Sri Muktsar News : ਗੈਂਗਸਟਰ ਗੋਲਡੀ ਬਰਾੜ ਦੀ ਮਾਤਾ ਨੂੰ ਮਿਲੀ ਪੱਕੀ ਜ਼ਮਾਨਤ, ਜਾਣੋ ਕੀ ਹੈ ਪੂਰਾ ਮਾਮਲਾ
ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਰਾਜ ਕੁਮਾਰ ਦੀ ਅਦਾਲਤ ਨੇ ਫ਼ਿਰੌਤੀ ਮੰਗਣ ਦੇ ਕੇਸ ’ਚੋਂ ਗੈਂਗਸਟਰ ਗੋਲਡੀ ਬਰਾੜ ਦੀ ਮਾਤਾ ਪ੍ਰੀਤਪਾਲ ਕੌਰ ਦੀ ਪੱਕੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਪ੍ਰੀਤਪਾਲ ਕੌਰ ਅਤੇ ਉਸ ਦਾ ਪਤੀ ਸਮਸ਼ੇਰ ਸਿੰਘ 26 ਜਨਵਰੀ 2026 ਤੋਂ ਜੇਲ੍ਹ ’ਚ ਬੰਦ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ 3 ਦਸੰਬਰ 2024 ਨੂੰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿੱਚ ਲਾਗਲੇ ਪਿੰਡ ਦੇ ਇੱਕ ਅਧਿਆਪਕ ਨੇ ਕੇਸ ਦਰਜ ਕਰਵਾਇਆ ਸੀ ਕਿ ਉਸ ਨੂੰ ਵਿਦੇਸ਼ੀ ਨੰਬਰ ਤੋਂ 50 ਲੱਖ ਰੁਪਏ ਦੀ ਫ਼ਿਰੌਤੀ ਲਈ ਤਿੰਨ ਵਾਰ ਧਮਕੀ ਆਈ ਹੈ। ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਕੁਝ ਸਮੇਂ ਬਾਅਦ ਸ਼ਿਕਾਇਤਕਰਤਾ ਨੇ ਥਾਣਾ ਸਦਰ ਦੀ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਸ ਪਾਸੋਂ ਫ਼ਿਰੌਤੀ ਮੰਗਣ ਅਤੇ ਧਮਕੀ ਦੇਣ ਵਾਲਾ ਵਿਅਕਤੀ ਸਮਸ਼ੇਰ ਸਿੰਘ ਹੈ, ਜੋ ਗੈਂਗਸਟਰ ਗੋਲਡੀ ਬਰਾੜ ਦਾ ਪਿਤਾ ਹੈ।
ਪੁਲਿਸ ਨੇ ਸਮਸ਼ੇਰ ਸਿੰਘ ਤੇ ਉਸ ਦੀ ਪਤਨੀ ਪ੍ਰੀਤਪਾਲ ਕੌਰ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪ੍ਰੀਤਪਾਲ ਕੌਰ ਦੇ ਵਕੀਲ ਬਾਬੂ ਸਿੰਘ ਸਿੱਧੂ ਨੇ ਦੱਸਿਆ ਕਿ ਪ੍ਰੀਤਪਾਲ ਕੌਰ ਦੇ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਿਆ।
- PTC NEWS