ਦੀਨਾਨਗਰ ਆਰਡੀਐਕਸ ਮਾਮਲੇ 'ਚ ਨਾਮਜ਼ਦ ਆਸ਼ੀਸ਼ ਮਸੀਹ ਪੁਲਿਸ ਅੜਿੱਕੇ

By  Ravinder Singh November 30th 2022 04:14 PM

ਗੁਰਦਾਸਪੁਰ :  ਦੋ ਦਰਜਨ ਤੋਂ ਵੱਧ ਅਪਰਾਧਕ ਗਤੀਵਿਧੀਆਂ ਵਿਚ ਸ਼ਾਮਲ ਜੋਬਨ ਮਸੀਹ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਉਸ ਦੇ ਪੁੱਤਰ ਅਸ਼ੀਸ਼ ਮਸੀਹ ਨੂੰ ਵੀ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕਰ ਲਈ ਹੈ।


ਅਸ਼ੀਸ਼ ਮਸੀਹ ਉਪਰ ਵੀ ਕਈ ਮਾਮਲੇ ਦਰਜ ਹਨ ਤੇ ਉਹ ਦੀਨਾਨਗਰ ਦੇ ਆਰਡੀਐਕਸ ਤੇ ਗ੍ਰਨੇਡ ਬਰਾਮਦਗੀ ਦੇ ਮਾਮਲੇ 'ਚ ਵੀ ਨਾਮਜ਼ਦ ਸੀ। ਕਾਬਿਲੇਗੌਰ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਵੱਲੋਂ ਇਸੇ ਸਾਲ ਦੀ 20 ਜਨਵਰੀ ਦੇ ਦਿਨ ਦੀਨਾਨਗਰ ਵਿਚੋਂ 2 ਅੰਡਰ ਬੈਰਲ ਗਰਨੇਡ, 1 ਗਰਨੇਡ ਲਾਚਰ, 9 ਇਲੈਕਟ੍ਰਾਨਿਕ ਡੇਟੋਨੇਟਰ 2 ਟਾਈਮਰ ਸੈੱਟ, 3 ਕਿਲੋ ਆਰਡੀਐਕਸ ਬਰਾਮਦ ਕੀਤਾ ਗਿਆ ਸੀ ਜਿਸ 'ਚ ਅਸ਼ੀਸ਼ ਮਸੀਹ ਦੀ ਨਾਮਜ਼ਦਗੀ ਤੋਂ ਬਾਅਦ ਗ੍ਰਿਫ਼ਤਾਰੀ ਹੋਈ ਸੀ। ਪੁਲਿਸ ਦੀ ਪੁੱਛਗਿਛ ਤੋਂ ਬਾਅਦ ਉਸ ਨੂੰ ਅਦਾਲਤ ਵੱਲੋਂ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ। ਬਾਅਦ ਵਿਚ ਉਸਨੂੰ ਇਲਾਜ ਲਈ ਅੰਮ੍ਰਿਤਸਰ ਦੇ ਮੈਂਟਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਪਰ 3 ਸਤੰਬਰ 2022 ਨੂੰ ਅੱਤਵਾਦੀ ਅਸ਼ੀਸ ਮਸੀਹ ਓਦੋਂ ਪੁਲਸ ਕਰਮਚਾਰੀਆਂ ਨੂੰ ਚਕਮਾ ਦੇ ਕੇ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਸੀ।

ਇਹ ਵੀ ਪੜ੍ਹੋ : ਪਿਊਸ਼ ਗੋਇਲ ਦੀ ਅਪੀਲ ; ਕੇਂਦਰ ਵੱਲੋਂ ਗ਼ਰੀਬਾਂ ਨੂੰ ਵੰਡੀ ਜਾਂਦੀ ਕਣਕ ਤੋਂ ਪੰਜਾਬ ਸਰਕਾਰ ਛੱਡੇ ਟੈਕਸ

ਉਸ ਦੀ ਫ਼ਰਾਰੀ ਦੇ ਮਾਮਲੇ ਵਿਚ ਚਾਰ ਪੁਲਿਸ ਮੁਲਾਜ਼ਮਾਂ ਖਿਲਾਫ਼ ਪੁਲਿਸ ਵੱਲੋਂ ਵਿਭਾਗੀ ਕਾਰਵਾਈ ਵੀ ਕੀਤੀ ਗਈ ਸੀ। ਬੀਤੇ ਦਿਨੀਂ ਉਸ ਦੇ ਪਿਤਾ ਜੋਬਨ ਮਸੀਹ ਜੋ ਆਪ ਵੀ 29 ਅਪਰਾਧਿਕ ਮਾਮਲਿਆਂ ਵਿਚ ਸ਼ਾਮਿਲ ਹੈ ਨੂੰ ਦਿੱਲੀ ਤੋਂ ਗ੍ਰਿਫਤਾਰ ਕਰਨ ਤੋਂ ਬਾਅਦ ਅੱਜ ਉਸਦੇ ਪੁੱਤਰ ਅਸੀਸ ਮਸੀਹ ਨੂੰ ਵੀ ਜ਼ਿਲ੍ਹਾ ਪੁਲਿਸ ਵੱਲੋਂ ਪਿੰਡ ਮਾਨ ਕੌਰ ਸਥਿਤ ਵਾਇਟ ਰਿਜ਼ੋਰਟ ਦੇ ਨੇੜਿਓਂ ਗ੍ਰਿਫਤਾਰ ਕਰ ਲਿਆ ਹੈ ਜਿਸ ਖ਼ਿਲਾਫ 10 ਅਪਰਾਧਿਕ ਮਾਮਲੇ ਦਰਜ ਹਨ।

Related Post