Bathinda News : ਬਠਿੰਡਾ-ਤਲਵੰਡੀ ਸਾਬੋ ਰੋਡ ਤੇ ਵੱਡਾ ਹਾਦਸਾ, ਗੰਦੇ ਨਾਲੇ ਚ ਡਿੱਗੀ ਬੱਸ, 8 ਲੋਕਾਂ ਦੀ ਮੌਤ, ਮ੍ਰਿਤਕਾਂ ਦੀ ਹੋਈ ਪਛਾਣ

Talwandi Sabo News : ਬਠਿੰਡਾ-ਤਲਵੰਡੀ ਸਾਬੋ ਰੋਡ 'ਤੇ ਤੇਜ਼ ਮੀਂਹ ਕਾਰਨ ਇੱਕ ਪ੍ਰਾਈਵੇਟ ਬੱਸ ਪੁਲ ਤੋਂ ਲੰਘਣ ਸਮੇਂ ਬੇਕਾਬੂ ਹੋ ਕੇ ਗੰਦੇ ਨਾਲੇ ਵਿੱਚ ਜਾ ਡਿੱਗੀ ਹੈ। ਡਿਪਟੀ ਕਮਿਸ਼ਨਰ ਬਠਿੰਡਾ ਅਨੁਸਾਰ 8 ਲੋਕਾਂ ਦੀ ਮੌਤ ਹੋ ਗਈ ਹੈ। ਅਜੇ ਤੱਕ ਹਾਦਸੇ ਵਿੱਚ ਸਿਰਫ਼ ਇੱਕ ਲੜਕੀ ਪਛਾਣ ਰਵਨੀਤ ਕੌਰ ਦੱਸੀ ਜਾ ਰਹੀ ਹੈ।

By  KRISHAN KUMAR SHARMA December 27th 2024 02:53 PM -- Updated: December 27th 2024 07:10 PM

Bus Accident in Talwandi Sabo : ਤਲਵੰਡੀ ਸਾਬੋ 'ਚ ਤੇਜ਼ ਮੀਂਹ ਦਾ ਕਹਿਰ ਵੇਖਣ ਨੂੰ ਮਿਲਿਆ ਹੈ। ਬਠਿੰਡਾ-ਤਲਵੰਡੀ ਸਾਬੋ ਹਾਈਵੇ 'ਤੇ ਸ਼ੁੱਕਰਵਾਰ ਉਸ ਸਮੇਂ ਭਿਆਨਕ ਹਾਦਸਾ ਹੋ ਗਿਆ, ਜਦੋਂ ਸਵਾਰੀਆਂ ਨਾਲ ਭਰੀ ਹੋਈ ਬੱਸ ਪਿੰਡ ਜੀਵਨ ਸਿੰਘ ਵਾਲਾ ਨੇੜੇ ਲਸਾੜਾ ਡਰੇਨ ਵਿੱਚ ਜਾ ਡਿੱਗੀ। ਘਟਨਾ ਦਾ ਪਤਾ ਚਲਦੇ ਹੀ ਪਹਿਲਾਂ ਆਸ-ਪਾਸ ਦੇ ਲੋਕ ਰੋਲਾ ਸੁਣ ਕੇ ਮੌਕੇ 'ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕੀਤਾ। ਉਪਰੰਤ ਸੂਚਨਾ ਮਿਲਣ 'ਤੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚਿਆ ਅਤੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ ਗਏ।

ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰ੍ਹੇ ਅਤੇ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਵੀ ਖੁਦ ਮੌਕੇ 'ਤੇ ਪਹੁੰਚੇ ਹੋਏ ਸਨ ਅਤੇ ਬਚਾਅ ਕਾਰਜ ਆਪਣੀ ਨਿਗਰਾਨੀ ਹੇਠ ਸ਼ੁਰੂ ਕਰਵਾਏ। ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਹੁਣ ਤੱਕ ਇਸ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਵਿੱਚ ਇੱਕ ਬੱਚਾ, ਦੋ ਔਰਤਾਂ ਅਤੇ ਬੱਸ ਦਾ ਡਰਾਈਵਰ ਸ਼ਾਮਿਲ ਹੈ, ਜਦਕਿ ਜਖਮੀਆਂ ਨੂੰ ਬਠਿੰਡਾ ਅਤੇ ਤਲਵੰਡੀ ਸਾਬੋ ਦੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਲਈ ਭੇਜਿਆ ਗਿਆ।

ਉਧਰ, ਐਸਐਸਪੀ ਬਠਿੰਡਾ ਅਮਨੀਤ ਕੌਂਡਲ ਨੇ ਦੱਸਿਆ ਕਿ ਘਟਨਾ ਦਾ ਪਤਾ ਚਲਦੇ ਹੀ ਵੱਡੀ ਗਿਣਤੀ ਵਿੱਚ ਪੁਲਿਸ ਵੱਲ ਵੱਖ-ਵੱਖ ਥਾਣਿਆਂ ਦੀ ਫੋਰਸ ਮੌਕੇ 'ਤੇ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ। ਉਨ੍ਹਾਂ ਕਿਹਾ ਕਿ ਅਜੇ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਕਿ ਘਟਨਾ ਕਿਸ ਤਰ੍ਹਾਂ ਵਾਪਰੀ। ਉਨ੍ਹਾਂ ਕਿਹਾ ਕਿ ਅੱਠ ਲੋਕਾਂ ਦੀ ਮੌਤ ਹੋਈ ਹੈ, ਜੋ ਵੀ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ। ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

8 ਲੋਕਾਂ ਦੀ ਮੌਤ, ਪੁਲਿਸ ਨੇ ਕੰਟਰੋਲ ਰੂਮ ਕੀਤਾ ਸਥਾਪਤ

ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ 46 ਮੁਸਾਫ਼ਿਰ ਇਸ ਹਾਦਸੇ ਦੀ ਲਪੇਟ ਵਿੱਚ ਆਏ ਹਨ, ਜਿਨਾਂ ਵਿੱਚੋਂ ਅੱਠ ਵਿਅਕਤੀਆਂ ਨੂੰ ਮ੍ਰਿਤਕ ਐਲਾਨਿਆ ਗਿਆ, ਜਦਕਿ ਬਾਕੀਆਂ ਨੂੰ ਤਲਵੰਡੀ ਸਾਬੋ ਅਤੇ ਜਿਲ੍ਹਾ ਹਸਪਤਾਲ ਬਠਿੰਡਾ ਵਿਖੇ ਜੇਰੇ ਇਲਾਜ ਲਈ ਭੇਜਿਆ ਗਿਆ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਮ੍ਰਿਤਕਾਂ ਦੀ ਪਹਿਚਾਣ ਦਾ ਹਾਲੇ ਪਤਾ ਨਹੀਂ ਲਗਾਇਆ ਗਿਆ, ਜਦੋਂ ਵੀ ਇਸ ਬਾਰੇ ਪਤਾ ਲਗਾਇਆ ਜਾਂਦਾ ਹੈ ਤਾਂ ਸਮੇਂ ਸਿਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪਬਲਿਕ ਦੀ ਸੁਵਿਧਾ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜਿਨਾਂ ਦਾ ਮੋਬਾਇਲ ਨੰਬਰ 97801-00498 ਅਤੇ 96468-15951 ਹੈ।

ਹਾਦਸੇ 'ਚ ਮ੍ਰਿਤਕਾਂ ਦੀ ਹੋਈ ਪਛਾਣ

ਹਾਦਸੇ 'ਚ ਮ੍ਰਿਤਕਾਂ ਦੀ ਪਛਾਣ ਬਲਕਾਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕੋਟਧਰਮੂ (ਮਾਨਸਾ), ਮੁਖਤਿਆਰ ਕੌਰ ਪਤਨੀ ਕਰਮ ਸਿੰਘ ਵਾਸੀ ਪਿੰਡ ਜੀਵਨ ਸਿੰਘ ਵਾਲਾ, ਨਾਜਰ ਸਿੰਘ ਵਾਸੀ ਫੱਗੂ (ਹਰਿਆਣਾ), ਰਵਨੀਤ ਕੌਰ (17 ਸਾਲ) ਪੁੱਤਰੀ ਹਰਜੀਤ ਸਿੰਘ ਵਾਸੀ ਜੰਡ ਵਾਲਾ ਮੀਰਾ (ਫਾਜ਼ਿਲਕਾ), ਅਮਨਦੀਪ ਕੌਰ (30 ਸਾਲ) ਵਾਸੀ ਜੀਵਨ ਸਿੰਘ ਵਾਲਾ, ਪੁਨੀਤ ਕੌਰ ਪੁੱਤਰੀ ਅਮਨਦੀਪ ਕੌਰ (2 ਸਾਲ), ਪਰਮਜੀਤ ਕੌਰ (25) ਪਤਨੀ ਪਰੇਮ ਕੁਮਾਰ ਵਾਸੀ ਹੁਕਮਨਵਾਲੀ, ਫਤਿਆਬਾਦ (ਹਰਿਆਣਾ) ਅਤੇ ਅਰਜਨ ਕੁਮਾਰ (35) ਪੁੱਤਰ ਚੰਦ ਸ੍ਰੀ ਕੁਮਾਰ ਸ੍ਰੀਪੁਰ (ਬਿਹਾਰ) ਵਜੋਂ ਹੋਈ ਹੈ।

Related Post