਂ ਗ੍ਰਿਫਤਾਰ ਕੀਤਾ, ਜਿਨ੍ਹਾਂ ਤੋਂ ਦੋ ਪਿਸਤੌਲ ਕਾਬੂ ਕੀਤੇ ਗਏ। ਪੁੱਛਗਿੱਛ ਅੱਗੇ ਵਧੀ ਤਾਂ ਕਰਮਵੀਰ ਅਤੇ ਸੁਖਵਿੰਦਰ ਤੋਂ ਤਿੰਨ ਹੋਰ ਪਿਸਤੌਲ ਅਤੇ 1 ਕਿਲੋ 10 ਗ੍ਰਾਮ ਹੀਰੋਇਨ ਮਿਲੀ। ਆਖ਼ਰ ਵਿੱਚ ਗੁਰਭੇਜ ਭੇਜਾ ਨੂੰ ਵੀ ਗ੍ਰਿਫਤਾਰ ਕਰਕੇ ਇੱਕ ਹੋਰ ਪਿਸਤੌਲ ਬਰਾਮਦ ਕੀਤੀ ਗਈ।

ਸ਼ੋਸ਼ਲ ਮੀਡੀਆ ਰਾਹੀਂ ਹੁੰਦਾ ਸੀ ਪਾਕਿਸਤਾਨੀ ਹੈਂਡਲਰਾਂ ਨਾਲ ਸੰਪਰਕ

ਪੁਲਿਸ ਦੇ ਮੁਤਾਬਕ ਮੁਲਜ਼ਮ ਸੋਸ਼ਲ ਮੀਡੀਆ ਐਪਾਂ ਰਾਹੀਂ ਪਾਕਿਸਤਾਨੀ ਹੈਂਡਲਰਾਂ ਨਾਲ ਸੰਪਰਕ ਵਿੱਚ ਰਹਿੰਦੇ ਸਨ। ਪਹਿਲਾਂ ਉਨ੍ਹਾਂ ਨੂੰ ਪ੍ਰੀ-ਡੈਸਟਿਨੇਟਿਡ ਲੋਕੇਸ਼ਨ ਭੇਜੇ ਜਾਂਦੇ ਸਨ, ਜਿੱਥੇ ਡਰੋਨ ਡਰਾਪ ਹੁੰਦਾ ਸੀ। ਫਿਰ ਇਹ ਨੈਟਵਰਕ ਦੇ ਅਗਲੇ ਲਿੰਕ ਤੱਕ ਸਪਲਾਈ ਪਹੁੰਚਾਉਂਦੇ ਸਨ।

ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਉਨ੍ਹਾਂ ਦਾ ਟਾਰਗੇਟ ਅਤੇ ਅਗਲੀ ਲੋਕੇਸ਼ਨ ਅਜੇ ਮਿਲਣੀ ਸੀ, ਪਰ ਪੁਲਿਸ ਨੇ ਹੈਂਡਓਵਰ ਤੋਂ ਪਹਿਲਾਂ ਹੀ ਕਾਰਵਾਈ ਕਰਕੇ ਇਹ ਵੱਡਾ ਮਾਮਲਾ ਬੇਨਕਾਬ ਕਰ ਦਿੱਤਾ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਗਰੁੱਪ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਐਕਟਿਵ ਸੀ ਤੇ ਪਹਿਲਾਂ ਵੀ ਛੋਟੀਆਂ ਕੁਨਸਾਈਨਮੈਂਟਸ ਪ੍ਰਾਪਤ ਕਰ ਚੁੱਕੇ ਸਨ।

Related Post