ਗੁਰਦੁਆਰਾ ਸਾਹਿਬ ਦੇ ਤਾਲੇ ਭੰਨ ਕੇ ਗੋਲਕ 'ਚੋਂ ਉਡਾਈ ਨਕਦੀ, ਸੀਸੀਟੀਵੀ 'ਚ ਕੈਦ ਹੋਈ ਘਟਨਾ

By  Ravinder Singh December 7th 2022 11:48 AM

ਮਾਹਿਲਪੁਰ : ਬਲਾਕ ਮਾਹਿਲਪੁਰ ਦੇ ਪਿੰਡ ਬਿਲਾਸਪੁਰ ਦੇ ਬਾਹਰਵਾਰ ਕੰਮੋਵਾਲ ਰੋਡ 'ਤੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਚੜ੍ਹਤ ਸਿੰਘ ਵਿਚ ਚੋਰੀ ਕਰਨ ਲਈ ਇਕ ਚੋਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਸਮੇਤ ਜੁੱਤੀਆਂ ਲੈ ਕੇ ਪਹੁੰਚਣ ਤੇ ਗੋਲਕ ਵਿੱਚੋਂ ਪੈਸੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਚੋਰੀ ਦੀ ਘਟਨਾ ਐਤਵਾਰ ਰਾਤ ਦੀ ਦੱਸੀ ਜਾ ਰਹੀ ਹੈ। ਉਕਤ ਚੋਰ ਦਾ ਸਾਰਾ ਕਾਰਾ ਗੁਰਦੁਆਰਾ ਸਾਹਿਬ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਿਆ। ਥਾਣਾ ਚੱਬੇਵਾਲ ਦੀ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੀ ਸਹਾਇਤਾ ਨਾਲ ਚੋਰ ਦੀ ਭਾਲ ਸ਼ੁਰੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਚੋਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲ ਜੁੱਤੀ ਪਾ ਕੇ ਜਾਣ ਨਾਲ ਸਿੱਖਾਂ ਵਿਚ ਭਾਰੀ ਰੋਸ ਹੈ।



ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ ਪੁੱਤਰੀ ਸੁਰਜੀਤ ਸਿੰਘ ਵਾਸੀ ਬਿਲਾਸਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਪਿੰਡ ਦੇ ਗੁਰਦੁਆਰਾ ਸ਼ਹੀਦ ਬਾਬਾ ਚੜ੍ਹਤ ਸਿੰਘ ਵਿਖੇ ਸੇਵਾ ਕਰਨ ਦਾ ਕੰਮ ਕਰਦੀ ਹੈ। ਉਸ ਨੇ ਦੱਸਿਆ ਕਿ ਸੋਮਵਾਰ ਦੀ ਸਵੇਰ ਜਦੋਂ ਉਹ ਗੁਰਦੁਆਰਾ ਸਾਹਿਬ ਪਹੁੰਚੀ ਤਾਂ ਗੁਰਦੁਆਰਾ ਸਾਹਿਬ ਦੇ ਬਾਹਰਲੇ ਦਰਵਾਜ਼ੇ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਅਣਪਛਾਤੇ ਚੋਰਾਂ ਨੇ ਅੰਦਰੋਂ ਗੋਲਕ ਦੀ ਵੀ ਭੰਨ ਤੋੜ ਕਰਕੇ ਕੁੱਝ ਨਕਦੀ ਚੋਰੀ ਕਰ ਲਈ। ਉਸ ਨੇ ਦੱਸਿਆ ਕਿ ਚੋਰੀ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਜਦੋਂ ਗੁਰਦੁਆਰਾ ਸਾਹਿਬ ਦੇ ਸੀਸੀਟੀਵੀ ਕੈਮਰੇ ਚੈਕ ਕੀਤੇ ਤਾਂ ਰਾਤ ਸਾਢੇ ਕੁ 12 ਵਜੇ ਇਕ ਚੋਰ ਜਿਸ ਨੇ ਪਰਨੇ ਨਾਲ ਮੂੰਹ ਢੱਕਿਆ ਹੋਇਆ ਸੀ ਨੇ ਪਹਿਲਾਂ ਲੋਹੇ ਦੇ ਮੋਟੇ ਸਰੀਏ ਨਾਲ ਬਾਹਰਲਾ ਤਾਲਾ ਤੋੜਿਆ ਤੇ ਅੰਦਰ ਦਾਖ਼ਲ ਹੋ ਕੇ ਗੋਲਕ ਦੀ ਭੰਨਤੋੜ ਕਰਕੇ ਉਸ ਵਿੱਚੋਂ ਕੁੱਝ ਨਕਦੀ ਚੋਰੀ ਕਰ ਲਈ।

ਇਹ ਵੀ ਪੜ੍ਹੋ : RBI ਨੇ ਰੈਪੋ ਰੇਟ 'ਚ 0.35 ਫ਼ੀਸਦੀ ਕੀਤਾ ਵਾਧਾ, ਕਰਜ਼ੇ ਹੋ ਸਕਦੇ ਨੇ ਮਹਿੰਗੇ

ਚੋਰ ਨੇ ਚੋਰੀ ਕਰਨ ਤੋਂ ਬਾਅਦ ਪਾਲਕੀ ਸਾਹਿਬ ਕੋਲ ਪਹੁੰਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੇਠੋਂ ਫ਼ਰੋਲਾ-ਫ਼ਰਾਲੀ ਕਰਕੇ ਕੁੱਝ ਹੋਰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਇਕ ਪਾਸੇ ਖਿਸਕਾ ਦਿੱਤਾ। ਪਿੰਡ ਦੇ ਲੋਕਾਂ ਸੀਸੀਟੀਵੀ ਫੁਟੇਜ ਦੇਖ ਕੇ ਰੋਹ ਵਿਚ ਆ ਗਏ। ਉਨ੍ਹਾਂ ਤੁਰੰਤ ਚੱਬੇਵਾਲ ਪੁਲਿਸ ਨੂੰ  ਸੂਚਿਤ ਕੀਤਾ। ਚੱਬੇਵਾਲ ਪੁਲਿਸ ਨੇ ਸੀਸੀਟੀਵੀ ਫੁਟੇਜ ਲੈ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰਕੇ ਕਥਿਤ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਮੁਖੀ ਚੱਬੇਵਾਲ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਮਾਮਲੇ ਦੀ ਪੜਤਾਲ ਸ਼ੁਰੂ ਕਰਕੇ ਚੋਰ ਦੀ ਪਹਿਚਾਣ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਕਥਿਤ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।

Related Post