Amritsar ’ਚ ਅਕਾਲੀ ਦਲ ਤੇ ਕਾਂਗਰਸੀ ਵਰਕਰਾਂ ਵਿਚਾਲੇ ਹੋਈ ਝੜਪ, ਸਿਵਲ ਹਸਪਤਾਲ ਦੇ ਅੰਦਰ ਭਿੜੀਆਂ ਦੋਵੇਂ ਧਿਰਾਂ

ਘਟਨਾ ਤੋਂ ਬਾਅਦ ਜਖਮੀ ਨੌਜਵਾਨਾਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਦੋਵੇਂ ਧੜੇ ਮੁੜ ਆਮਨੇ-ਸਾਮਨੇ ਹੋ ਗਏ ਅਤੇ ਹਸਪਤਾਲ ਅੰਦਰ ਹੀ ਹੱਥੋਂਪਾਈ ਅਤੇ ਗਾਲੀ-ਗਲੋਚ ਹੋਣ ਦੀ ਗੱਲ ਸਾਹਮਣੇ ਆਈ ਹੈ।

By  Aarti May 20th 2026 08:37 AM

ਅੰਮ੍ਰਿਤਸਰ ਦੇ ਥਾਣਾ ਬੀ ਡਵੀਜ਼ਨ ਅਧੀਨ ਆਉਂਦੇ ਇਲਾਕੇ ਵਿੱਚ ਉਸ ਵੇਲੇ ਤਣਾਅ ਵਾਲਾ ਮਾਹੌਲ ਬਣ ਗਿਆ ਜਦੋਂ ਕਾਂਗਰਸੀ ਵਰਕਰਾਂ ਅਤੇ ਨੇਤਾਵਾਂ ਵੱਲੋਂ ਅਕਾਲੀ ਦਲ ਦੇ ਕੌਂਸਲਰ ਇੰਦਰਜੀਤ ਸਿੰਘ ਪੰਡੋਰੀ ਦੇ ਪੁੱਤਰ ਅਤੇ ਹੋਰ ਨੌਜਵਾਨਾਂ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ।

ਘਟਨਾ ਤੋਂ ਬਾਅਦ ਜਖਮੀ ਨੌਜਵਾਨਾਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਦੋਵੇਂ ਧੜੇ ਮੁੜ ਆਮਨੇ-ਸਾਮਨੇ ਹੋ ਗਏ ਅਤੇ ਹਸਪਤਾਲ ਅੰਦਰ ਹੀ ਹੱਥੋਂਪਾਈ ਅਤੇ ਗਾਲੀ-ਗਲੋਚ ਹੋਣ ਦੀ ਗੱਲ ਸਾਹਮਣੇ ਆਈ ਹੈ। ਸਿਵਲ ਹਸਪਤਾਲ ਦੇ ਅੰਦਰ ਕਾਂਗਰਸੀ ਅਤੇ ਅਕਾਲੀ ਵਰਕਰਾਂ ਵਿਚਾਲੇ ਹੋਈ ਤਕਰਾਰ ਅਤੇ ਧੱਕਾਮੁੱਕੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਮੌਕੇ ’ਤੇ ਪਹੁੰਚ ਕੇ ਮਾਹੌਲ ਸ਼ਾਂਤ ਕਰਵਾਉਣਾ ਪਿਆ।

ਇਸ ਮਾਮਲੇ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਅਕਾਲੀ ਕੌਂਸਲਰ ਇੰਦਰਜੀਤ ਸਿੰਘ ਪੰਡੋਰੀ ਨੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਅਤੇ ਅਕਾਲੀ ਦਲ ਦੇ ਵਰਕਰਾਂ ਨੂੰ ਸਿਆਸੀ ਰੰਜਿਸ਼ ਤਹਿਤ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਅਤੇ ਹੋਰ ਨੌਜਵਾਨ ਮੱਥਾ ਟੇਕਣ ਲਈ ਗਏ ਹੋਏ ਸਨ, ਜਿੱਥੇ ਉਨ੍ਹਾਂ ’ਤੇ ਹਮਲਾ ਕੀਤਾ ਗਿਆ। ਪੰਡੋਰੀ ਨੇ ਦਾਅਵਾ ਕੀਤਾ ਕਿ ਹਸਪਤਾਲ ਵਿੱਚ ਵੀ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਅਤੇ ਉਨ੍ਹਾਂ ਨਾਲ ਦੁਬਾਰਾ ਹੱਥੋਂਪਾਈ ਕੀਤੀ ਗਈ।

ਉਧਰ, ਥਾਣਾ ਏ ਡਵੀਜ਼ਨ ਦੇ  ਐਸਐਚ ਓ ਜਗਜੀਤ ਸਿੰਘ ਨੇ ਕਿਹਾ ਕਿ ਦੋਵੇਂ ਧੜਿਆਂ ਵਿਚਾਲੇ ਪਹਿਲਾਂ ਝਗੜਾ ਹੋਇਆ ਸੀ ਅਤੇ ਜਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ ਗਿਆ ਹੈ ਅਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ, ਉਹ ਕੀਤੀ ਜਾਵੇਗੀ।

ਇਸੇ ਦੌਰਾਨ ਥਾਣਾ ਬੀ ਡਵੀਜ਼ਨ ਦੇ ਐਸਐਚਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਸ਼ਹੀਦਾ ਸਾਹਿਬ ਦੇ ਬਾਹਰ ਦੋ ਧਿਰਾਂ ਵਿਚਾਲੇ ਪਹਿਲਾਂ ਤਕਰਾਰ ਹੋਈ ਸੀ, ਜਿਸ ਤੋਂ ਬਾਅਦ ਦੋਵੇਂ ਪੱਖ ਇਲਾਜ ਲਈ ਸਿਵਲ ਹਸਪਤਾਲ ਪਹੁੰਚੇ। ਇੱਥੇ ਮੁੜ ਦੋਵੇਂ ਧਿਰਾਂ ਆਮਨੇ-ਸਾਮਨੇ ਹੋ ਗਈਆਂ, ਹਾਲਾਂਕਿ ਪੁਲਿਸ ਵੱਲੋਂ ਮਾਮਲਾ ਸ਼ਾਂਤ ਕਰਵਾ ਦਿੱਤਾ ਗਿਆ ਹੈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ  : Jalandhar News : ਬੇਅਦਬੀ ਮਾਮਲੇ ’ਚ ਸਿੱਖ ਜੱਥੇਬੰਦੀਆਂ ਦੀ ਮੀਟਿੰਗ, ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਦੀ ਮੰਗ

Related Post