ਦਿੱਲੀ-ਐਨਸੀਆਰ ਸਣੇ ਉੱਤਰੀ ਭਾਰਤ 'ਚ ਭੂਚਾਲ ਦੇ ਝਟਕੇ, ਨੇਪਾਲ 'ਚ 6 ਮੌਤਾਂ

By  Ravinder Singh November 9th 2022 10:05 AM

ਨਵੀਂ ਦਿੱਲੀ :  ਦੇਰ ਰਾਤ ਦਿੱਲੀ-ਐਨਸੀਆਰ ਸਮੇਤ ਪੂਰੇ ਉੱਤਰ ਭਾਰਤ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਦੋ ਵਾਰ ਜ਼ਬਰਦਸਤ ਝਟਕਿਆਂ ਕਾਰਨ ਲੋਕ ਘਰਾਂ ਤੋਂ ਬਾਹਰ ਆ ਗਏ। ਦੇਰ ਰਾਤ 1.58 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕੁਝ ਦੇਰ ਰੁਕਣ ਤੋਂ ਬਾਅਦ ਮੁੜ ਆਏ ਝਟਕਿਆਂ ਕਾਰਨ ਲੋਕ ਘਬਰਾ ਗਏ ਅਤੇ ਘਰਾਂ ਤੋਂ ਬਾਹਰ ਆ ਗਏ। ਇਸ ਦੇ ਨਾਲ ਹੀ ਭੂਚਾਲ ਦਾ ਕੇਂਦਰ ਰਹੇ ਨੇਪਾਲ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਹੈ। ਡੋਤੀ ਜ਼ਿਲ੍ਹੇ ਵਿੱਚ ਇੱਕ ਮਕਾਨ ਡਿੱਗਣ ਨਾਲ ਇਨ੍ਹਾਂ ਲੋਕਾਂ ਦੀ ਮੌਤ ਹੋ ਗਈ ਹੈ।


ਨੋਇਡਾ ਅਤੇ ਆਸਪਾਸ ਦੇ ਸ਼ਹਿਰਾਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 6.3 ਸੀ। ਨੇਪਾਲ ਦੇ ਰਾਸ਼ਟਰੀ ਭੂਚਾਲ ਕੇਂਦਰ (ਐੱਨ.ਐੱਸ.ਸੀ.) ਮੁਤਾਬਕ ਨੇਪਾਲ ਦੇ ਦੂਰ-ਪੱਛਮੀ ਖੇਤਰ 'ਚ ਪਿਛਲੇ 24 ਘੰਟਿਆਂ 'ਚ ਭੂਚਾਲ ਦੇ ਤਿੰਨ ਝਟਕੇ ਮਹਿਸੂਸ ਕੀਤੇ ਗਏ ਹਨ। ਨੇਪਾਲ ਦੇ ਡੋਤੀ ਜ਼ਿਲ੍ਹੇ 'ਚ ਬੀਤੀ ਰਾਤ ਆਏ ਭੂਚਾਲ ਤੋਂ ਬਾਅਦ ਇਕ ਮਕਾਨ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ ਛੇ ਹੋ ਗਈ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ ਪਰ ਮ੍ਰਿਤਕਾਂ 'ਚ ਇਕ ਔਰਤ ਅਤੇ ਦੋ ਬੱਚਿਆਂ ਦੇ ਸ਼ਾਮਲ ਹੋਣ ਦਾ ਖਦਸ਼ਾ ਹੈ। 5 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਐੱਸਜੀਪੀਸੀ ਦੇ ਪ੍ਰਧਾਨ ਦੀ ਚੋਣ ਅੱਜ, ਹਰਜਿੰਦਰ ਸਿੰਘ ਧਾਮੀ ਤੇ ਬੀਬੀ ਜਗੀਰ ਕੌਰ ਵਿਚਾਲੇ ਟੱਕਰ

ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ  ਅਨੁਸਾਰ 9 ਨਵੰਬਰ ਨੂੰ ਕਰੀਬ 1.57 ਵਜੇ ਨੇਪਾਲ ਅਤੇ ਮਨੀਪੁਰ ਵਿੱਚ 6.3 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਇਸ ਦੇ ਨਾਲ ਹੀ ਦਿੱਲੀ ਦੇ ਨਿਊ ਅਸ਼ੋਕ ਨਗਰ 'ਚ ਭੂਚਾਲ ਦੇ ਤੇਜ਼ ਝਟਕਿਆਂ ਨੂੰ ਮਹਿਸੂਸ ਕਰਨ ਤੋਂ ਬਾਅਦ ਲੋਕ ਘਰਾਂ 'ਚੋਂ ਬਾਹਰ ਨਿਕਲ ਕੇ ਸੜਕਾਂ ਉਪਰ ਆ ਗਏ।

Related Post