ਕਿਸਾਨਾਂ ਦਾ ਫੁਰਮਾਨ, ਮੋਦੀ ਦੀ ਡੇਰਾ ਬਿਆਸ ਫੇਰੀ ਮੌਕੇ ਸੂਬੇ ਭਰ 'ਚ ਫੂਕੇ ਜਾਣਗੇ PM ਦੇ ਪੁਤਲੇ

By  Jasmeet Singh November 4th 2022 01:33 PM -- Updated: November 4th 2022 01:36 PM

ਬਿਆਸ, 4 ਨਵੰਬਰ: ਹਿਮਾਚਲ 'ਚ ਹੋਣ ਵਾਲੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਨਵੰਬਰ ਨੂੰ ਹਿਮਾਚਲ ਦੌਰੇ 'ਤੇ ਪਹੁੰਚ ਰਹੇ ਹਨ ਪਰ ਇਸ ਤੋਂ ਪਹਿਲਾਂ ਉਹ ਪੰਜਾਬ 'ਚ ਅੰਮ੍ਰਿਤਸਰ ਦੇ ਬਿਆਸ ਸਥਿਤ ਰਾਧਾ ਸੁਆਮੀ ਡੇਰੇ 'ਚ ਵੀ ਸ਼ਿਰਕਤ ਕਰਨਗੇ। ਅਟਕਲਾਂ ਲਾਈਆਂ ਜਾ ਰਹੀਆਂ ਨੇ ਕਿ ਇਹ ਇੱਕ ਸਿਆਸੀ ਦੌਰਾ ਹੋ ਸਕਦਾ ਹੈ ਕਿਉਂਕਿ ਹਿਮਾਚਲ ਵਿੱਚ ਵੀ ਰਾਧਾ ਸੁਆਮੀ ਡੇਰਾ ਸਮਰਥਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਸ ਦੇ ਮੱਦੇਨਜ਼ਰ ਉਹ ਡੇਰਾ ਬਿਆਸ ਪਹੁੰਚ ਰਹੇ ਹਨ ਅਤੇ ਡੇਰਾ ਮੁਖੀ ਨੂੰ ਵੀ ਮਿਲਣਗੇ ਪਰ ਕਿਸਾਨਾਂ ਨੇ ਇਸ ਦਾ ਵਿਰੋਧ ਕਰਨ ਦਾ ਮਨ ਬਣਾ ਲਿਆ ਹੈ।  

ਪ੍ਰਧਾਨ ਮੰਤਰੀ ਦੇ ਬਿਆਸ ਪਹੁੰਚਣ ਤੋਂ ਪਹਿਲਾਂ ਹੀ ਕਿਸਾਨਾਂ ਨੇ ਆਪਣਾ ਮੋਰਚਾ ਖੋਲ੍ਹ ਦਿੱਤਾ ਹੈ ਤੇ ਉਨ੍ਹਾਂ ਡੇਰਾ ਮੁਖੀ ਨੂੰ ਵੀ ਪ੍ਰਧਾਨ ਮੰਤਰੀ ਨੂੰ ਨਾ ਮਿਲਣ ਦੀ ਅਪੀਲ ਕੀਤੀ ਹੈ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਭਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕਣਗੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਲਖੀਮਪੁਰ ਖੀਰੀ ਵਿੱਚ ਕਿਸਾਨ ਤੇ ਪੱਤਰਕਾਰ ਦੇ ਕਤਲ ਕੇਸ ਵਿੱਚ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਪ੍ਰਧਾਨ ਮੰਤਰੀ 'ਤੇ ਲਖੀਮਪੁਰ ਖੀਰੀ 'ਚ ਕੇਂਦਰੀ ਮੰਤਰੀ ਦੇ ਪੁੱਤਰ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਵੀ ਲਗਾਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਨਾਲ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ। ਇਸ ਨੂੰ ਲੈ ਕੇ ਕਿਸਾਨਾਂ ਵਿੱਚ ਪ੍ਰਧਾਨ ਮੰਤਰੀ ਖ਼ਿਲਾਫ਼ ਭਾਰੀ ਰੋਸ ਹੈ।

ਕਿਸਾਨ ਆਗੂ ਦਾ ਕਹਿਣਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਵੀ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਹੋਏ। ਜਦੋਂ ਵੀ ਪ੍ਰਧਾਨ ਮੰਤਰੀ ਪੰਜਾਬ ਆਉਣਗੇ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ। ਇਸ ਪ੍ਰਦਰਸ਼ਨ ਦੇ ਨਾਲ-ਨਾਲ ਕਿਸਾਨਾਂ ਨੇ ਪੰਜਾਬ ਦੇ ਡੇਰਿਆਂ ਅਤੇ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨੂੰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕ ਵਿੱਚ ਨਹੀਂ ਹਨ।

PM ਨਰਿੰਦਰ ਮੋਦੀ ਆਉਣਗੇ ਡੇਰਾ ਬਿਆਸ, ਮੁਖੀ ਗੁਰਿੰਦਰ ਢਿੱਲੋਂ ਨਾਲ ਕਰਨਗੇ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਨਵੰਬਰ ਨੂੰ ਪੰਜਾਬ ਆ ਰਹੇ ਹਨ। ਉਹ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲਣਗੇ। ਉਹ ਉੱਥੇ ਹਿਮਾਚਲ ਪ੍ਰਦੇਸ਼ ਵਿੱਚ ਹੋਣ ਵਾਲੀਆਂ ਚੋਣਾਂ ਸਬੰਧੀ ਰੈਲੀਆਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਨਵੰਬਰ ਨੂੰ ਸੁੰਦਰਨਗਰ ਵਿੱਚ ਅਤੇ ਦੁਪਹਿਰ ਨੂੰ ਸੋਲਨ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ। 

ਇਸ ਦੇ ਨਾਲ ਹੀ ਉਹ 9 ਨਵੰਬਰ ਨੂੰ ਕਾਂਗੜਾ ਦੇ ਸ਼ਾਹਪੁਰ ਚੰਬੀ ਮੈਦਾਨ 'ਚ ਚੋਣ ਰੈਲੀ ਕਰਨਗੇ। ਪ੍ਰਧਾਨ ਮੰਤਰੀ ਉਸੇ ਦਿਨ ਹਮੀਰਪੁਰ ਦੇ ਸੁਜਾਨਪੁਰ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ ਉਹ ਡੇਰਾ ਬਿਆਸ ਪਹੁੰਚਣਗੇ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਸੁਰੱਖਿਆ ਪ੍ਰਬੰਧ ਮਜ਼ਬੂਤ ​​ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਬਿਆਸ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਪੁਲਿਸ ਨੂੰ ਵੀ ਇਸ ਸਬੰਧੀ ਪੁਖਤਾ ਸੁਰੱਖਿਆ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਚਰਚਾ ਹੈ ਕਿ ਡੇਰਾ ਬਿਆਸ ਦੇ ਮੁਖੀ ਨੂੰ ਮਿਲਣ ਤੋਂ ਬਾਅਦ ਉਹ ਸ੍ਰੀ ਦਰਬਾਰ ਸਾਹਿਬ ਵੀ ਮੱਥਾ ਟੇਕਣਗੇ।

Related Post