ਮਕਬੂਲ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਟਿਕਾਣਿਆਂ 'ਤੇ Income Tax ਦੀ ਰੇਡ

By  Jasmeet Singh December 19th 2022 12:13 PM -- Updated: December 19th 2022 07:05 PM

ਮੁਹਾਲੀ, 19 ਦਸੰਬਰ: ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਦੇ 4 ਟਿਕਾਣਿਆਂ ਉੱਤੇ ਵਿਤੀ ਵਿਭਾਗ ਵੱਲੋਂ ਛਾਪੇਮਾਰੀ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਚਾਰ ਥਾਵਾਂ 'ਤੇ ਛਾਪੇਮਾਰੀ ਵਿਚੋਂ ਰਣਜੀਤ ਬਾਵਾ ਦੇ ਪੀ.ਏ. ਦੇ ਘਰੇ ਬਟਾਲਾ ਵਿਖੇ, ਉਨ੍ਹਾਂ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿਖੇ, ਬਟਾਲਾ ਸਥਿਤ ਘਰੇ ਅਤੇ  ਬਟਾਲਾ ਦੇ ਨੇੜਲੇ ਪਿੰਡ ਵਡਾਲਾ ਗ੍ਰੰਥੀਆਂ ਵਿਖੇ ਸਥਿਤ ਘਰੇ ਵੀ ਛਾਪੇਮਾਰੀ ਜਾਰੀ ਹੈ। 

ਇਨਕਮ ਟੈਕਸ ਦੀ ਟੀਮ ਗਾਇਕ ਰਣਜੀਤ ਬਾਵਾ ਦੇ ਜੱਦੀ ਪਿੰਡ ਵਡਾਲਾ ਗ੍ਰੰਥੀਆਂ ਸਵੇਰੇ 9 ਵਜੇ ਦੇ ਕਰੀਬ ਪਹੁੰਚੀ ਅਤੇ ਸ਼ਾਮ ਨੂੰ ਚਾਰ ਵਜੇ ਵਾਪਿਸ ਗਈ। ਇਸ ਛਾਪੇਮਾਰੀ ਦੌਰਾਨ ਟੀਮ ਨੇ ਖਾਣਾ ਵੀ ਉਥੇ ਹੀ ਮੰਗਵਾ ਕੇ ਖਾਧਾ ਅਤੇ ਜਾਂਦੇ ਸਮੇਂ ਕੁਝ ਕਾਗਜ਼ਾਤ ਅਤੇ ਸਮਾਨ ਆਪਣੇ ਨਾਲ ਲੈਕੇ ਗਈ। ਇਸ ਸਮੇਂ ਰਣਜੀਤ ਬਾਵਾ ਤਾਂ ਮੌਕੇ 'ਤੇ ਮਜੂਦ ਨਹੀਂ ਰਹੇ ਪਰ ਉਹਨਾਂ ਦੀ ਭੈਣ ਕੁਲਜਿੰਦਰ ਕੌਰ ਅਤੇ ਉਨ੍ਹਾਂ ਦਾ ਪਤੀ ਮਜੂਦ ਰਿਹਾ। ਇਸ ਮੌਕੇ ਵਾਪਸੀ 'ਤੇ ਟੀਮ ਨੇ ਵੀ ਬੋਲਣ ਤੋਂ ਇਨਕਾਰੀ ਨਜਰ ਆਈ। ਬਾਵਾ ਦੀ ਭੈਣ ਨੇ ਦੱਸਿਆ ਕਿ ਸਰਕਾਰੀ ਟੀਮ ਸੀ ਜੋ ਕੁਝ ਚੈਕਿੰਗ ਕਰਨ ਆਏ ਸੀ, ਜੋ ਕੁਝ ਵੀ ਉਹਨਾਂ ਨੇ ਪੁੱਛਗਿੱਛ ਕੀਤੀ ਉਨ੍ਹਾਂ ਸਾਫ ਸਾਫ ਦੱਸ ਦਿੱਤਾ।

ਕੁਲਜਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਜਿਸ ਵੀ ਮਦਦ ਦੀ ਲੋੜ ਸੀ ਅਸੀਂ ਉਨ੍ਹਾਂ ਨੂੰ ਦਿਤੀ। ਉਨ੍ਹਾਂ ਕਿਹਾ ਕਿ ਟੀਮ ਦੀ ਇਹ ਜਾਂਚ ਕਾਨੂੰਨੀ ਤੌਰ 'ਤੇ ਖੁਫ਼ੀਆ ਸੀ ਅਤੇ ਅਸੀਂ ਵੀ ਉਨ੍ਹਾਂ ਬਾਰੇ ਕੁੱਝ ਨਹੀਂ ਦੱਸ ਸਕਦੇ ਪਰ ਉਸ ਟੀਨ ਨੇ ਜੋ ਵੀ ਜਾਂਚ ਕੀਤੀ ਬਹੁਤ ਹੀ ਅਰਾਮ ਨਾਲ ਕੀਤੀ, ਨਾਲ ਹੀ ਰਣਜੀਤ ਬਾਵਾ ਦੀ ਭੈਣ ਨੇ ਦੱਸਿਆ ਕਿ ਗਾਇਕ ਖ਼ੁਦ ਵੀ ਚੰਡੀਗੜ੍ਹ ਹੀ ਹਨ।

ਇੱਥੇ ਇਹ ਵੀ ਦੱਸਣਾ ਬਣਦਾ ਕਿ ਜਿੱਥੇ ਰਣਜੀਤ ਬਾਵਾ ਦੇ ਘਰੇ ਇਨਕਮ ਟੈਕਸ ਦੀ ਛਾਪੇਮਾਰੀ ਜਾਰੀ ਹੈ ਉੱਥੇ ਹੀ ਮਕਬੂਲ ਸੂਫ਼ੀ ਗਾਇਕ ਕੰਵਰ ਗਰੇਵਾਲ ਦੇ ਘਰੇ ਵੀ ਇਨਕਮ ਟੈਕਸ ਵੱਲੋਂ ਛਾਪੇਮਾਰੀ ਕੀਤੀ ਗਈ ਅਤੇ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਘਰ ਸੀਲ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : ਪੰਜਾਬੀ ਗਾਇਕ ਕੰਵਰ ਗਰੇਵਾਲ ਦੀ ਰਿਹਾਇਸ਼ 'ਤੇ NIA ਦੀ ਛਾਪੇਮਾਰੀ, ਘਰ ਕੀਤਾ ਸੀਲ

ਸੂਤਰਾਂ ਦੀ ਮੰਨੀਏ ਤਾਂ ਜਿਹੜੇ ਗਾਇਕਾਂ ਨੇ ਕਿਸਾਨੀ ਅੰਦੋਲਨ ਦੌਰਾਨ ਯੋਗਦਾਨ ਪਾਇਆ ਸੀ ਉਨ੍ਹਾਂ ਦੇ ਘਰਾਂ ਵਿੱਚ ਕੇਂਦਰੀ ਏਜੰਸੀਆਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

- ਰਿਪੋਰਟਰ ਰਵੀਬਖਸ਼ ਸਿੰਘ ਅਰਸ਼ੀ ਤੇ ਰਮਨਦੀਪ ਦੇ ਸਹਿਯੋਗ ਨਾਲ 

Related Post