Patiala News : ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਰਿਹਾਇਸ਼ ਬਾਹਰ ਸਿਹਤ ਵਿਭਾਗ ਦੇ ਠੇਕਾ ਮੁਲਾਜ਼ਮਾਂ ਦਾ ਧਰਨਾ, ਇਹ ਹਨ ਮੰਗਾਂ

ਧਰਨੇ ਦੌਰਾਨ ਸਿਹਤ ਵਿਭਾਗ ਦੇ ਮੁਲਾਜ਼ਮ ਆਗੂ ਗੁਰਜਿੰਦਰ ਸਿੰਘ ਔਲਖ ਨੇ ਕਿਹਾ ਕਿ ਕੱਚੇ ਮੁਲਾਜ਼ਮ ਲੰਬੇ ਸਮੇਂ ਤੋਂ ਮਹਿਜ਼ 10 ਹਜ਼ਾਰ ਰੁਪਏ ਦੇ ਕਰੀਬ ਤਨਖ਼ਾਹ ’ਤੇ ਕੰਮ ਕਰਨ ਲਈ ਮਜਬੂਰ ਹਨ।

By  Aarti August 31st 2026 05:09 PM

Patiala News :  ਸਿਹਤ ਵਿਭਾਗ ਦੇ ਕੱਚੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਰਿਹਾਇਸ਼ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਮੁਲਾਜ਼ਮਾਂ ਨੇ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕਰਦਿਆਂ ਪੱਕਾ ਕਰਨ, ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਦੇਣ ਅਤੇ ਆਊਟਸੋਰਸ ਤੇ ਕੰਟਰੈਕਟ ਭਰਤੀ ਦੀ ਨੀਤੀ ’ਤੇ ਸਵਾਲ ਚੁੱਕੇ।

ਸਿਹਤ ਮੰਤਰੀ ਦੀ ਰਿਹਾਇਸ਼ ਬਾਹਰ ਠੇਕਾ ਮੁਲਾਜ਼ਮਾਂ ਦਾ ਹੱਲਾ ਬੋਲ 

ਧਰਨੇ ਦੌਰਾਨ ਸਿਹਤ ਵਿਭਾਗ ਦੇ ਮੁਲਾਜ਼ਮ ਆਗੂ ਗੁਰਜਿੰਦਰ ਸਿੰਘ ਔਲਖ ਨੇ ਕਿਹਾ ਕਿ ਕੱਚੇ ਮੁਲਾਜ਼ਮ ਲੰਬੇ ਸਮੇਂ ਤੋਂ ਮਹਿਜ਼ 10 ਹਜ਼ਾਰ ਰੁਪਏ ਦੇ ਕਰੀਬ ਤਨਖ਼ਾਹ ’ਤੇ ਕੰਮ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਸਰਕਾਰੀ ਰੁਜ਼ਗਾਰ ਨੂੰ ਖ਼ਤਮ ਕਰਕੇ ਆਊਟਸੋਰਸ ਅਤੇ ਕੰਟਰੈਕਟ ਭਰਤੀਆਂ ਨੂੰ ਤਰਜੀਹ ਦੇ ਰਹੀ ਹੈ, ਜਦਕਿ ਦੂਜੇ ਪਾਸੇ ਇਹੀ ਕੱਚੇ ਮੁਲਾਜ਼ਮ ਧੁੱਪ-ਮੀਂਹ ਵਿੱਚ ਸੜਕਾਂ ’ਤੇ ਬੈਠ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲਈ ਮਜਬੂਰ ਹਨ।

'ਕੁਝ ਹੀ ਮੁਲਾਜ਼ਮਾਂ ਨੂੰ ਕੀਤਾ ਜਾ ਰਿਹਾ ਪੱਕਾ'

ਗੁਰਜਿੰਦਰ ਸਿੰਘ ਔਲਖ ਨੇ ਕਿਹਾ ਕਿ ਸਿਹਤ ਵਿਭਾਗ ਵਿੱਚ 10 ਹਜ਼ਾਰ ਤੋਂ ਵੱਧ ਮੁਲਾਜ਼ਮ ਆਪਣੀਆਂ ਸੇਵਾਵਾਂ ਦੇ ਰਹੇ ਹਨ, ਜਦਕਿ ਕੁਝ ਸ਼੍ਰੇਣੀਆਂ ਦੇ ਮੁਲਾਜ਼ਮਾਂ ਨੂੰ ਹੀ ਸਰਕਾਰ ਵੱਲੋਂ ਪੱਕਾ ਕਰਨ ਦੀ ਪ੍ਰਕਿਰਿਆ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਬਾਕੀ ਰਹਿ ਗਏ ਮੁਲਾਜ਼ਮਾਂ ਦਾ ਕੀ ਬਣੇਗਾ?

ਉਨ੍ਹਾਂ ਕਿਹਾ ਕਿ ਬਰਾਬਰ ਕੰਮ-ਬਰਾਬਰ ਤਨਖ਼ਾਹ ਦੀ ਮੰਗ ਵੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ। ਕਈ ਮੁਲਾਜ਼ਮ ਘੱਟ ਤਨਖ਼ਾਹ ’ਤੇ ਉਹੀ ਕੰਮ ਕਰ ਰਹੇ ਹਨ, ਜਦਕਿ ਉਨ੍ਹਾਂ ਦੇ ਮੁਕਾਬਲੇ ਸਰਕਾਰੀ ਅਧਿਕਾਰੀਆਂ ਅਤੇ ਪੱਕੇ ਮੁਲਾਜ਼ਮਾਂ ਨੂੰ ਕਾਫ਼ੀ ਵੱਧ ਤਨਖ਼ਾਹ ਮਿਲ ਰਹੀ ਹੈ।

'ਨੀਤੀਆਂ ਅਤੇ ਬਿੱਲਾਂ ਵਿੱਚ ਸੋਧ ਕਰਕੇ ਸਮੱਸਿਆਵਾਂ ਦਾ ਹੱਲ ਹੋਵੇ'

ਮੁਲਾਜ਼ਮ ਆਗੂ ਨੇ ਕਿਹਾ ਕਿ ਸਰਕਾਰ ਵੱਲੋਂ ਬਣਾਈਆਂ ਨੀਤੀਆਂ ਅਤੇ ਬਿੱਲਾਂ ਵਿੱਚ ਸੋਧ ਕਰਕੇ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕਦਾ ਹੈ, ਪਰ ਉਨ੍ਹਾਂ ਦੇ ਦੋਸ਼ ਮੁਤਾਬਕ ਸਰਕਾਰ ਅਤੇ ਅਧਿਕਾਰੀ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਗੰਭੀਰਤਾ ਨਾਲ ਧਿਆਨ ਨਹੀਂ ਦੇ ਰਹੇ।

ਰੋਸ ਮਾਰਚ ਅਤੇ ਸਿਹਤ ਮੰਤਰੀ ਦਾ ਪੁਤਲਾ ਫੂਕਣ ਦਾ ਪ੍ਰੋਗਰਾਮ ਵੀ ਕੀਤਾ

ਉਨ੍ਹਾਂ ਦੱਸਿਆ ਕਿ ਪਹਿਲਾਂ ਮੁਲਾਜ਼ਮਾਂ ਵੱਲੋਂ ਧਰਨਾ ਦੇ ਕੇ ਰੋਸ ਮਾਰਚ ਅਤੇ ਸਿਹਤ ਮੰਤਰੀ ਦਾ ਪੁਤਲਾ ਫੂਕਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਹਾਲਾਂਕਿ ਪ੍ਰਸ਼ਾਸਨ ਵੱਲੋਂ ਗੱਲਬਾਤ ਦੀ ਅਪੀਲ ਕੀਤੇ ਜਾਣ ਤੋਂ ਬਾਅਦ ਮੁਲਾਜ਼ਮਾਂ ਨੇ ਕੁਝ ਸਮੇਂ ਲਈ ਇਹ ਪ੍ਰੋਗਰਾਮ ਰੋਕ ਦਿੱਤਾ।

ਗੁਰਜਿੰਦਰ ਸਿੰਘ ਔਲਖ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਮੀਟਿੰਗ ਲਈ ਲਿਖਤੀ ਪੱਤਰ ਅਤੇ ਠੋਸ ਭਰੋਸਾ ਦਿੱਤਾ ਜਾਂਦਾ ਹੈ ਤਾਂ ਮੁਲਾਜ਼ਮ ਅਗਲੇ ਫ਼ੈਸਲੇ ’ਤੇ ਵਿਚਾਰ ਕਰਨਗੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਮੁਲਾਜ਼ਮਾਂ ਦਾ ਸਾਫ਼ ਸੰਦੇਸ਼ ਹੈ—ਮੰਗਾਂ ’ਤੇ ਸਿਰਫ਼ ਭਰੋਸੇ ਨਹੀਂ, ਹੁਣ ਚਾਹੀਦਾ ਹੈ ਸਰਕਾਰ ਵੱਲੋਂ ਠੋਸ ਫ਼ੈਸਲਾ।

ਇਹ ਵੀ ਪੜ੍ਹੋ  :  Haryana ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ 7 ਮੈਂਬਰੀ ਕੋਰ ਕਮੇਟੀ ਦਾ ਗਠਨ; ਇੱਥੇ ਦੇਖੋ ਪੂਰੀ ਲਿਸਟ

Related Post