ਪਟਨਾ ਚ ਸਿੱਖ ਰਹਿਤ ਮਰਯਾਦਾ ਨਾਲ ਖਿਲਵਾੜ, ਗੁਰੂ ਗੋਬਿੰਦ ਸਿੰਘ ਜੀ ਦੇ ਬੁੱਤ ਨੂੰ ਲੈਕੇ ਵਿਵਾਦ

ਪਟਨਾ: ਸ਼ਹਿਰ ਦੇ ਇੱਕ ਸ਼ਾਪਿੰਗ ਮਾਲ ਵਿੱਚ ਸਿੱਖਾਂ ਦੇ ਦਸਵੇਂ ਗੁਰੂ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ ਲਗਾਉਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸਿੱਖ ਭਾਈਚਾਰੇ ਨੇ ਇਸ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਪੰਥਕ ਆਗੂਆਂ ਮੁਤਾਬਕ ਸਿੱਖੀ 'ਚ ਬੁੱਤ ਪੂਜਾ ਜਾਂ ਮੂਰਤੀ ਪੂਜਾ ਦੀ ਮਨਾਹੀ ਹੈ। ਉਨ੍ਹਾਂ ਦਾ ਕਹਿਣਾ ਕਿ ਫਿਰ ਮਾਲ ਅਧਿਕਾਰੀਆਂ ਵੱਲੋਂ ਗੁਰੂ ਸਾਹਿਬ ਦੀ ਮੂਰਤੀ ਮਾਲ ਵਿੱਚ ਕਿਉਂ ਸਥਾਪਿਤ ਕੀਤੀ ਗਈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਾਲ ਮਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਸਿੱਖ ਆਗੂਆਂ ਨੇ ਦੋਸ਼ ਲਾਇਆ ਹੈ ਕਿ ਸਿੱਖ ਧਰਮ ਨਾਲ ਜੁੜੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸੋਚੀ ਸਮਝੀ ਸਾਜ਼ਿਸ਼ ਤਹਿਤ ਇਹ ਸਾਰਾ ਕੰਮ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ। ਬਠਿੰਡਾ ਤੋਂ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਿੱਖ ਪੰਥ ਨੂੰ ਕਮਜ਼ੋਰ ਕਰਨ ਲਈ ਇਹ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ।
ਹਰਸਿਮਰਤ ਕੌਰ ਬਾਦਲ ਨੇ ਜਤਾਇਆ ਇਤਰਾਜ਼
ਅਕਾਲੀ ਦਲ ਦੇ ਆਗੂ ਅਤੇ ਬਠਿੰਡਾ ਦੇ ਐੱਮ.ਪੀ. ਹਰਸਿਮਰਤ ਕੌਰ ਬਾਦਲ ਦਾ ਕਹਿਣਾ ਕਿ ਪਟਨਾ ਵਿੱਚ ਅਡਾਨੀ ਦੀ ਮਲਕੀਅਤ ਵਾਲੀ ਕੰਪਨੀ ਅੰਬੂਜਾ ਮਾਲ ਵਿੱਚ ਦਸਮੇਸ਼ ਪਿਤਾ ਜੀ ਦੀ ਮੂਰਤੀ ਸਥਾਪਤ ਕਰਨਾ ਸਿੱਖ ਮਰਿਆਦਾ ਦੀ ਘੋਰ ਉਲੰਘਣਾ ਹੈ। ਉਨ੍ਹਾਂ ਇਸਨੂੰ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਸੋਚੀ ਸਮਝੀ ਸਾਜ਼ਿਸ਼ ਕਰਾਰ ਦਿੱਤਾ।
ਉਨ੍ਹਾਂ ਦਾ ਕਹਿਣਾ ਕਿ "ਇਸ ਲਈ ਜ਼ਿੰਮੇਵਾਰ ਲੋਕ ਸਿੱਖ ਕੌਮ ਤੋਂ ਮੁਆਫੀ ਮੰਗਣ। ਸਰਕਾਰ ਨੂੰ ਦੋਸ਼ੀਆਂ ਖਿਲਾਫ ਜਲਦ ਤੋਂ ਜਲਦ ਕਾਰਵਾਈ ਕਰਨੀ ਚਾਹੀਦੀ ਹੈ। ਮੈਂ ਸਮੂਹ ਸਿੱਖਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਖਾਲਸਾ ਪੰਥ ਵਿਰੁੱਧ ਸਾਜ਼ਿਸ਼ਾਂ ਦਾ ਮੁਕਾਬਲਾ ਕਰਨ ਲਈ ਇਕਜੁੱਟ ਹੋਣ।"
ਬੁੱਤ 'ਤੇ SGPC ਜਰਨਲ ਸਕੱਤਰ ਨੇ ਪ੍ਰਗਟਾਇਆ ਰੋਸ
ਪਟਨਾ ਦੇ ਅੰਬੂਜਾ ਮਾਲ ਵਿੱਚ ਲਗਾਇਆ ਗਿਆ ਬੁੱਤ
ਪਟਨਾ ਵਿੱਚ ਜਿਸ ਮਾਲ ਵਿੱਚ ਗੁਰੂ ਸਾਹਿਬ ਦੀ ਮੂਰਤੀ ਲਗਾਉਣ ਦਾ ਵਿਰੋਧ ਹੋ ਰਿਹਾ ਹੈ, ਉਸ ਦਾ ਨਾਮ ਅੰਬੂਜਾ ਨਿਓਟੀਆ ਹੈ। ਇਸ ਸ਼ਾਪਿੰਗ ਮਾਲ ਵਿੱਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ। ਜਿਸ ਦਾ ਸਿੱਖ ਕੌਮ ਦੇ ਲੋਕ ਵਿਰੋਧ ਕਰ ਰਹੇ ਹਨ। ਸਿੱਖ ਭਾਈਚਾਰੇ ਦੇ ਵਿਰੋਧ ਮਗਰੋਂ ਇਸ ਬੁੱਤ ਨੂੰ ਹੁਣ ਢੱਕ ਦਿੱਤਾ ਗਿਆ ਹੈ।
ਪਟਨਾ ਸਾਹਿਬ ਗੁਰਦੁਆਰਾ ਸਿੱਖਾਂ ਦੀ ਸ਼ਰਧਾ ਦਾ ਪ੍ਰਤੀਕ
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੋ ਕਿ ਪਟਨਾ ਸਾਹਿਬ ਗੁਰਦੁਆਰਾ ਵਜੋਂ ਮਸ਼ਹੂਰ ਹੈ, ਸਿੱਖ ਭਾਈਚਾਰੇ ਲਈ ਸਭ ਤੋਂ ਪਵਿੱਤਰ ਤੀਰਥ ਸਥਾਨਾਂ ਵਿੱਚੋਂ ਇੱਕ ਹੈ। ਪਵਿੱਤਰ ਦਰਿਆ ਗੰਗਾ ਦੇ ਕਿਨਾਰੇ ਸਥਿਤ ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਅਸਥਾਨ ਹੈ, ਇਹ ਗੁਰਦੁਆਰਾ ਦਸਵੇਂ ਪਾਤਸ਼ਾਹ ਦੀ ਯਾਦ ਵਿੱਚ ਬਣਾਇਆ ਗਿਆ ਹੈ। ਇੱਥੇ ਇੱਕ ਅਜਾਇਬ ਘਰ ਵਿੱਚ ਗੁਰੂ ਸਾਹਿਬ ਦੇ ਬਚਪਨ ਦੀਆਂ ਕੁਝ ਕੀਮਤੀ ਯਾਦਗਾਰ ਵਸਤੂਆਂ ਨੂੰ ਵੀ ਸੁਰੱਖਿਅਤ ਰਖਿਆ ਗਿਆ ਹੈ।