SGPC ਦੇ ਵਿਦਿਅਕ ਅਦਾਰਿਆਂ 'ਚ ਇਸ ਸਾਲ 11 ਹਜ਼ਾਰ ਵਿਦਿਆਰਥੀਆਂ ਦਾ ਵਾਧਾ

By  Pardeep Singh November 1st 2022 01:21 PM

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰੇ ਸਿੱਖਿਆ ਦਾ ਚਾਨਣ ਵੰਡਣ ਦੇ ਨਾਲ-ਨਾਲ ਖੇਡਾਂ, ਸਮਾਜਿਕ ਗਤੀਵਿਧੀਆਂ ਅਤੇ ਨੈਤਿਕ ਸਿੱਖਿਆ ਦੇ ਪ੍ਰਸਾਰ ਵਿਚ ਨਵੀਆਂ ਪੁਲਾਂਘਾਂ ਪੁੱਟ ਰਹੇ ਹਨ ਅਤੇ ਇਨ੍ਹਾਂ ਅੰਦਰ ਹਰ ਸਾਲ ਵਿਦਿਆਰਥੀਆਂ ਦੀ ਗਿਣਤੀ ਵਿਚ ਭਾਰੀ ਵਾਧਾ ਹੋ ਰਿਹਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਸਿੱਖਿਆ ਸਕੱਤਰ  ਸੁਖਮਿੰਦਰ ਸਿੰਘ ਨੇ ਵਿਦਿਅਕ ਤਰਜੀਹਾਂ ਸਬੰਧੀ ਇਥੇ ਕੀਤੀ ਗਈ ਇਕ ਉੱਚ ਪੱਧਰੀ ਇਕੱਤਰਤਾ ਤੋਂ ਬਾਅਦ ਕੀਤਾ ਹੈ।
ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਦੀ ਵਿਦਿਅਕ ਨੀਤੀ ਬਹੁਪੱਖੀ ਹੈ, ਜਿਸ ਤਹਿਤ ਅਕੈਡਮਿਕ ਤਰਜੀਹਾਂ ਤੋਂ ਇਲਾਵਾ ਵਿਦਿਆਰਥੀਆਂ ਅੰਦਰ ਸਮਾਜ ਦੇ ਚੰਗੇ ਨਾਗਰਿਕ ਬਣਨ ਪ੍ਰਤੀ ਰੁਚੀਆਂ ਪੈਦਾ ਕੀਤੀਆਂ ਜਾਂਦੀਆਂ ਹਨ। ਨੈਤਿਕ ਗੁਣਾਂ ਦੀ ਦ੍ਰਿੜ੍ਹਤਾ ਲਈ ਵੱਡੇ ਯਤਨ ਕੀਤੇ ਜਾਂਦੇ ਹਨ, ਤਾਂ ਜੋ ਵਿਦਿਆਰਥੀਆਂ ਅੰਦਰ ਮਾਨਵਤਾ ਅਤੇ ਸਮਾਜਿਕਤਾ ਦੇ ਗੁਣ ਪ੍ਰਬਲ ਹੋ ਸਕਣ। ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰਿਆਂ ਦੀ ਕਾਰਗੁਜ਼ਾਰੀ ਦੇ ਮੁਲਾਂਕਣ ਤਹਿਤ ਬੈਠਕਾਂ ਦਾ ਸਿਲਸਿਲਾ ਆਰੰਭਿਆ ਗਿਆ ਹੈ, ਜਿਸ ਵਿਚ ਆਏ ਸੁਝਾਵਾਂ ਅਨੁਸਾਰ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ।
ਸੁਖਮਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਢਾਂਚੇ ਅੰਦਰ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਦਾ ਉੱਭਰਵਾਂ ਯੋਗਦਾਨ ਹੈ ਅਤੇ ਇਹ ਖਿੱਤੇ ਅੰਦਰ ਵੱਡੇ ਵਿਦਿਆਰਥੀ ਵਰਗ ਦੇ ਭਵਿੱਖ ਨੂੰ ਰੁਸ਼ਨਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਨੌਜੁਆਨੀ ਅੰਦਰ ਬੇਰੁਜ਼ਗਾਰੀ ਖ਼ਤਮ ਕਰਨ ਵਿਚ ਵੀ ਵਿਦਿਅਕ ਅਦਾਰਿਆਂ ਦਾ ਜ਼ਿਕਰਯੋਗ ਯੋਗਦਾਨ ਹੈ, ਕਿਉਂਕਿ ਇਨ੍ਹਾਂ ਅੰਦਰ ਹਜ਼ਾਰਾਂ ਨੌਜੁਆਨ ਰੁਜ਼ਗਾਰ ਪ੍ਰਾਪਤ ਕਰਕੇ ਆਪਣਾ ਨਿਰਬਾਅ ਕਰ ਰਹੇ ਹਨ।
ਸ਼੍ਰੋਮਣੀ ਕਮੇਟੀ ਦੇ ਸਿੱਖਿਆ ਸਕੱਤਰ ਨੇ ਕਿਹਾ ਕਿ ਇਸ ਸਾਲ ਸ਼੍ਰੋਮਣੀ ਕਮੇਟੀ ਸਕੂਲਾਂ ਅੰਦਰ 8 ਹਜ਼ਾਰ ਅਤੇ ਕਾਲਜਾਂ ਵਿਚ 3400 ਵਿਦਿਆਰਥੀਆਂ ਦਾ ਵਾਧਾ ਹੋਣਾ ਤਸੱਲੀ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਿੱਖਿਆ ਸੰਸਥਾਵਾਂ ਦੀ ਬੇਹਤਰ ਕਾਰਗੁਜ਼ਾਰੀ ਲਈ ਨਿਰੰਤਰ ਕਾਰਜਸ਼ੀਲ ਹਨ ਅਤੇ ਉਨ੍ਹਾਂ ਦਾ ਆਦੇਸ਼ ਹੈ ਕਿ ਕਿਸੇ ਵੀ ਊਣਤਾਈ ਨੂੰ ਬਰਦਾਸ਼ਤ ਨਾ ਕੀਤਾ ਜਾਵੇ ਅਤੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਨਿਖਾਰਨ ਲਈ ਸਮੇਂ ਦੀ ਹਾਣ ਦੀ ਹਰ ਨੀਤੀ ਅਪਨਾਈ ਜਾਵੇ।
ਵਿਦਿਅਕ ਅਦਾਰਿਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਲਈ ਕੀਤੀ ਗਈ ਇਕੱਤਰਤਾ ਵਿਚ ਡਾਇਰੈਕਟਰ ਵਿਦਿਆ ਪ੍ਰਿੰਸੀਪਲ ਸਤਵੰਤ ਕੌਰ, ਇੰਚਾਰਜ ਵਿਦਿਆ ਕਾਰਜ ਸਿੰਘ,  ਮਨਿੰਦਰਮੋਹਨ ਸਿੰਘ, ਪ੍ਰਿੰਸੀਪਲ ਡਾ. ਗਗਨਦੀਪ ਸਿੰਘ, ਪ੍ਰਿੰਸੀਪਲ ਡਾ. ਫੁਲਵਿੰਦਰਪਾਲ ਸਿੰਘ, ਡਾ. ਕੰਵਲਜੀਤ ਕੌਰ, ਡਾ. ਹਰਮਨਦੀਪ ਸਿੰਘ, ਪ੍ਰੋ. ਧਿਆਨ ਸਿੰਘ, ਡਾ. ਜਸਪਾਲ ਸਿੰਘ, ਡਾ. ਜਤਿੰਦਰ ਕੌਰ, ਪ੍ਰਿੰਸੀਪਲ ਅਮਨਦੀਪ ਕੌਰ, ਡਾ. ਪ੍ਰਭਦੀਪ ਕੌਰ, ਪ੍ਰਿੰਸੀਪਲ ਜਗਰੂਪ ਕੌਰ, ਪ੍ਰਿੰਸੀਪਲ ਮਨਿੰਦਰਪਾਲ ਕੌਰ ਸਮੇਤ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਪ੍ਰਿੰਸੀਪਲ ਹਾਜ਼ਰ ਸਨ।

ਇਹ ਵੀ ਪੜ੍ਹੋ: 300 ਕੋਰੋਨਾ ਯੋਧਿਆਂ ਉਤੇ ਪਈ ਹਰੇ ਪੈੱਨ ਦੀ ਵੱਡੀ ਮਾਰ

Related Post