ਭਗਵੰਤ ਮਾਨ ਪੰਜਾਬ ਦੇ ਇਤਿਹਾਸ 'ਚ ਹੁਣ ਤੱਕ ਦਾ ਸਭ ਤੋਂ ਮਾੜਾ ਮੁੱਖ ਮੰਤਰੀ ਸਾਬਤ ਹੋਇਆ: ਸੁਖਬੀਰ ਸਿੰਘ ਬਾਦਲ

By  KRISHAN KUMAR SHARMA March 19th 2024 07:58 PM -- Updated: March 19th 2024 09:13 PM

ਫਰੀਦਕੋਟ/ਫਿਰੋਜ਼ਪੁਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਭਗਵੰਤ ਮਾਨ ਨੇ ਪੰਜਾਬ ਤੋਂ ਮਾੜੇ ਮੁੱਖ ਮੰਤਰੀ ਹੋਣ ਦੀ ਵਿਲੱਖਣ ਪ੍ਰਾਪਤੀ ਕੀਤੀ ਹੈ ਜਿਸਨੇ ਨਾ ਸਿਰਫ ਸੂਬੇ ਨੂੰ ਕੰਗਾਲ ਕੀਤਾ ਬਲਕਿ ਆਮ ਆਦਮੀ ਪਾਰਟੀ (AAP) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹੁਕਮਾਂ ’ਤੇ ਸੂਬੇ ਦੇ ਸਰੋਤ ਵੀ ਲੁੱਟ ਲਏ।

'ਮੁੱਖ ਮੰਤਰੀ ਨੇ ਕੇਜਰੀਵਾਲ ਦੇ ਹੁਕਮਾਂ 'ਤੇ ਪੰਜਾਬ ਦੇ ਸਰੋਤ ਲੁੱਟੇ'

ਅਕਾਲੀ ਦਲ ਦੇ ਪ੍ਰਧਾਨ Sukhbir Singh Badal, ਜਿਨ੍ਹਾਂ ਨੂੰ 'ਪੰਜਾਬ ਬਚਾਓ ਯਾਤਰਾ' ਤਹਿਤ ਫਰੀਦਕੋਟ ਅਤੇ ਫਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਹਲਕਿਆਂ ਵਿਚ ਲਾਮਿਸਾਲ ਹੁੰਗਾਰਾ ਮਿਲਿਆ, ਨੇ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਦਾ ਸਰਕਾਰੀ ਖ਼ਜ਼ਾਨਾ ਲੁੱਟਿਆ ਤਾਂ ਜੋ ਆਪ ਦਾ ਖ਼ਜ਼ਾਨਾ ਭਰਿਆ ਜਾ ਸਕੇ ਤੇ ਇਸਦਾ ਹੋਰ ਰਾਜਾਂ ਵਿਚ ਪਸਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਆਪਣੀ ਕੁਰਸੀ ਬਚਾਉਣ ਵਾਸਤੇ ਅਜਿਹਾ ਕਰਨ ਵਾਸਤੇ ਮਜਬੂਰ ਕਰ ਰਹੇ ਹਨ ਅਤੇ ਉਹ ਕਠਪੁਤਲੀ ਵਾਂਗ ਵਿਹਾਰ ਕਰ ਰਹੇ ਹਨ ਅਤੇ ਉਹਨਾਂ ਨੂੰ ਪੰਜਾਬ ਤੇ ਪੰਜਾਬੀਆਂ ਦੀ ਭਲਾਈ ਦੀ ਕੋਈ ਪਰਵਾਹ ਨਹੀਂ ਹੈ।

ਮੁੱਖ ਮੰਤਰੀ ਭਗਵੰਤ ਮਾਨ (CM Mann) ਨੂੰ ਆਪ ਸਰਕਾਰ ਦੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਵਿਕਾਸ ਦਾ ਕੋਈ ਇਕ ਵੀ ਕੰਮ ਕੀਤਾ ਹੋਇਆ ਵਿਖਾਉਣ ਦੀ ਚੁਣੌਤੀ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੁਨਿਆਦੀ ਢਾਂਚੇ ਦੀ ਸਿਰਜਣਾ ਦੀ ਤਾਂ ਗੱਲ ਹੀ ਛੱਡੋ ਲੋਕਾਂ ਨੂੰ ਤਾਂ ਬੁਨਿਆਦੀ ਨਾਗਰਿਕ ਸਹੂਲਤਾਂ ਵੀ ਨਹੀਂ ਮਿਲ ਰਹੀਆਂ। ਉਨ੍ਹਾਂ ਕਿਹਾ ਕਿ ਸਾਰੇ ਸਮਾਜ ਭਲਾਈ ਲਾਭ ਜਾਂ ਤਾਂ ਕੱਟ ਦਿੱਤੇ ਗਏ ਹਨ, ਜਾਂ ਰੋਕ ਦਿੱਤੇ ਗਏ ਹਨ ਜਾਂ ਫਿਰ ਖਤਮ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕ ਰੋਜ਼ ਮੇਰੇ ਕੋਲ ਆ ਕੇ ਸ਼ਿਕਾਇਤਾਂ ਕਰਦੇ ਹਨ ਕਿ ਉਨ੍ਹਾਂ ਦੇ ਮੋਟੇ-ਮੋਟੇ ਬਿਜਲੀ ਬਿੱਲ ਆ ਰਹੇ ਹਨ ਅਤੇ ਕਿਵੇਂ ਉਨ੍ਹਾਂ ਦੇ ਨਾਂ ਆਟਾ ਦਾਲ ਤੇ ਬੁਢਾਪਾ ਪੈਨਸ਼ਨ ਸਕੀਮ ਵਰਗੇ ਸਮਾਜ ਭਲਾਈ ਲਾਭਾਂ ਵਿਚੋਂ ਕੱਟ ਦਿੱਤੇ ਗਏ ਹਨ।

ਉਨ੍ਹਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸੂਬੇ ਨੂੰ ਦਿੱਲੀ ਦੇ ਲੁਟੇਰਿਆਂ ਤੋਂ ਬਚਾਉਣ ਵਾਸਤੇ ਉਹ ਇਕਜੁੱਟ ਹੋ ਜਾਣ ਅਤੇ ਕਿਹਾ ਕਿ ਇਸ ਸਰਕਾਰ ਨੇ ਦੋ ਸਾਲਾਂ ਵਿਚ ਇਕ ਲੱਖ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਪਰ ਉਸ ਕੋਲ ਕਾਰਗੁਜ਼ਾਰੀ ਦੇ ਨਾਂ ’ਤੇ ਵਿਖਾਉਣ ਵਾਸਤੇ ਕੱਖ ਨਹੀਂ ਹੈ।

ਇਸ ਮੌਕੇ ਵੱਡੀ ਗਿਣਤੀ ਵਿਚ ਨੌਜਵਾਨ ਇਕ ਦੂਜੇ ਤੋਂ ਅੱਗੇ ਹੋ ਕੇ ਅਕਾਲੀ ਦਲ ਦੇ ਪ੍ਰਧਾਨ ਨੂੰ ਮਿਲਦੇ ਰਹੇ। ਅਨੇਕਾਂ ਨੌਜਵਾਨਾਂ ਨੇ ਸਰਦਾਰ ਬਾਦਲ ਨੂੰ ਉਨ੍ਹਾਂ ਦੀ ਤਸਵੀਰ ਤੇ ਅਨੇਕਾਂ ਹੋਰਨਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ਉਨ੍ਹਾਂ ਨੂੰ ਭੇਂਟ ਕੀਤੀ। ਇਸ ਮੌਕੇ ਅੱਜ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਫਰੀਦਕੋਟ ਵਿਚ ਸਤੀਸ਼ ਗਰੋਵਰ, ਸਨੀ ਬਰਾੜ, ਰਵਿੰਦਰ ਸਿੰਘ ਬੱਬਲ, ਗੁਰਕੰਵਲ ਸਿੰਘ ਅਤੇ ਬਬਰੀਕ ਸਿੰਘ ਤੇ ਫਿਰੋਜ਼ਪੁਰ ਦਿਹਾਤੀ ਵਿਚ ਚਮਕੌਰ ਸਿੰਘ ਟਿੱਬੀ, ਸੁਰਿੰਦਰ ਸਿੰਘ ਬੱਬੂ ਤੇ ਚਿਤਬੀਰ ਸਿੰਘ ਜ਼ੀਰਾ ਵੀ ਮੌਜੂਦ ਸਨ।

Related Post