ਨਵੇਂ ਸਾਲ ਦਾ ਹੋਇਆ ਆਗਾਜ਼, ਲੋਕ ਗੁਰਦੁਆਰਿਆਂ ਤੇ ਮੰਦਰਾਂ ’ਚ ਹੋ ਰਹੇ ਨਤਮਸਤਕ

By  Aarti January 1st 2024 08:45 AM

New Year 2024: ਦੇਸ਼ ਭਰ 'ਚ ਨਵੇਂ ਸਾਲ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਲੋਕ ਇੱਕ-ਦੂਜੇ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ। ਦੇਰ ਰਾਤ ਤੱਕ ਸ਼ਹਿਰ-ਪਿੰਡ ਤੱਕ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲਿਆ। ਨਵੀਂ ਦਿੱਲੀ, ਗੋਆ, ਮੁੰਬਈ, ਲਖਨਊ, ਅਯੁੱਧਿਆ, ਨੋਇਡਾ, ਭੋਪਾਲ, ਬੈਂਗਲੁਰੂ ਵਿੱਚ ਲੋਕਾਂ ਨੇ ਨਵੇਂ ਸਾਲ ਦਾ ਸਵਾਗਤ ਕੀਤਾ।

ਦੱਸ ਦਈਏ ਕਿ ਹਰ ਕੋਈ ਚਾਹੁੰਦਾ ਹੈ ਕਿ ਸਾਲ 2024 ਦੀ ਸ਼ੁਰੂਆਤ ਚੰਗੀ ਹੋਵੇ। ਇਸ ਦੇ ਲਈ ਬਹੁਤ ਸਾਰੇ ਲੋਕ ਧਾਰਮਿਕ ਸਥਾਨਾਂ ’ਤੇ ਜਾ ਕੇ ਪਰਮਾਤਮਾ ਅੱਗੇ ਮੱਥਾ ਟੇਕ ਆਸ਼ੀਰਵਾਦ ਲੈ ਰਹੇ ਹਨ। ਨਾਲ ਹੀ ਇਹ ਅਰਦਾਸ ਕਰ ਰਹੇ ਹਨ ਕਿ ਉਨ੍ਹਾਂ ਦਾ ਆਉਣ ਵਾਲਾ ਸਾਲ ਵਧੀਆ ਬਤੀਤ ਹੋਵੇ। 

golden temple

ਇਸੇ ਦੇ ਚੱਲਦੇ ਨਵੇਂ ਵਰ੍ਹੇ ਦੀ ਆਮਦ ਮੌਕੇ ਦੇਸ਼ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਅਸ਼ੀਰਵਾਦ ਲਿਆ। ਸੰਗਤਾਂ ਬੀਤੀ ਰਾਤ ਤੋਂ ਹੀ ਦਰਬਾਰ ਸਾਹਿਬ ਪਹੁੰਚਣੀਆਂ ਸ਼ੁਰੂ ਹੋ ਗਈਆਂ। ਹੱਡ ਚੀਰਵੀਂ ਠੰਢ ਅਤੇ ਸੰਘਣੀ ਧੂੰਦ ਦੇ ਬਾਵਜੂਦ ਸੰਗਤਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਸੰਗਤਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਪਾਵਨ ਪਵਿੱਤਰ ਸਰੋਵਰ ਚ ਇਸ਼ਨਾਨ ਕਰਕੇ  4 ਤੋਂ 7 ਘੰਟੇ ਤੱਕ ਕਤਾਰਾਂ ਚ ਇੰਤਜਾਰ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਨਵੇਂ ਵਰ੍ਹੇ ਲਈ ਗੁਰੂ ਘਰ ਦਾ ਅਸ਼ੀਰਵਾਦ ਲੈ  ਰਹੀਆਂ ਹਨ।

ਭਾਰੀ ਠੰਡ ਤੇ ਲੰਬੇ ਇੰਤਜਾਰ ਦੇ ਬਾਵਜੂਦ ਸੰਗਤਾਂ ਦੇ ਉਤਸ਼ਾਹ ਚ ਕੋਈ ਕਮੀ ਨਹੀਂ ਦੇਖਣ ਨੂੰ ਮਿਲੀ। ਸੰਗਤਾਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝ ਰਹੀਆਂ ਹਨ ਕਿ ਉਨ੍ਹਾਂ ਨੂੰ ਇਸ ਮਹੱਤਵਪੂਰਨ ਦਿਹਾੜੇ ਗੁਰੂ ਰਾਮਦਾਸ ਦੇ ਦਰ ਤੋਂ ਅਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਹੈ।

ਹੋਰਨਾਂ ਪ੍ਰਮੁੱਖ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਸਖਸ਼ੀਅਤਾਂ ਦੇ ਨਾਲ ਨਾਲ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਬਾਦਲ , ਬਿਕਰਮ ਸਿੰਘ ਮਜੀਠੀਆ , ਲੋਕ ਸਭਾ ਮੈਂਬਰ ਗੁਰਜੀਤ ਔਜਲਾ ਸਮੇਤ ਅਨੇਕਾਂ ਸਿਆਸੀ ਆਗੂ ਸ੍ਰੀ  ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਸਾਲ 2024 ਲਈ ਗੁਰੂ ਘਰ ਦਾ ਅਸ਼ੀਰਵਾਦ ਲਿਆ। 

ਇਹ ਵੀ ਪੜ੍ਹੋ: ਜਲੰਧਰ 'ਚ ਨਵੇਂ ਸਾਲ ਤੋਂ ਪਹਿਲਾਂ ਖੌਫਨਾਕ ਵਾਰਦਾਤ, ਇੱਕੋ ਪਰਿਵਾਰ ਦੇ 5 ਮੈਂਬਰਾਂ ਨੇ ਕੀਤੀ ਜੀਵਨਲੀਲਾ ਸਮਾਪਤ

Related Post