ਦਹਿਸ਼ਤਗਰਦ ਅਰਸ਼ ਡੱਲਾ ਦੇ ਗੁਰਗਿਆਂ ਵੱਲੋਂ ਪੁਲਿਸ ਤੇ ਫਾਇਰਿੰਗ; ਹੈਂਡ ਗ੍ਰੇਨੇਡ ਹਮਲਾ ਨਾਕਾਮ, ਕੀਤੇ ਕਾਬੂ
ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਦਹਿਸ਼ਤਗਰਦ ਅਰਸ਼ ਡੱਲਾ ਦੇ ਦੋ ਕਰੀਬੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਅਰਸ਼ ਡੱਲਾ ਦੇ ਗੁਰਗੇ ਪੰਜਾਬ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਇਸ ਤੋਂ ਪਹਿਲਾਂ ਹੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਐਨਕਾਊਂਟਰ ਤੋਂ ਬਾਅਦ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਦਿੱਲੀ ਪੁਲਿਸ ਨੇ ਇਨ੍ਹਾਂ ਦੋ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਹਥਿਆਰ ਅਤੇ ਹੈਂਡ ਗ੍ਰੇਨੇਡ ਵੀ ਬਰਾਮਦ ਕੀਤੇ ਹਨ।
ਪੁਲਿਸ ਟੀਮ ਨੂੰ ਮਿਲੀ ਖ਼ੁਫ਼ੀਆ ਜਾਣਕਾਰੀ
ਪੁਲਿਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਇਹ ਦੋਵੇਂ ਬਦਮਾਸ਼ ਦੇਰ ਰਾਤ ਪ੍ਰਗਤੀ ਮੈਦਾਨ ਨੇੜੇ ਬਣੀ ਸੁਰੰਗ/ਟਨਲ ਤੋਂ ਲੰਘਣ ਜਾ ਰਹੇ ਸਨ। ਇਸ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਸਪੈਸ਼ਲ ਸੈੱਲ ਦੀ ਟੀਮ ਨੇ ਪ੍ਰਗਤੀ ਮੈਦਾਨ ਦੀ ਸੁਰੰਗ ਦੇ ਆਲੇ-ਦੁਆਲੇ ਘੇਰਾਬੰਦੀ ਕੀਤੀ। ਜਿਵੇਂ ਹੀ ਇਹ ਦੋਵੇਂ ਮੁਲਜ਼ਮ ਪ੍ਰਗਤੀ ਮੈਦਾਨ ਨੇੜੇ ਪੁੱਜੇ ਤਾਂ ਪੁਲਿਸ ਨੇ ਦੋਵਾਂ ਨੂੰ ਰੁਕਣ ਲਈ ਕਿਹਾ, ਪਰ ਪੁਲਿਸ ਨੂੰ ਸਾਹਮਣੇ ਦੇਖ ਕੇ ਉਹ ਭੱਜਣ ਲੱਗੇ। ਪਹਿਲਾਂ ਇੱਕ ਬਦਮਾਸ਼ ਨੇ ਪੁਲਿਸ ਟੀਮ 'ਤੇ ਇੱਕ ਰਾਊਂਡ ਫਾਇਰ ਕੀਤਾ ਅਤੇ ਦੂਜੇ ਨੇ ਬੈਗ ਵਿਚੋਂ ਹੈਂਡ ਗ੍ਰੇਨੇਡ ਕੱਢ ਲਿਆ। ਇਸਤੋਂ ਪਹਿਲਾਂ ਕਿ ਉਹ ਗ੍ਰੇਨੇਡ ਦੀ ਸੇਫਟੀ ਪਿੰਨ ਕੱਢ ਪਾਉਂਦਾ, ਪੁਲਿਸ ਟੀਮ ਨੇ ਦੋਵਾਂ 'ਤੇ ਕਾਬੂ ਪਾ ਲਿਆ। ਫਿਲਹਾਲ ਪੁਲਿਸ ਇਨ੍ਹਾਂ ਦੋਵਾਂ ਬਦਮਾਸ਼ਾਂ ਨੂੰ ਗ੍ਰਿਫਤ 'ਚ ਲੈਕੇ ਇਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਮੁਤਾਬਕ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਦੋਵੇਂ ਅਪਰਾਧੀ ਅਰਸ਼ ਡੱਲਾ ਦੇ ਸੰਪਰਕ ਵਿੱਚ ਸਨ।
ਗੈਂਗਸਟਰ ਦੇ ਕਬਜ਼ੇ 'ਚੋਂ ਹੈਂਡ ਗ੍ਰਨੇਡ ਬਰਾਮਦ
ਦਿੱਲੀ ਵਿੱਚ ਹੋਏ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਕਿਸ਼ਨ ਅਤੇ ਗੁਰਬਿੰਦਰ ਦੋਵਾਂ ਦੇ ਕਬਜ਼ੇ ਵਿੱਚੋਂ ਪੁਲਿਸ ਨੇ ਇੱਕ ਹੈਂਡ ਗ੍ਰੇਨੇਡ ਤੋਂ ਇਲਾਵਾ ਇਨ੍ਹਾਂ ਕੋਲੋਂ ਕੁਝ ਹਥਿਆਰ ਵੀ ਬਰਾਮਦ ਕੀਤੇ ਹਨ। ਦੱਸ ਦੇਈਏ ਕਿ ਇਹ ਦੋਵੇਂ ਗੈਂਗਸਟਰ ਪੰਜਾਬ ਦੇ ਮੋਂਗਾ ਵਿੱਚ ਹਾਲ ਹੀ ਵਿੱਚ ਕਾਂਗਰਸੀ ਸਰਪੰਚ ਬੱਲੀ ਦੇ ਕਤਲ ਤੋਂ ਬਾਅਦ ਫਰਾਰ ਸਨ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਅਤੇ ਪੰਜਾਬ 'ਚ ਅਪਰਾਧ ਕਰਨ ਦੀ ਉਨ੍ਹਾਂ ਦੀ ਯੋਜਨਾ ਅਸਫਲ ਹੋ ਗਈ ਹੈ।
ਕੁਝ ਦਿਨ ਪਹਿਲਾਂ ਦੋਸਤ ਵੀ ਗ੍ਰਿਫਤਾਰ
ਕੁਝ ਦਿਨ ਪਹਿਲਾਂ ਹੀ ਦਿੱਲੀ ਪੁਲਿਸ ਨੂੰ ਇੱਕ ਕਾਮਯਾਬੀ ਮਿਲੀ ਸੀ। ਕੁਝ ਦਿਨ ਪਹਿਲਾਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਰਸ਼ ਡੱਲਾ ਦੇ ਕਰੀਬੀ ਹਰਜੀਤ ਸਿੰਘ ਉਰਫ ਹੈਰੀ ਮੋਡ ਨੂੰ ਗ੍ਰਿਫਤਾਰ ਕੀਤਾ ਸੀ। ਹੈਰੀ ਕੈਨੇਡਾ 'ਚ ਬੈਠੇ ਲੋਕਾਂ ਤੋਂ ਪੈਸੇ ਲੈ ਕੇ ਕਤਲ, ਜਬਰਦਸਤੀ ਅਤੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਸਮੇਤ ਇੱਥੇ ਕੰਮ ਕਰਦਾ ਸੀ। ਇਸ ਤੋਂ ਇਲਾਵਾ ਹੈਰੀ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਵੀ ਸ਼ਾਮਲ ਸੀ। ਬਠਿੰਡਾ ਦੇ ਰਹਿਣ ਵਾਲੇ ਹੈਰੀ ਨੂੰ ਦਿੱਲੀ ਪੁਲਿਸ ਨੇ ਸਰਿਤਾ ਵਿਹਾਰ ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੈਰੀ ਮੋਡ ਭਾਰਤ ਵਿੱਚ ਵੱਖਵਾਦੀ ਸਮਰਥਕ ਅਰਸ਼ ਡੱਲਾ ਅਤੇ ਸੁੱਖਾ ਦੁਨੀਕੇ ਦਾ ਸਾਰਾ ਕੰਮ ਸੰਭਾਲਦਾ ਸੀ।
ਕੌਣ ਹੈ ਅਰਸ਼ ਡੱਲਾ?
ਦਹਿਸ਼ਤਗਰਦ ਅਰਸ਼ ਡੱਲਾ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਦਿੱਲੀ ਪੁਲਿਸ ਮੁਤਾਬਕ ਇਸ ਦਾ ਸਬੰਧ ਲਸ਼ਕਰ-ਏ-ਤੋਇਬਾ ਅਤੇ ਆਈ.ਐਸ.ਆਈ. ਨਾਲ ਵੀ ਹੈ। ਅਰਸ਼ ਡੱਲਾ ਦਾ ਪੂਰਾ ਨਾਂ ਅਰਸ਼ਦੀਪ ਸਿੰਘ ਹੈ। ਅਰਸ਼ ਡੱਲਾ ਦਾ ਜਨਮ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਡੱਲਾ ਵਿੱਚ ਹੋਇਆ ਸੀ। ਉਹ ਲੰਬੇ ਸਮੇਂ ਤੋਂ ਕੈਨੇਡਾ 'ਚ ਰਹਿ ਕੇ ਆਪਣਾ ਗਿਰੋਹ ਚਲਾ ਰਿਹਾ ਸੀ। NIA ਨੇ ਅਰਸ਼ ਡੱਲਾ ਖਿਲਾਫ ਕੁਝ ਸਮਾਂ ਪਹਿਲਾਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਉਸ 'ਤੇ ਪੰਜਾਬ ਵਿਚ ਕਈ ਅਪਰਾਧਿਕ ਘਟਨਾਵਾਂ ਵਿਚ ਸ਼ਾਮਲ ਹੋਣ ਦਾ ਵੀ ਇਲਜ਼ਾਮ ਹਨ।
ਕੇਂਦਰ ਸਰਕਾਰ ਨੇ ਜਾਰੀ ਕੀਤੀ ਸੂਚੀ
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਇਸ ਸਾਲ 28 ਮੋਸਟ ਵਾਂਟਡ ਅਪਰਾਧੀਆਂ (ਗੈਂਗਸਟਰਾਂ) ਦੀ ਸੂਚੀ ਤਿਆਰ ਕੀਤੀ ਸੀ। ਜੋ 14 ਦੇਸ਼ਾਂ ਤੋਂ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਇਨ੍ਹਾਂ ਵਿੱਚੋਂ 9 ਕੈਨੇਡਾ ਵਿੱਚ ਅਤੇ ਪੰਜ ਅਮਰੀਕਾ ਵਿੱਚ ਲੁਕੇ ਹੋਏ ਹਨ। ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਅਰਸ਼ ਡੱਲਾ ਦਾ ਨਾਂ ਵੀ ਸ਼ਾਮਿਲ ਹੈ।