ਅਦਾਲਤ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਸੌਂਪੀ ਥਾਰ ਗੱਡੀ ਤੇ ਪਿਸਤੌਲ, ਬਦਲਾਅ 'ਤੇ ਲਾਈ ਪਾਬੰਦੀ

By  Jasmeet Singh December 17th 2022 03:12 PM

 ਮਾਨਸਾ, 17 ਦਸੰਬਰ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਤਕਰੀਬਨ ਸੱਤ ਮਹੀਨੇ ਬਾਅਦ ਅਦਾਲਤ ਨੇ ਸਿੱਧੂ ਮੂਸੇਵਾਲਾ ਦੀ ਥਾਰ ਗੱਡੀ, ਜਿਸ ਵਿੱਚ ਉਹ ਆਪਣੇ ਕਤਲ ਤੋਂ ਪਹਿਲਾਂ ਸਫ਼ਰ ਕਰ ਰਿਹਾ ਸੀ, ਉਸਦੇ ਜੱਦੀ ਪਿੰਡ ਸਥਿਤ ਹਵੇਲੀ 'ਚ ਵਾਪਿਸ ਪਹੁੰਚਾਉਣਾ ਕੀਤੀ ਹੈ। ਹਾਲਾਂਕਿ ਅਦਾਲਤ ਨੇ ਸਿੱਧੂ ਮੂਸੇਵਾਲਾ ਦੀ ਥਾਰ ਅਤੇ ਪਿਸਤੌਲ ਉਸਦੇ ਮਾਪਿਆਂ ਨੂੰ ਸੌਂਪ ਦਿੱਤਾ ਪਰ ਉਨ੍ਹਾਂ 'ਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਕਰਨ ਦੀ ਮਨਾਹੀ ਲਾਈ ਹੈ।

ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮਰਹੂਮ ਗਾਇਕ ਦੇ ਪ੍ਰਸ਼ੰਸਕ ਉਸਦੀ ਮੌਤ ਦੇ ਸੱਤ ਮਹੀਨੇ ਬਾਅਦ ਵੀ ਮਾਨਸਾ ਦੇ ਪਿੰਡ ਮੂਸੇ ਵਿਖੇ ਉਸਦੇ ਮਾਪਿਆਂ ਨੂੰ ਮਿਲਣ ਆਉਂਦੇ ਰਹਿੰਦੇ ਹਨ। 

ਮੂਸੇਵਾਲਾ ਦੇ ਸਮਾਰਕ ਸਥਾਨ 'ਤੇ ਵੀ ਕਈ ਸਟਾਲ ਲੱਗਣ ਕਾਰਨ ਉੱਥੇ ਇੱਕ ਬਾਜ਼ਾਰ ਉਭਰ ਆਇਆ ਹੈ, ਜਿੱਥੇ ਇਨ੍ਹਾਂ ਸਟਾਲਾਂ ਦੇ ਮਾਲਕ ਮੂਸੇਵਾਲਾ ਨਾਲ ਸਬੰਧਿਤ ਸਮਾਨ ਵੇਚਦੇ ਹਨ। ਇਨ੍ਹਾਂ ਸਟਾਲਾਂ 'ਤੇ ਸਿੱਧੂ ਦੀਆਂ ਫੋਟੋਆਂ ਵਾਲੀਆਂ ਟੀ-ਸ਼ਰਟਾਂ, ਪੋਸਟਰ ਅਤੇ ਗਾਇਕ ਨਾਲ ਜੁੜੀਆਂ ਹੋਰ ਚੀਜ਼ਾਂ ਮਿਲ ਜਾਂਦੀਆਂ ਹਨ। 

ਅਜੇ ਵੀ ਆਪਣੇ ਇਕਲੌਤੇ ਪੁੱਤਰ ਲਈ ਇਨਸਾਫ਼ ਦੀ ਉਡੀਕ ਕਰ ਰਹੇ ਉਸ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਪੁੱਟਿਆ ਤੇ ਹੁਣ ਉਨ੍ਹਾਂ ਇੱਕ ਦਸਤਖ਼ਤ ਮੁਹਿੰਮ ਦਾ ਆਗਾਜ਼ ਕੀਤਾ ਹੈ।

ਪੰਜਾਬੀ ਗਾਇਕ ਦੇ ਪ੍ਰਸ਼ੰਸਕਾਂ ਦੀ ਵੱਡੀ ਗਿਣਤੀ ਰੋਜ਼ਾਨਾ ਅਧਾਰ 'ਤੇ ਇਕਜੁੱਟਤਾ ਹੋ ਕੇ ਪ੍ਰਦਰਸ਼ਨ ਲਈ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚ ਰਹੇ ਹਨ। ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਜਨਤਕ ਸਮਰਥਨ ਦੇ ਸਬੂਤ ਵਜੋਂ ਦਸਤਖਤਾਂ ਨਾਲ ਭਰਿਆ ਇਹ ਰਜਿਸਟਰ ਪੰਜਾਬ ਸਰਕਾਰ ਸਾਹਮਣੇ ਅਤੇ ਅਦਾਲਤ ਵਿੱਚ ਪੇਸ਼ ਕਰਨਗੇ। ਇਹ ਰਜਿਸਟਰ ਉਨ੍ਹਾਂ ਦੇ ਘਰ ਰੱਖਿਆ ਹੋਇਆ ਹੈ।

ਬਲਕੌਰ ਸਿੰਘ ਨੇ ਕਿਹਾ ਕਿ ਮੂਸੇਵਾਲਾ ਦੇ ਪ੍ਰਸ਼ੰਸਕ ਇਸ ਰਜਿਸਟਰ ਵਿੱਚ ਆਪਣੀਆਂ ਭਾਵਨਾਵਾਂ ਲਿਖ ਸਕਦੇ ਹਨ। ਬਲਕੌਰ ਸਿੰਘ ਨੇ ਦੱਸਿਆ ਕਿ ਕਈ ਵਾਰ ਉਹ ਘਰ ਨਹੀਂ ਹੁੰਦੇ, ਜਿਸ ਕਾਰਨ ਉਹ ਆਪਣੇ ਪੁੱਤਰਾਂ ਦੇ ਚਹੇਤਿਆਂ ਨੂੰ ਨਹੀਂ ਮਿਲ ਪਾਉਂਦੇ। ਹੁਣ ਘਰ ਵਿੱਚ ਇੱਕ ਰਜਿਸਟਰ ਰੱਖਿਆ ਗਿਆ, ਜਿੱਥੇ ਮੂਸੇਵਾਲਾ ਦੇ ਪ੍ਰਸ਼ੰਸਕ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰ ਸਕਦੇ ਸਨ।

Related Post