Bharat Band: ਕਿਸਾਨ ਜਥੇਬੰਦੀਆਂ ਵੱਲੋਂ 16 ਫਰਵਰੀ ਨੂੰ 'ਭਾਰਤ ਬੰਦ' ਦਾ ਐਲਾਨ

By  KRISHAN KUMAR SHARMA January 28th 2024 07:41 PM

ਲੁਧਿਆਣਾ: ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਦੇ ਤਾਲਮੇਲ ਵਲੋਂ ਦਿੱਤੇ 16 ਫਰਵਰੀ ਦੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਜ਼ੋਰਦਾਰ ਤਿਆਰੀਆਂ ਵਿੱਢਣ ਖਾਤਰ ਅੱਜ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਪੰਜਾਬ ਚੈਪਟਰ ਦੀ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਬਲਵੀਰ ਸਿੰਘ ਰਾਜੇਵਾਲ, ਨਿਰਭੈ ਸਿੰਘ ਢੁੱਡੀਕੇ ਅਤੇ ਜੰਗਵੀਰ ਸਿੰਘ ਚੌਹਾਨ ਨੇ ਕੀਤੀ। ਮੀਟਿੰਗ ਦੀ ਸ਼ੁਰੂਆਤ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਧਰਮ ਪਤਨੀ ਬੀਬੀ ਹਰਜੀਤਇੰਦਰ ਕੌਰ ਅਤੇ ਕਿਸਾਨ ਆਗੂ ਭੁਪਿੰਦਰ ਸਿੰਘ ਦੇ ਅਕਾਲ ਚਲਾਣੇ ਉੱਪਰ ਸ਼ੋਕ ਮਤਾ ਪਾ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।

ਬੰਦ ਨੂੰ ਸਫਲ ਕਰਨ ਲਈ ਉਲੀਕਿਆ ਪ੍ਰੋਗਰਾਮ

ਮੀਟਿੰਗ ਨੇ ਸਰਬ ਸੰਮਤੀ ਨਾਲ ਫੈਸਲਾ ਕਰਕੇ 16 ਫਰਵਰੀ ਦੇ ਬੰਦ ਨੂੰ ਸਫਲ ਬਣਾਉਣ ਖਾਤਰ ਵੱਖ-ਵੱਖ ਪ੍ਰੋਗਰਾਮ ਉਲੀਕਦਿਆਂ ਕਿਸਾਨ ਆਗੂਆਂ ਦੀਆਂ ਜ਼ਿੰਮੇਵਾਰੀਆਂ ਲਗਾਈਆਂ। ਸਮਾਜ ਦੇ ਸਾਰੇ ਵਰਗਾਂ ਅਤੇ ਜਥੇਬੰਦੀਆਂ ਨਾਲ ਤਾਲਮੇਲ ਕਰਨ ਤੇ ਸਹਿਯੋਗ ਲੈਣ ਲਈ ਕਿਸਾਨ ਤੇ ਟਰੇਡ ਜਥੇਬੰਦੀਆਂ ਨੇ ਮਿਲ ਕੇ 31 ਜਨਵਰੀ ਨੂੰ ਲੁਧਿਆਣਾ ਦੇ ਕਰਨੈਲ ਸਿੰਘ ਈਸੜੂ ਭਵਨ ਵਿਖੇ ਦਿਨੇ 11 ਵਜੇ ਇੱਕ ਵੱਡੀ ਮੀਟਿੰਗ ਸੱਦੀ ਹੈ। ਤਾਲਮੇਲ ਨੂੰ ਹੋਰ ਵਿਆਪਕ ਬਣਾਉਣ ਲਈ ਇਸੇ ਤਰ੍ਹਾਂ ਦੀਆਂ ਮੀਟਿੰਗਾਂ ਅੱਗੇ ਜ਼ਿਲ੍ਹਾ ਪੱਧਰ ਤੇ 2 ਫਰਵਰੀ ਅਤੇ ਤਹਿਸੀਲ ਪੱਧਰ ਤੇ 5 ਫਰਵਰੀ ਨੂੰ ਕੀਤੀਆਂ ਜਾਣਗੀਆਂ। ਮੋਰਚੇ ਨੇ 16 ਫਰਵਰੀ ਲਈ ਸਮਰਥਨ ਲੈਣ ਖਾਤਰ ਸੂਬੇ ਭਰ ਵਿੱਚ ਵੱਖ-ਵੱਖ ਵਪਾਰ ਮੰਡਲਾਂ ਤੱਕ ਪਹੁੰਚ ਕਰਨ ਦਾ ਫੈਸਲਾ ਵੀ ਕੀਤਾ ਹੈ। ਕਿਸਾਨਾਂ ਦੀ ਪਿੰਡ ਪੱਧਰ ਤੱਕ ਵਿਸ਼ਾਲ ਲਾਮਬੰਦੀ ਖਾਤਰ 9 ਫਰਵਰੀ ਨੂੰ ਤਹਿਸੀਲ ਪੱਧਰ ਤੇ ਰੋਸ ਮਾਰਚ ਕਰਨ ਦਾ ਫੈਸਲਾ ਵੀ ਕੀਤਾ ਗਿਆ। 32 ਕਿਸਾਨ ਜਥੇਬੰਦੀਆਂ ਨੇ ਬੰਦ ਨੂੰ ਸਫਲ ਕਰਨ ਲਈ 16 ਫਰਵਰੀ ਵਾਲੇ ਦਿਨ ਨੂੰ ਜ਼ਿਲ੍ਹਾ ਤੇ ਤਹਿਸੀਲ ਕੇਂਦਰਾਂ ਪ੍ਰਮੁੱਖ ਸੜਕਾਂ ਅਤੇ ਚੌਕਾਂ' ਤੇ ਵੱਡੇ ਇਕੱਠ ਕਰਕੇ ਜਾਮ ਕਰਨ ਦਾ ਫੈਸਲਾ ਵੀ ਕੀਤਾ।

ਦੁਨੀਆ ਭਰ 'ਚ ਕਿਸਾਨ ਸੰਘਰਸ਼ਾਂ ਦਾ ਸਮਰਥਨ

ਮੀਟਿੰਗ ਵਿੱਚ ਫਰਾਂਸ, ਜਰਮਨੀ ਅਤੇ ਪੋਲੈਂਡ ਸਮੇਤ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ਾਂ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਦੁਨੀਆ ਭਰ 'ਚ ਖੇਤੀ ਖੇਤਰ ਉੱਪਰ ਕਾਰਪੋਰੇਟ ਦੇ ਹਮਲੇ ਵਿਰੁੱਧ ਕਿਸਾਨੀ ਸੰਘਰਸ਼ਾਂ ਦੇ ਉਭਾਰ ਨੂੰ 'ਜੀ ਆਇਆ ਕਿਹਾ ਗਿਆ। ਖੇਤੀ ਸੰਦਾਂ ਵਿੱਚ ਹੋਏ ਘਪਲੇ ਦੇ ਮਾਮਲੇ ਸਬੰਧੀ ਛੋਟੇ ਮੁਲਾਜ਼ਮਾਂ ਤੇ ਕਾਰਵਾਈ ਦੀ ਨੀਤੀ ਨੂੰ ਮਾਮਲੇ ਤੋਂ ਧਿਆਨ ਭਟਕਾਉਣ ਦੇ ਤੁੱਲ ਦੱਸਦਿਆਂ ਇਸ ਘਪਲੇ ਦੇ ਅਸਲ ਦੋਸ਼ੀਆਂ ਤੱਕ ਪਹੁੰਚਣ ਲਈ ਨਿਰਪੱਖ ਜਾਂਚ ਪੜਤਾਲ ਦੀ ਮੰਗ ਵੀ ਕੀਤੀ ਗਈ।

ਬੈਲਟ ਪੇਪਰਾਂ ਨਾਲ ਚੋਣਾਂ ਕਰਵਾਉਣ ਦੀ ਮੁਹਿੰਮ ਦਾ ਸਮਰਥਨ

ਮੀਟਿੰਗ ਨੇ ਸਰਬ ਸੰਮਤੀ ਨਾਲ ਹੀ ਫੈਸਲਾ ਕਰਕੇ ਐਲਾਨ ਕੀਤਾ ਕਿ ਪੰਜਾਬ ਦੇ ਪਾਣੀਆਂ ਅਤੇ ਵਾਤਾਵਰਨ ਨਾਲ ਸੰਬੰਧਿਤ ਮੁੱਦਿਆਂ, ਕਰਜ਼ਾ ਮੁਕਤੀ, ਸੰਘੀ ਢਾਂਚੇ ਉੱਪਰ ਹੋ ਰਹੇ ਹਮਲਿਆਂ ਕਾਰਨ ਸੂਬੇ ਦੇ ਅਧਿਕਾਰਾਂ ਤੇ ਵੱਜ ਰਹੀ ਸੱਟ ਅਤੇ ਐਮਐਸਪੀ ਦੇ ਸਵਾਲ ਤੇ ਭਵਿੱਖੀ ਸੰਘਰਸ਼ ਦੀ ਅਗਲੀ ਰਣਨੀਤੀ ਘੜਨ ਲਈ 18 ਫਰਵਰੀ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਜਾਵੇਗੀ। ਇੱਕ ਮਤਾ ਪਾ ਕੇ ਸੁਪਰੀਮ ਕੋਰਟ ਦੇ ਵਕੀਲ ਭਾਨੂੰ ਪ੍ਰਤਾਪ ਸਿੰਘ ਵਲੋਂ ਪਾਰਦਰਸ਼ੀ ਚੋਣਾਂ ਲਈ ਈਵੀਐਮ ਦੀ ਥਾਂ ਬੈਲਟ ਪੇਪਰਾਂ ਰਾਹੀ ਚੋਣਾਂ ਕਰਵਾਉਣ ਲਈ ਛੇੜੀ ਗਈ ਮੁਹਿੰਮ ਦਾ ਸਮਰਥਨ ਕੀਤਾ ਗਿਆ।

Related Post