ਚੰਡੀਗੜ੍ਹ MC ਦੀ ਮੀਟਿੰਗ 'ਚ ਹੰਗਾਮਾ, ਮਾਰਸ਼ਲਾਂ ਨੇ 'ਆਪ' ਕੌਂਸਲਰਾਂ ਨੂੰ ਕੱਢਿਆ ਬਾਹਰ

ਚੰਡੀਗੜ੍ਹ ਨਗਰ ਨਿਗਮ ਦੀ ਵੀਰਵਾਰ ਨੂੰ ਹੋਈ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਹੰਗਾਮਾ ਹੋਇਆ ਹੈ। ਇਸ ਦੌਰਾਨ ਮੇਅਰ ਸਰਬਜੀਤ ਕੌਰ ਨੇ ਮਾਰਸ਼ਲ ਨੂੰ ਕਹਿ ਕੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਬਾਹਰ ਕੱਢ ਦਿੱਤਾ ਹੈ।

By  Pardeep Singh December 22nd 2022 03:24 PM

ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਦੀ ਵੀਰਵਾਰ ਨੂੰ ਹੋਈ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਹੰਗਾਮਾ ਹੋਇਆ ਹੈ। ਇਸ ਦੌਰਾਨ  ਮੇਅਰ ਸਰਬਜੀਤ ਕੌਰ ਨੇ ਮਾਰਸ਼ਲ ਨੂੰ ਕਹਿ ਕੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਬਾਹਰ ਕੱਢ ਦਿੱਤਾ ਹੈ।

ਜਾਣਕਾਰੀ ਮੁਤਾਬਕ ਮੇਅਰ ਸਰਬਜੀਤ ਕੌਰ ਨੇ ਵੀਰਵਾਰ ਨੂੰ ਆਪਣੇ ਕਾਰਜਕਾਲ ਦੇ ਆਖਰੀ ਦਿਨ ਜਨਰਲ ਹਾਊਸ ਦੀ ਮੀਟਿੰਗ ਬੁਲਾਈ ਸੀ। ਮੀਟਿੰਗ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਮੇਅਰ ਸਮੇਤ ਭਾਜਪਾ ਵਰਕਰਾਂ ਨੂੰ ਘੇਰ ਲਿਆ।

ਮੇਅਰ ਸਰਬਜੀਤ ਕੌਰ ਨੂੰ ਮਾਰਸ਼ਲ ਬੁਲਾਉਣੇ ਪਏ, ਜਿਨ੍ਹਾਂ ਨੇ 'ਆਪ' ਅਤੇ ਕਾਂਗਰਸੀ ਕੌਂਸਲਰਾਂ ਨੂੰ ਸਦਨ 'ਚੋਂ ਬਾਹਰ ਕੱਢ ਦਿੱਤਾ। ਕੌਂਸਲਰਾਂ ਨੇ ਮਾਰਸ਼ਲਾਂ ਨੂੰ ਭਾਜਪਾ ਦੇ ਗੁੰਡੇ ਦੱਸਿਆ। ਖਾਸ ਤੌਰ 'ਤੇ, 'ਆਪ', ਕਾਂਗਰਸ ਦੇ ਕੌਂਸਲਰ ਯੂਟੀ ਪ੍ਰਸ਼ਾਸਨ ਦੀ 1 ਜਨਵਰੀ ਤੋਂ ਸੰਪਰਕ ਕੇਂਦਰਾਂ ਰਾਹੀਂ ਪੇਸ਼ ਕੀਤੀਆਂ ਜਾਣ ਵਾਲੀਆਂ 18 ਸੇਵਾਵਾਂ (ਇਸ ਸਮੇਂ ਸਭ ਲਈ ਮੁਫ਼ਤ) ਲਈ ਚਾਰਜ ਲਗਾਉਣ ਦੀ ਯੋਜਨਾ ਦਾ ਵਿਰੋਧ ਕਰ ਰਹੇ ਹਨ।

‘ਆਪ’ ਕੌਂਸਲਰ ਪ੍ਰੇਮ ਲਤਾ ਨੇ ਮੇਅਰ ’ਤੇ ਪ੍ਰਾਈਵੇਟ ਕੰਪਨੀਆਂ ਨੂੰ ਲਾਭ ਪਹੁੰਚਾਉਣ ਦਾ ਇਲਜ਼ਾਮ ਲਾਇਆ। ‘ਆਪ’ ਦੇ ਇੱਕ ਹੋਰ ਕੌਂਸਲਰ ਦਮਨਪ੍ਰੀਤ ਨੇ ਦੋਸ਼ ਲਾਇਆ ਕਿ ਮੇਅਰ ਨੇ ਵਾਅਦਾ ਕੀਤਾ ਸੀ ਕਿ ਸ਼ਹਿਰ ਵਿੱਚ ਪਾਣੀ ਦੇ ਰੇਟ ਨਹੀਂ ਵਧਾਏ ਜਾਣਗੇ। ਇਸ ਦੇ ਬਾਵਜੂਦ ਪਾਣੀ ਦੇ ਰੇਟ ਵਧਾ ਦਿੱਤੇ ਗਏ ਸਨ ਅਤੇ ਇਸ ਵਿੱਚ ਸੀਵਰੇਜ ਟੈਕਸ ਵੀ ਜੋੜ ਦਿੱਤਾ ਗਿਆ ਸੀ।

ਕੌਂਸਲਰ ਇੱਕ ਦਿਨ ਲਈ ਮੁਅੱਤਲ

ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਨੇ ‘ਆਪ’ ਕੌਂਸਲਰ ਅੰਜੂ ਕਤਿਆਲ, ਦਮਨਪ੍ਰੀਤ, ਮੁਨੱਵਰ ਤੇ ਰਾਮ ਚੰਦਰ ਯਾਦਵ ਅਤੇ ਕਾਂਗਰਸੀ ਕੌਂਸਲਰ ਜਸਬੀਰ ਸਿੰਘ ਨੂੰ ਇਕ ਦਿਨ ਲਈ ਮੁਅੱਤਲ ਕਰ ਦਿੱਤਾ ਹੈ। ਕੌਂਸਲਰਾਂ ਵੱਲੋਂ ਸਦਨ ਦੀ ਕਾਰਵਾਈ ਨਾ ਚੱਲਣ ਦੇਣ ’ਤੇ ਮਾਰਸ਼ਲਾਂ ਵੱਲੋਂ ਉਨ੍ਹਾਂ ਨੂੰ ਸਦਨ ’ਚੋਂ ਬਾਹਰ ਕੱਢ ਦਿੱਤਾ ਗਿਆ।

Related Post