ਨਵੀਂ ਦਿੱਲੀ: ਕੈਨੇਡਾ ਨੇ ਵਧਦੇ ਤਣਾਅ ਦੇ ਤਾਜ਼ਾ ਸੰਕੇਤ ਵਿੱਚ ਕੈਨੇਡਾ ਦਾ ਦੌਰਾ ਕਰਨ ਵੇਲੇ "ਸਾਵਧਾਨੀ" ਦੀ ਅਪੀਲ ਕਰਨ ਵਾਲੀ ਇੱਕ ਭਾਰਤੀ ਐਡਵਾਇਜ਼ਰੀ ਨੂੰ ਰੱਦ ਕਰ ਦਿੱਤਾ ਹੈ। ਬੁੱਧਵਾਰ ਨੂੰ ਕੈਨੇਡੀਅਨ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲੇਬਲੈਂਕ ਨੇ ਐਡਵਾਇਜ਼ਰੀ ਦੇ ਐਲਾਨ ਕੀਤੇ ਜਾਣ ਤੋਂ ਤੁਰੰਤ ਬਾਅਦ ਇਸਦੇ ਜਵਾਬ ਵਿੱਚ ਪੱਤਰਕਾਰਾਂ ਨੂੰ ਕਿਹਾ, "ਕੈਨੇਡਾ ਇੱਕ ਸੁਰੱਖਿਅਤ ਦੇਸ਼ ਹੈ।"
ਕੈਨੇਡਾ ਨੇ ਵੀ ਇਸ ਹਫ਼ਤੇ ਆਪਣੀ ਯਾਤਰਾ ਜਾਣਕਾਰੀ ਨੂੰ ਅਪਡੇਟ ਕੀਤਾ। ਜਿੱਥੇ ਉਨ੍ਹਾਂ "ਅੱਤਵਾਦੀ ਹਮਲਿਆਂ ਦੇ ਖਤਰੇ" ਦੇ ਕਾਰਨ ਭਾਰਤ ਵਿੱਚ ਰੁਕਣ ਵੇਲੇ ਯਾਤਰੀਆਂ ਨੂੰ "ਉੱਚ ਪੱਧਰੀ ਸਾਵਧਾਨੀ" ਵਰਤਣ ਦੀ ਚੇਤਾਵਨੀ ਦਿੱਤੀ। ਕੈਨੇਡਾ ਅਤੇ ਭਾਰਤ ਵਿਚਕਾਰ ਚੱਲ ਰਹੀ ਸਿਆਸੀ ਕਸ਼ਮਕਸ਼ ਦੇ ਵਿਚਕਾਰ ਯਾਤਰਾ ਸਲਾਹਕਾਰਾਂ ਨੂੰ ਲੈ ਕੇ ਟਿਟ-ਫਾਰ-ਟੈਟ ਚਲ ਰਿਹਾ ਹੈ।
ਹਫ਼ਤੇ ਦੀ ਸ਼ੁਰੂਆਤ 'ਚ ਤਣਾਅ ਉਦੋਂ ਵੱਧ ਗਿਆ ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੀ ਜੂਨ ਵਿੱਚ ਹੋਈ ਹੱਤਿਆ ਦਰਮਿਆਨ ਭਾਰਤੀ ਸਰਕਾਰੀ ਏਜੰਟਾਂ ਦੀ ਸ਼ਮੂਲੀਅਤ ਦੀ ਜਾਂਚ ਕਰ ਰਹੇ ਹਨ।
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਆਪਣੀ ਸਲਾਹਕਾਰ ਵਿੱਚ ਟਰੂਡੋ ਦੀਆਂ ਟਿੱਪਣੀਆਂ ਦਾ ਸਿੱਧਾ ਹਵਾਲਾ ਨਹੀਂ ਦਿੱਤਾ। ਇਸ ਦੀ ਬਜਾਏ ਉਨ੍ਹਾਂ ਇੱਕ ਬਿਆਨ ਵਿੱਚ ਕਿਹਾ ਕਿ ਨਵੀਂ ਦਿੱਲੀ ਵੱਲੋਂ "ਰਾਜਨੀਤਿਕ ਤੌਰ 'ਤੇ ਜੁੜੇ ਨਫ਼ਰਤੀ ਅਪਰਾਧਾਂ ਅਤੇ ਅਪਰਾਧਿਕ ਹਿੰਸਾ" ਕਾਰਨ ਉਹ ਕੈਨੇਡਾ ਵਿੱਚ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਚਿੰਤਤ ਹੈ।
ਭਾਰਤੀ ਵਿਦੇਸ਼ ਮੰਤਰਾਲੇ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ , "ਭਾਰਤੀ ਡਿਪਲੋਮੈਟਾਂ ਅਤੇ ਭਾਰਤੀ ਭਾਈਚਾਰੇ ਦੇ ਉਨ੍ਹਾਂ ਹਿੱਸਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਭਾਰਤ ਵਿਰੋਧੀ ਏਜੰਡੇ ਦਾ ਵਿਰੋਧ ਕਰਦੇ ਹਨ।" ਉਸ 'ਚ ਅੱਗੇ ਲਿਖਿਆ ਕਿ, "ਇਸ ਲਈ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੈਨੇਡਾ ਦੇ ਉਨ੍ਹਾਂ ਖੇਤਰਾਂ ਅਤੇ ਸੰਭਾਵਿਤ ਸਥਾਨਾਂ ਦੀ ਯਾਤਰਾ ਕਰਨ ਤੋਂ ਬਚਣ ਜਿੱਥੇ ਅਜਿਹੀਆਂ ਘਟਨਾਵਾਂ ਹੋਈਆਂ ਹਨ।”
ਕੈਨੇਡਾ ਦੇ ਹਾਊਸ ਆਫ ਕਾਮਨਜ਼ ਦੇ ਸਾਹਮਣੇ ਟਰੂਡੋ ਦੇ ਐਲਾਨ ਨੇ ਕੈਨੇਡਾ ਵਿੱਚ ਸਿੱਖਾਂ ਦੀ ਵਕਾਲਤ ਨੂੰ ਲੈ ਕੇ ਓਟਾਵਾ ਅਤੇ ਨਵੀਂ ਦਿੱਲੀ ਦਰਮਿਆਨ ਲੰਬੇ ਸਮੇਂ ਤੋਂ ਚੱਲ ਰਹੇ ਤਣਾਅ ਨੂੰ ਭੜਕਾ ਦਿੱਤਾ ਹੈ। ਕੈਨੇਡਾ ਵਸਦੇ ਕੱਟੜਪੰਥੀ ਭਾਰਤ ਵਿੱਚ ਇੱਕ ਆਜ਼ਾਦ ਸਿੱਖ ਰਾਜ ਦੀ ਸਿਰਜਣਾ ਦਾ ਸਮਰਥਨ ਕਰਦੇ ਹਨ।
ਕੈਨੇਡਾ ਵਸਦੇ ਸਿੱਖ ਆਗੂਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਅਧੀਨ ਅਤਿਆਚਾਰ, ਨਿਗਰਾਨੀ ਅਤੇ ਨਿਯਮਤ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਹੈ, ਜਦਕਿ ਨਵੀਂ ਦਿੱਲੀ ਨੇ ਨਿਯਮਿਤ ਤੌਰ 'ਤੇ ਵੱਖਵਾਦੀ ਅੰਦੋਲਨ 'ਤੇ ਹਿੰਸਾ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ।
ਇਸ ਦੇ ਨਾਲ ਹੀ ਭਾਰਤ ਨੇ ਨਿੱਝਰ ਦੇ ਕਤਲ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਨੂੰ ਰੱਦ ਕਰ ਦਿੱਤਾ ਹੈ, ਅਤੇ ਕੈਨੇਡੀਅਨ ਸਰਕਾਰ ਦੇ ਸੁਝਾਅ ਨੂੰ "ਬੇਤੁਕਾ ਅਤੇ ਬੇਬੁਨਿਆਦੀ" ਦੱਸਿਆ ਹੈ।
ਇਹ ਵੀ ਪੜ੍ਹੋ: ਕੈਨੇਡੀਅਨ ਨਾਗਰਿਕਾਂ ਲਈ ਭਾਰਤੀ ਵੀਜ਼ਾ ਸੇਵਾਵਾਂ ਅਗਲੇ ਨੋਟਿਸ ਤੱਕ ਮੁਅੱਤਲ