Amritsar ’ਚ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਦੀ ਬੇਅਦਬੀ, ਪੱਗੜੀਧਾਰੀ ਵਿਅਕਤੀ ’ਤੇ ਲੱਗੇ ਇਲਜ਼ਾਮ
ਵਾਇਰਲ ਵੀਡੀਓ ਮੁਤਾਬਿਕ ਮੁਲਜ਼ਮ ਇੱਕ ਘਰ ਦੇ ਪਿਛਲੇ ਹਿੱਸੇ ਵਿੱਚ ਖੜ੍ਹਾ ਹੈ। ਉਹ ਜ਼ਮੀਨ ’ਤੇ ਪਏ ਬੈਨਰਾਂ ’ਤੇ ਲੱਗੀਆਂ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ’ਤੇ ਪੈਰ ਰੱਖਦਾ, ਜੁੱਤੇ ਮਾਰਦਾ ਅਤੇ ਫਿਰ ਜੁੱਤਿਆਂ ਦਾ ਤਲਵਾ ਸਾਫ਼ ਕਰਦਾ ਹੈ। ਇਸ ਦੌਰਾਨ ਉਹ ਉਸ ਪਾਸੇ ਵੀ ਤੱਕਦਾ ਹੈ ਜਿੱਥੋਂ ਉਸਦੀ ਵੀਡੀਓ ਬਣਾਈ ਜਾ ਰਹੀ ਸੀ।
Amritsar News : ਅੰਮ੍ਰਿਤਸਰ ਵਿੱਚ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਨਾਲ ਬੇਅਦਬੀ ਕਰਨ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਇੱਕ ਪਗੜੀਧਾਰੀ ਵਿਅਕਤੀ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ’ਤੇ ਜੁੱਤੇ ਮਾਰਦਾ ਅਤੇ ਥੁੱਕਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਘਟਨਾ ਅੰਮ੍ਰਿਤਸਰ ਦੇ ਨਾਨਕ ਮੰਡੀ ਇਲਾਕੇ ਦੀ ਗੰਦਾ ਵਾਲੀ ਗਲੀ ਦੀ ਦੱਸੀ ਜਾ ਰਹੀ ਹੈ।
ਵਾਇਰਲ ਵੀਡੀਓ ਮੁਤਾਬਿਕ ਮੁਲਜ਼ਮ ਇੱਕ ਘਰ ਦੇ ਪਿਛਲੇ ਹਿੱਸੇ ਵਿੱਚ ਖੜ੍ਹਾ ਹੈ। ਉਹ ਜ਼ਮੀਨ ’ਤੇ ਪਏ ਬੈਨਰਾਂ ’ਤੇ ਲੱਗੀਆਂ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ’ਤੇ ਪੈਰ ਰੱਖਦਾ, ਜੁੱਤੇ ਮਾਰਦਾ ਅਤੇ ਫਿਰ ਜੁੱਤਿਆਂ ਦਾ ਤਲਵਾ ਸਾਫ਼ ਕਰਦਾ ਹੈ। ਇਸ ਦੌਰਾਨ ਉਹ ਉਸ ਪਾਸੇ ਵੀ ਤੱਕਦਾ ਹੈ ਜਿੱਥੋਂ ਉਸਦੀ ਵੀਡੀਓ ਬਣਾਈ ਜਾ ਰਹੀ ਸੀ।
ਇਸ ਮਾਮਲੇ ਨਾਲ ਜੁੜੀ ਦੂਜੀ ਵੀਡੀਓ ਕਰੀਬ ਦੋ ਮਿੰਟ ਦੀ ਹੈ, ਜਿਸ ਵਿੱਚ ਕਾਂਗਰਸ ਆਗੂ ਨਮਨ ਕਪੂਰ, ਜੋ ਕਿ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਨ, ਮੁਲਜ਼ਮ ਦੇ ਘਰ ਪਹੁੰਚਦੇ ਹਨ। ਨਮਨ ਕਪੂਰ ਮੁਲਜ਼ਮ ਨੂੰ ਥੱਪੜ ਮਾਰਦੇ ਹੋਏ ਕਹਿੰਦੇ ਹਨ ਕਿ ਇਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਤੋਂ ਬਾਅਦ ਮੁਲਜ਼ਮ ਕੰਨ ਫੜ ਕੇ ਅਤੇ ਹੱਥ ਜੋੜ ਕੇ ਮੁਆਫੀ ਮੰਗਣ ਲੱਗ ਪੈਂਦਾ ਹੈ।
ਘਟਨਾ ਤੋਂ ਬਾਅਦ ਹਿੰਦੂ ਜਥੇਬੰਦੀਆਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲਿਆ। ਆਲ ਇੰਡੀਆ ਹਿੰਦੂ ਸੰਘਰਸ਼ ਕਮੇਟੀ ਦੇ ਪ੍ਰਧਾਨ ਸਚਿਨ ਮਹਿਰਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਦੇ ਆਧਾਰ ’ਤੇ ਅੰਮ੍ਰਿਤਸਰ ਪੁਲਿਸ ਨੇ ਬੀਐਨਐਸ ਦੀ ਧਾਰਾ 298 ਤਹਿਤ ਧਾਰਮਿਕ ਭਾਵਨਾਵਾਂ ਆਹਤ ਕਰਨ ਦਾ ਕੇਸ ਦਰਜ ਕਰਕੇ ਮੁਲਜ਼ਮ ਹਰਜੀਤ ਸਿੰਘ ਉਰਫ਼ ਗੁੱਡੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਥਾਣਾ ਬੀ ਡਿਵੀਜ਼ਨ ਦੇ ਐਸਐਚਓ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਸ ਨੇ ਇਹ ਘਿਨਾਉਣੀ ਹਰਕਤ ਕਿਉਂ ਕੀਤੀ।
ਇਹ ਵੀ ਪੜ੍ਹੋ : ਖਡੂਰ ਸਾਹਿਬ ਤੋਂ MP ਅੰਮ੍ਰਿਤਪਾਲ ਸਿੰਘ ਨੇ ਮੁੜ ਕੀਤਾ ਹਾਈਕੋਰਟ ਦਾ ਰੁਖ਼, ਸੰਸਦ ਇਜਲਾਸ ’ਚ ਸ਼ਾਮਲ ਹੋਣ ਲਈ ਮੰਗੀ ਇਜਾਜ਼ਤ