Chandigarh Rose Garden Murder : ਚੰਡੀਗੜ੍ਹ ਚ ਦਿਨ-ਦਿਹਾੜੇ ਔਰਤ ਦਾ ਕਤਲ, ਰੋਜ਼ ਗਾਰਡਨ ਦੇ ਬਾਥਰੂਮ ਚੋਂ ਗਲਾ ਕੱਟੀ ਮਿਲੀ ਲਾਸ਼

Rose Garden Murder : ਔਰਤ ਦੀ ਲਾਸ਼ ਸੈਕਟਰ 16 ਸਥਿਤ ਰੋਜ਼ ਗਾਰਡਨ ਦੇ ਬਾਥਰੂਮ 'ਚੋਂ ਮਿਲੀ ਹੈ, ਜਿਸ ਨੂੰ ਲੈ ਕੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਮੌਕੇ 'ਤੇ ਸੂਚਨਾ ਮਿਲਣ 'ਤੇ ਵੱਡੀ ਗਿਣਤੀ ਵਿੱਚ ਪੁਲਿਸ ਟੀਮਾਂ ਪਹੁੰਚੀਆਂ ਹੋਈਆਂ ਸਨ ਅਤੇ ਜਾਂਚ ਕੀਤੀ ਜਾ ਰਹੀ ਸੀ।

By  KRISHAN KUMAR SHARMA November 29th 2025 05:29 PM -- Updated: November 29th 2025 06:28 PM

Chandigarh Rose Garden Murder : ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਦਿਨ-ਦਿਹਾੜੇ ਇੱਕ ਔਰਤ ਦਾ ਕਤਲ ਕਰਨ ਦੀ ਘਟਨਾ ਵਾਪਰੀ ਹੈ। ਔਰਤ ਦੀ ਲਾਸ਼ ਸੈਕਟਰ 16 ਸਥਿਤ ਰੋਜ਼ ਗਾਰਡਨ ਦੇ ਬਾਥਰੂਮ 'ਚੋਂ ਮਿਲੀ ਹੈ, ਜਿਸ ਨੂੰ ਲੈ ਕੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਮੌਕੇ 'ਤੇ ਸੂਚਨਾ ਮਿਲਣ 'ਤੇ ਵੱਡੀ ਗਿਣਤੀ ਵਿੱਚ ਪੁਲਿਸ ਟੀਮਾਂ ਪਹੁੰਚੀਆਂ ਹੋਈਆਂ ਸਨ ਅਤੇ ਜਾਂਚ ਕੀਤੀ ਜਾ ਰਹੀ ਸੀ।

ਲਾਸ਼ ਕੋਲੋਂ ਚਾਕੂ ਮਿਲਿਆ, ਗਲਾ ਕੱਢ ਕੇ ਕਤਲ ਦਾ ਸ਼ੱਕ

ਬਾਥਰੂਮ 'ਚੋਂ ਔਰਤ ਦੀ ਖੂਨ ਨਾਲ ਲੱਥਪੱਥ ਲਾਸ਼ ਬਰਾਮਦ ਹੋਈ ਹੈ। ਲਾਸ਼ ਦੇ ਕੋਲ ਇੱਕ ਚਾਕੂ ਮਿਲਿਆ ਹੈ। ਔਰਤ ਦੀ ਗਰਦਨ 'ਤੇ ਡੂੰਘੇ ਜ਼ਖਮ ਮਿਲੇ ਹਨ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਔਰਤ ਦਾ ਗਲਾ ਚਾਕੂ ਨਾਲ ਵੱਢ ਕੇ ਕਤਲ ਕੀਤਾ ਗਿਆ ਹੈ। ਪੁਲਿਸ ਨੇ ਔਰਤ ਦੀ ਲਾਸ਼ ਸੈਕਟਰ 16 ਦੇ ਮੁਰਦਾਘਰ ਵਿੱਚ ਰੱਖ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਦੁਪਹਿਰ ਨੂੰ ਇੱਕ ਮਹਿਲਾ ਸੈਲਾਨੀ, ਰੋਜ਼ ਗਾਰਡਨ ਪਾਰਕ ਵਿੱਚ ਬਾਥਰੂਮ ਗਈ ਤਾਂ ਉਸਨੇ ਇੱਕ ਔਰਤ ਨੂੰ ਬੇਹੋਸ਼ ਪਈ ਦੇਖਿਆ। ਉਸਦੇ ਸਰੀਰ ਵਿੱਚੋਂ ਖੂਨ ਵਗ ਰਿਹਾ ਸੀ। ਮੌਕੇ 'ਤੇ ਮੌਜੂਦ ਔਰਤ ਡਰ ਗਈ ਅਤੇ ਚੀਕਣ ਲੱਗੀ। ਫਿਰ ਉਹ ਬਾਹਰ ਭੱਜ ਗਈ ਅਤੇ ਰੋਂਦੇ ਹੋਏ ਟ੍ਰੈਫਿਕ ਪੁਲਿਸ ਨੂੰ ਸਾਰੀ ਘਟਨਾ ਦੱਸੀ।

ਯੂਪੀ ਦੀ ਰਹਿਣ ਵਾਲੀ ਸੀ ਮ੍ਰਿਤਕਾ

ਡੀਐਸਪੀ ਦਲਵੀਰ ਨੇ ਦੱਸਿਆ ਕਿ ਲਾਸ਼ ਨੇੜੇ ਇੱਕ ਪਰਸ ਵੀ ਮਿਲਿਆ। ਕੁੜੀ ਦੀ ਪਛਾਣ ਕਰ ਲਈ ਗਈ ਹੈ। ਮ੍ਰਿਤਕਾ ਦਾ ਨਾਮ ਦੀਕਸ਼ਾ ਹੈ, ਜੋ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੀ ਰਹਿਣ ਵਾਲੀ ਹੈ ਅਤੇ ਕੁਝ ਸਾਲਾਂ ਤੋਂ ਚੰਡੀਗੜ੍ਹ ਦੇ ਸਾਰੰਗਪੁਰ ਵਿੱਚ ਰਹਿ ਰਹੀ ਸੀ। ਉਸਦੀ ਉਮਰ ਲਗਭਗ 30 ਸਾਲ ਹੈ। ਘਟਨਾ ਸਥਾਨ ਤੋਂ ਇੱਕ ਚਾਕੂ ਬਰਾਮਦ ਹੋਇਆ ਹੈ। ਜਾਂਚ ਚੱਲ ਰਹੀ ਹੈ ਅਤੇ ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਹੁਣ ਤੱਕ ਦੀ ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਔਰਤ ਦਾ ਆਪਣੇ ਪਤੀ ਨਾਲ ਝਗੜਾ ਹੋਇਆ ਸੀ ਅਤੇ ਉਹ ਇੱਕ ਸਾਲ ਤੋਂ ਉਸ ਤੋਂ ਵੱਖ ਰਹਿ ਰਹੀ ਸੀ। ਪੁਲਿਸ ਦਾ ਮੰਨਣਾ ਹੈ ਕਿ ਔਰਤ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ ਸੀ।

ਫਾਰੈਂਸਿਕ ਟੀਮ ਨੇ ਇਕੱਠੇ ਕੀਤੇ ਨਮੂਨੇ, ਬਾਥਰੂਮ ਸੀਲ

ਪੁਲਿਸ ਦੀ ਫੋਰੈਂਸਿਕ ਟੀਮ ਨੇ ਬਾਥਰੂਮ ਦੇ ਅੰਦਰੋਂ ਖੂਨ ਦੇ ਨਮੂਨੇ, ਚਾਕੂ ਅਤੇ ਹੋਰ ਮਹੱਤਵਪੂਰਨ ਸਬੂਤ ਇਕੱਠੇ ਕੀਤੇ। ਆਲੇ-ਦੁਆਲੇ ਦੇ ਖੇਤਰ ਤੋਂ ਉਂਗਲਾਂ ਦੇ ਨਿਸ਼ਾਨ ਵੀ ਲਏ ਗਏ। ਇਸ ਦੇ ਨਾਲ ਹੀ ਜਾਂਚ ਲਈ ਪੂਰੇ ਬਾਥਰੂਮ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਰੋਜ਼ ਗਾਰਡਨ ਦੇ ਆਲੇ-ਦੁਆਲੇ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ, ਜਿਸ ਔਰਤ ਦੀ ਲਾਸ਼ ਮਿਲੀ ਹੈ, ਉਹ ਕਿਸ ਨਾਲ ਬਾਗ ਵਿੱਚ ਆਈ ਸੀ ਜਾਂ ਕੀ ਉਹ ਇਕੱਲੀ ਆਈ ਸੀ।

Related Post