Jalandhar ਪੁਲਿਸ ਨੇ ਪੈਟਰੋਲ ਪੰਪ 'ਤੇ ਗੋਲੀਆਂ ਚਲਾਉਣ ਵਾਲੇ ਦਾ ਕੀਤਾ ਐਨਕਾਊਂਟਰ, ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਸੀ ਹੋਇਆ ਵਿਵਾਦ
Jalandhar Firing : ਜਲੰਧਰ 'ਚ ਇੱਕ ਪੈਟਰੋਲ ਪੰਪ ਗੈਂਗਲੈਂਡ ਬਣ ਗਿਆ ਹੈ। ਜਿਥੇ ਕਿਸ਼ਨਗੜ੍ਹ ਅੱਡੇ 'ਤੇ ਬਣੇ ਪੈਟਰੋਲ ਪੰਪ 'ਤੇ ਤਾਬੜਤੋੜ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ 'ਚ ਵੱਡੀ ਕਾਰਵਾਈ ਕਰਦਿਆਂ ਗੋਲੀਆਂ ਚਲਾਉਣ ਵਾਲੇ ਦਾ ਐਨਕਾਊਂਟਰ ਕਰ ਦਿੱਤਾ ਹੈ। ਆਰੋਪੀ ਦੀ ਪਛਾਣ ਲਖਵਿੰਦਰ ਲੱਖਾ ਵਾਸੀ ਨਵਾਂ ਗਾਓਂ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਜਲੰਧਰ 'ਚ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਵਿਦਿਆਰਥੀਆਂ ਦੇ 2 ਗਰੁੱਪਾਂ 'ਚ ਹਿੰਸਕ ਝੜਪ ਹੋ ਗਈ। ਇੱਕ ਗਰੁੱਪ ਦੇ ਵਿਦਿਆਰਥੀਆਂ ਨੇ ਦੂਜੇ ਗਰੁੱਪ ਦੇ ਇੱਕ ਵਿਦਿਆਰਥੀ ਨੂੰ ਗੋਲੀ ਮਾਰ ਦਿੱਤੀ, ਜਿਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਗੋਲੀਆਂ ਚਲਾਉਣ ਵਾਲੇ ਗਰੁੱਪ ਨੇ ਲਗਭਗ 15 ਰਾਉਂਡ ਫਾਇਰ ਕੀਤੇ। ਜਦੋਂ ਕੁਝ ਵਿਦਿਆਰਥੀ ਇੱਕ ਪੈਟਰੋਲ ਪੰਪ ਦੇ ਨੇੜੇ ਖੜ੍ਹੇ ਸਨ ਤਾਂ ਦੂਜੇ ਗਰੁੱਪ ਦੇ ਕਈ ਵਿਦਿਆਰਥੀ ਕਈ ਗੱਡੀਆਂ ਵਿੱਚ ਆਏ। ਇਸ ਕਾਰਨ ਦੋਵਾਂ ਗਰੁੱਪਾਂ ਦੇ ਵਿਦਿਆਰਥੀਆਂ ਵਿਚਕਾਰ ਵਿਵਾਦ ਹੋ ਗਿਆ। ਗੁੱਸੇ ਵਿੱਚ ਆ ਕੇ ਇੱਕ ਗਰੁੱਪ ਦੇ ਵਿਦਿਆਰਥੀਆਂ ਨੇ ਗੋਲੀਆਂ ਚਲਾ ਦਿੱਤੀਆਂ।
ਘਟਨਾ ਤੋਂ ਬਾਅਦ ਆਸ-ਪਾਸ ਦੇ ਲੋਕ ਵੀ ਡਰ ਦੇ ਮਾਰੇ ਅੰਦਰ ਭੱਜ ਗਏ। ਇਸ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਨੇੜੇ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ। ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਸਮੇਂ ਕਰਮਚਾਰੀ ਅਤੇ ਪੰਪ ਮਾਲਕ ਪੈਟਰੋਲ ਪੰਪ ਦਫ਼ਤਰ ਵਿੱਚ ਦੁਪਹਿਰ ਦਾ ਖਾਣਾ ਖਾ ਰਹੇ ਸਨ, ਜਿਸ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ।
- PTC NEWS