ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨਾ ਦੇਸ਼ ਅੰਦਰ ਘੱਟਗਿਣਤੀ ਸਿੱਖਾਂ ਨਾਲ ਵਿਤਕਰਾ : ਐਡਵੋਕੇਟ ਹਰਜਿੰਦਰ ਸਿੰਘ ਧਾਮੀ
SGPC On Bandi Sikhs : ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਹਾਲ ਹੀ ਵਿਚ ਦਿੱਲੀ ਦੀ ਭਾਜਪਾ ਸਰਕਾਰ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਅਪੀਲ ਨੂੰ ਰੱਦ ਕਰਨਾ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਅਜਿਹਾ ਕਰਦੀ ਰਹੀ ਅਤੇ ਹੁਣ ਭਾਜਪਾ ਸਰਕਾਰ ਵੀ ਸਿੱਖ ਵਿਰੋਧੀ ਲੀਹਾਂ ’ਤੇ ਚੱਲ ਰਹੀ ਹੈ।
SGPC On Bandi Sikhs : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਅੱਜ ਹੋਈ ਇਕੱਤਰਤਾ ’ਚ ਸਰਕਾਰਾਂ ਵੱਲੋਂ ਬੰਦੀ ਸਿੰਘਾਂ ਨਾਲ ਕੀਤੀ ਜਾ ਰਹੀ ਬੇਇਨਸਾਫ਼ੀ ਦੀ ਕਰੜੀ ਨਿਖੇਧੀ ਕਰਦਿਆਂ ਇਸ ਨੂੰ ਦੇਸ਼ ਅੰਦਰ ਘੱਟਗਿਣਤੀ ਸਿੱਖਾਂ ਨਾਲ ਵਿਤਕਰਾ ਕਰਾਰ ਦਿੱਤਾ ਗਿਆ। ਇਕੱਤਰਤਾ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Adv. Harjinder Singh Dhami) ਨੇ ਕਿਹਾ ਕਿ ਹਾਲ ਹੀ ਵਿਚ ਦਿੱਲੀ ਦੀ ਭਾਜਪਾ ਸਰਕਾਰ (Delhi Government) ਦੇ ਸਜ਼ਾ ਸਮੀਖਿਆ ਬੋਰਡ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ (DavinderPal Singh Bhullar Case) ਦੀ ਰਿਹਾਈ ਅਪੀਲ ਨੂੰ ਰੱਦ ਕਰਨਾ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਅਜਿਹਾ ਕਰਦੀ ਰਹੀ ਅਤੇ ਹੁਣ ਭਾਜਪਾ ਸਰਕਾਰ ਵੀ ਸਿੱਖ ਵਿਰੋਧੀ ਲੀਹਾਂ ’ਤੇ ਚੱਲ ਰਹੀ ਹੈ। ਉਨ੍ਹਾਂ ਭਾਜਪਾ ਵਿਚ ਬੈਠੇ ਸਿੱਖ ਆਗੂਆਂ ਦੇ ਇਸ ਮਾਮਲੇ ’ਤੇ ਚੁੱਪ ਰਹਿਣ ’ਤੇ ਵੀ ਸਵਾਲ ਉਠਾਏ।
ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਨਾਲ ਭਾਜਪਾ ਵਿਚਲੇ ਸਿੱਖ ਆਗੂਆਂ ਦਾ ਦੋਗਲਾ ਚਿਹਰਾ ਨੰਗਾ ਹੋਇਆ ਹੈ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਹੋਰ ਬੰਦੀ ਸਿੰਘਾਂ ਨੂੰ ਸਜ਼ਾਵਾਂ ਭੁਗਤਣ ਦੇ ਬਾਵਜੂਦ ਵੀ ਰਿਹਾਅ ਨਾ ਕਰਨ ਨੂੰ ਵੀ ਮਾਨਵੀ ਅਧਿਕਾਰਾਂ ਦਾ ਉਲੰਘਣ ਆਖਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਰਕਾਰਾਂ ਨੂੰ ਬੰਦੀ ਸਿੰਘਾਂ ਨਾਲ ਇਸ ਤਰ੍ਹਾਂ ਬੇਗਾਨਿਆਂ ਵਾਲਾ ਵਿਹਾਰ ਨਹੀਂ ਕਰਨਾ ਚਾਹੀਦਾ ਅਤੇ ਸਜ਼ਾਵਾਂ ਭੁਗਤ ਚੁੱਕੇ ਹਰ ਸਿੱਖ ਬੰਦੀ ਨੂੰ ਤੁਰੰਤ ਰਿਹਾਅ ਕੀਤਾ ਜਾਵੇ।
ਏਆਈ ਤਕਨੀਕ ਨਾਲ ਸਿੱਖ ਵਿਰੋਧੀ ਕਾਰਵਾਈਆਂ ਦਾ ਲਿਆ ਜਾਵੇਗਾ ਨੋਟਿਸ
ਐਡਵੋਕੇਟ ਧਾਮੀ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ ਏਆਈ ਤਕਨੀਕ ਨਾਲ ਸਿੱਖ ਵਿਰੋਧੀ ਕਾਰਵਾਈਆਂ ਦਾ ਵੀ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਆਧੁਨਿਕ ਤਕਨੀਕ ਨਾਲ ਧਰਮਾਂ ਵਿਰੁੱਧ ਹਰਕਤਾਂ ਕਰਨ ਵਾਲਿਆਂ ਨੂੰ ਰੋਕਣ ਲਈ ਸ਼੍ਰੋਮਣੀ ਕਮੇਟੀ ਸੁਚੇਤ ਰੂਪ ਵਿਚ ਕੰਮ ਕਰ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧ ਵਿਚ ਇਕ ਕਮੇਟੀ ਗਠਤ ਕਰਨ ਦੇ ਨਾਲ-ਨਾਲ ਕਾਨੂੰਨ ਵਿਭਾਗ ਰਾਹੀਂ ਵੀ ਯਤਨ ਜਾਰੀ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਸ਼੍ਰੋਮਣੀ ਕਮੇਟੀ ਸਿੱਖ ਸਿਧਾਂਤਾਂ, ਇਤਿਹਾਸ ਅਤੇ ਸਰੋਤਾਂ ਆਦਿ ਦੇ ਸਬੰਧ ਵਿਚ ਆਪਣਾ ਡਾਟਾ ਬੈਂਕ ਤਿਆਰ ਕਰੇਗੀ, ਤਾਂ ਜੋ ਸਹੀ ਜਾਣਕਾਰੀ ਲੋਕਾਂ ਨੂੰ ਮਿਲ ਸਕੇ। ਇਸ ਦੇ ਨਾਲ ਹੀ ਏਆਈ ਕੰਪਨੀਆਂ ਨਾਲ ਵੀ ਰਾਬਤਾ ਕੀਤਾ ਜਾ ਰਿਹਾ ਹੈ ਅਤੇ ਇਕ ਮਾਸ ਰਿਪੋਟਿੰਗ ਸਾਫਟਵੇਅਰ ਵੀ ਜਲਦ ਜਾਰੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਾਗੂਕਰਤਾ ਵਾਸਤੇ ਵੀ ਯਤਨ ਕੀਤੇ ਜਾਣਗੇ।