Ajnala : ਪਿੰਡ ਤਲਵੰਡੀ ਰਾਏ ਦਾਦੂ ਦੀ ਨਹਿਰ 'ਚੋਂ ਨੌਜਵਾਨ ਦੀ ਤੈਰਦੀ ਮਿਲੀ ਲਾਸ਼, ਕਤਲ ਦਾ ਸ਼ੱਕ
Ajnala News : ਅਜਨਾਲਾ ਦੇ ਪਿੰਡ ਤਲਵੰਡੀ ਰਾਏ ਦਾਦੂ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਨਹਿਰ ਵਿੱਚੋਂ ਇੱਕ ਨੌਜਵਾਨ ਦੀ ਤੈਰਦੀ ਲਾਸ਼ ਬਰਾਮਦ ਹੋਈ ਹੈ। ਲਾਸ਼ ‘ਤੇ ਕੁੱਟਮਾਰ ਦੇ ਨਿਸ਼ਾਨ ਮਿਲਣ ਕਾਰਨ ਕਤਲ ਦੀ ਸ਼ੰਕਾ ਜਤਾਈ ਜਾ ਰਹੀ ਹੈ।
ਅਜਨਾਲਾ ਦੇ ਨਜ਼ਦੀਕੀ ਪਿੰਡ ਤਲਵੰਡੀ ਰਾਏ ਦਾਦੂ ਦੀ ਨਹਿਰ ਵਿੱਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਸਥਾਨਕ ਲੋਕਾਂ ਨੇ ਪਾਣੀ ਵਿੱਚ ਤੈਰਦੀ ਇੱਕ ਨੌਜਵਾਨ ਦੀ ਲਾਸ਼ ਦੇਖੀ। ਮੌਕੇ ‘ਤੇ ਇਕੱਠੇ ਹੋਏ ਲੋਕਾਂ ਵੱਲੋਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਬਾਹਰ ਕੱਢਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਨੌਜਵਾਨ ਦੀ ਉਮਰ ਕਰੀਬ 30 ਸਾਲ ਦੱਸੀ ਜਾ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਲਾਸ਼ ‘ਤੇ ਕੁੱਟਮਾਰ ਦੇ ਸਾਫ ਨਿਸ਼ਾਨ ਮਿਲੇ ਹਨ, ਜਿਸ ਨਾਲ ਮਾਮਲਾ ਸ਼ੱਕੀ ਬਣ ਗਿਆ ਹੈ ਅਤੇ ਕਤਲ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਨੌਜਵਾਨ ਦੇ ਗੁੱਟ ‘ਤੇ “ਮਿੰਟੂ ਸੰਧੂ” ਲਿਖਿਆ ਹੋਇਆ ਹੈ, ਜਿਸ ਦੇ ਆਧਾਰ ‘ਤੇ ਉਸ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ, “ਸਾਨੂੰ ਸੂਚਨਾ ਮਿਲੀ ਸੀ ਕਿ ਨਹਿਰ ਵਿੱਚ ਇੱਕ ਲਾਸ਼ ਤੈਰ ਰਹੀ ਹੈ। ਅਸੀਂ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਹੈ। ਲਾਸ਼ ‘ਤੇ ਕੁਝ ਚੋਟਾਂ ਦੇ ਨਿਸ਼ਾਨ ਹਨ। ਅਸੀਂ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰ ਰਹੇ ਹਾਂ ਅਤੇ ਸ਼ਨਾਖਤ ਲਈ ਲਾਸ਼ ਨੂੰ ਮੋਰਚਰੀ ਵਿੱਚ ਰੱਖਿਆ ਗਿਆ ਹੈ।”
ਉਨ੍ਹਾਂ ਨੇ ਕਿਹਾ ਕਿ ਫਿਲਹਾਲ ਇਹ ਮਾਮਲਾ ਕਤਲ ਹੈ ਜਾਂ ਕੋਈ ਹੋਰ ਕਾਰਨ, ਇਹ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। ਅਸੀਂ ਇਸ ਖ਼ਬਰ ‘ਤੇ ਨਜ਼ਰ ਬਣਾਈ ਹੋਈ ਹੈ।
- PTC NEWS