ਹਾਈਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਹੇਠ ਹੋਵੇਗੀ ਸ਼ੁਭਕਰਨ ਦੀ ਮੌਤ ਦੀ ਜਾਂਚ, 3 ਮੈਂਬਰੀ ਕਮੇਟੀ ਦਾ ਗਠਨ

By  KRISHAN KUMAR SHARMA March 7th 2024 12:58 PM

ਪੀਟੀਸੀ ਨਿਊਜ਼ ਡੈਸਕ: ਕਿਸਾਨ ਅੰਦੋਲਨ (Kisan Andolan 2.0) ਦੇ ਸ਼ਹੀਦ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਹੁਣ ਹਾਈਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਹੇਠ 3 ਮੈਂਬਰੀ ਕਮੇਟੀ ਜਾਂਚ ਕਰੇਗੀ। ਪੰਜਾਬ-ਹਰਿਆਣਾ ਹਾਈਕੋਰਟ (high-court) ਨੇ ਵੀਰਵਾਰ ਮਾਮਲੇ 'ਚ ਦਾਖਲ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਝਾੜ ਪਾਉਂਦਿਆਂ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।

ਪੰਜਾਬ ਸਰਕਾਰ ਨੂੰ ਪਾਈ ਝਾੜ

ਵੀਰਵਾਰ ਮਾਮਲੇ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਸ਼ੁਭਕਰਨ ਮਾਮਲੇ 'ਚ ਪੰਜਾਬ ਸਰਕਾਰ (punjab-government) ਨੂੰ 7 ਦਿਨ ਦੀ ਦੇਰੀ ਨਾਲ ਐੱਫ.ਆਈ.ਆਰ ਦਰਜ ਕਰਨ 'ਤੇ ਇਕ ਵਾਰ ਮੁੜ ਫਟਕਾਰ ਲਗਾਈ। ਪ੍ਰਤਾਪ ਬਾਜਵਾ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਪੋਸਟ ਮਾਰਟਮ ਰਿਪੋਰਟ 'ਚ ਕਿਹਾ ਗਿਆ ਹੈ ਕਿ ਕੁਝ ਗੋਲੀਆਂ ਮਿਲੀਆਂ ਹਨ, ਪਰ ਇਹ ਨਹੀਂ ਦੱਸਿਆ ਜਾ ਰਿਹਾ ਹੈ ਕਿ ਸ਼ੁਭਕਰਨ ਦੀ ਮੌਤ ਕਿਸ ਹਥਿਆਰ ਨਾਲ ਹੋਈ ਹੈ।

ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਫਿਰ ਪੁੱਛਿਆ ਕਿ ਜੇਕਰ ਸ਼ੁਭਕਰਨ ਸਿੰਘ ਦੀ ਲਾਸ਼ ਪੰਜਾਬ 'ਚ ਮਿਲੀ ਹੈ ਤਾਂ ਜ਼ੀਰੋ FIR ਕਿਉਂ ਅਤੇ ਉਹ ਵੀ ਸੱਤ ਦਿਨਾਂ ਬਾਅਦ ਕਿਉਂ ਦਰਜ ਕੀਤੀ ਗਈ। ਹਾਈਕੋਰਟ ਨੇ ਸਰਕਾਰ ਨੂੰ ਪੁੱਛਿਆ ਕਿ ਕਿਉਂ ਨਹੀਂ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਟੀਮ, ਜਿਸ ਵਿੱਚ ਪੰਜਾਬ ਅਤੇ ਹਰਿਆਣਾ ਦੇ ਪ੍ਰਤੀਨਿਧੀ ਹੋਣਗੇ, ਜਾਂਚ ਕਰੇ।

ਇਸ ਪਿੱਛੋਂ ਹਾਈਕੋਰਟ ਨੇ ਮਾਮਲੇ 'ਚ ਜਾਂਚ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਸ਼ੁਭਕਰਨ ਦੀ ਮੌਤ ਦੇ ਮਾਮਲੇ ਦੀ 3 ਮੈਂਬਰੀ ਜਾਂਚ ਕਮੇਟੀ ਵਿੱਚ ਹਾਈਕੋਰਟ ਦੇ ਰਿਟਾਇਰਡ ਜੱਜ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਤੋਂ ਇੱਕ-ਇੱਕ ਏਡੀਜੀਪੀ ਪੱਧਰ ਦਾ ਅਧਿਕਾਰੀ ਵੀ ਸ਼ਾਮਲ ਹੋਵੇਗਾ।

ਸ਼ੁਭਕਰਨ ਦੀ ਪੋਸਟਮਾਰਟਮ ਰਿਪੋਰਟ 'ਚ ਹੋਏ ਅਹਿਮ ਖੁਲਾਸੇ

ਸ਼ੁਭਕਰਨ ਸਿੰਘ ਦੀ ਕਿਸਾਨ ਅੰਦੋਲਨ ਦੌਰਾਨ ਹੋਈ ਮੌਤ ਸਬੰਧੀ ਪੋਸਟ ਮਾਰਟਮ ਰਿਪੋਰਟ ਵਿੱਚ ਅਹਿਮ ਖੁਲਾਸੇ ਹੋਏ ਹਨ। ਰਿਪੋਰਟ 'ਚ ਕਿਹਾ ਹੈ ਕਿ ਸ਼ੁਭਕਰਨ ਦੇ ਸਿਰ 'ਚੋਂ ਕਈ ਛੱਰ੍ਹੇ ਬਰਾਮਦ ਹੋਏ ਹਨ, ਜਿਸ ਤੋਂ ਬਾਅਦ ਰਿਪੋਰਟ ’ਚ ਕਿਹਾ ਜਾ ਰਿਹਾ ਹੈ ਕਿ ਸ਼ੁਭਕਰਨ ਸਿੰਘ ਦੀ ਮੌਤ ਗੋਲੀ ਲੱਗਣ ਕਾਰਨ ਹੋਈ ਹੈ। ਹਾਲਾਂਕਿ ਕਿਸਾਨਾਂ ਦੇ ਦਾਅਵਿਆਂ ਨੂੰ ਬਲ ਮਿਲਿਆ ਹੈ ਜਿਸ ਵਿੱਚ ਉਹ ਲਗਾਤਾਰ ਇਲਜਾਮ ਲਗਾ ਰਹੇ ਹਨ ਕਿ ਉਸਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ।

ਦੱਸ ਦਈਏ ਕਿ ਪਟਿਆਲਾ ਜ਼ਿਲ੍ਹੇ ਦੀ ਪਤਾਰਾ ਤਹਿਸੀਲ ਵਿੱਚ ਪੰਜਾਬ-ਹਰਿਆਣਾ ਸਰਹੱਦ ’ਤੇ 21 ਫਰਵਰੀ 2024 ਨੂੰ ਸਿਰ ਵਿੱਚ ਗੋਲੀ ਲੱਗਣ ਕਾਰਨ ਸ਼ਹੀਦ ਹੋਏ 22 ਸਾਲਾ ਕਿਸਾਨ ਸ਼ੁਭਕਰਨ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਬੀਤੀ ਰਾਤ ਕੀਤਾ ਗਿਆ। 29 ਫਰਵਰੀ ਨੂੰ ਪਰ ਹੁਣ ਉਸ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ।

Related Post