Punjab BJP : ਪੰਜਾਬ ਭਾਜਪਾ ਨੂੰ ਜਲਦ ਮਿਲ ਸਕਦਾ ਹੈ ਨਵਾਂ ਪ੍ਰਧਾਨ, ਕੇਵਲ ਢਿੱਲੋਂ ਪਹਿਲੇ ਨੰਬਰ ਤੇ, ਜਾਣੋ ਹੋਰ ਕੌਣ ਦੌੜ ਵਿੱਚ ?

Punjab BJP New President : ਮੰਨਿਆ ਜਾ ਰਿਹਾ ਹੈ ਭਾਜਪਾ ਦੇ ਅਗਲੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਹੋ ਸਕਦੇ ਹਨ। ਭਾਜਪਾ ਹਾਈਕਮਾਂਡ ਵੱਲੋਂ ਅੱਜ ਦੁਪਹਿਰ ਤੱਕ ਪੰਜਾਬ ਦੇ ਨਵੇਂ ਪ੍ਰਧਾਨ ਦੇ ਨਾਮ ਦਾ ਐਲਾਨ ਕਰਨ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ।

By  KRISHAN KUMAR SHARMA May 28th 2026 10:39 AM -- Updated: May 28th 2026 11:11 AM

Punjab BJP New President : ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਭਾਜਪਾ ਨੂੰ ਜਲਦ ਹੀ ਨਵਾਂ ਪ੍ਰਧਾਨ ਮਿਲ ਸਕਦਾ ਹੈ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆਹੈ ਕਿ ਭਾਜਪਾ ਹਾਈਕਮਾਂਡ ਕੁੱਝ ਨਾਂਵਾਂ 'ਤੇ ਵਿਚਾਰ ਚਰਚਾ ਕਰ ਰਹੀ ਹੈ, ਜਿਸ ਵਿੱਚ ਬਰਨਾਲਾ ਤੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ (Kewal Singh Dhillon) ਦਾ ਨਾਮ ਸਭ ਤੋਂ ਉਪਰ ਚੱਲ ਰਿਹਾ ਹੈ।

ਮੰਨਿਆ ਜਾ ਰਿਹਾ ਹੈ ਭਾਜਪਾ ਦੇ ਅਗਲੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਹੋ ਸਕਦੇ ਹਨ। ਭਾਜਪਾ ਹਾਈਕਮਾਂਡ ਵੱਲੋਂ ਅੱਜ ਦੁਪਹਿਰ ਤੱਕ ਪੰਜਾਬ ਦੇ ਨਵੇਂ ਪ੍ਰਧਾਨ ਦੇ ਨਾਮ ਦਾ ਐਲਾਨ ਕਰਨ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ। 

ਭਾਜਪਾ ਦੀ 2027 ਚੋਣਾਂ ਦੀ ਤਿਆਰੀ

ਦੱਸ ਦਈਏ ਕਿ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਦੀ ਲੋੜ ਇਸ ਲਈ ਵੀ ਹੈ ਕਿ ਸੁਨੀਲ ਜਾਖੜ ਦਾ ਕਾਰਜਕਾਲ ਵੀ ਛੇਤੀ ਖ਼ਤਮ ਹੋ ਰਿਹਾ ਹੈ। ਉਨ੍ਹਾਂ ਦਾ 3 ਸਾਲ ਦਾ ਕਾਰਜਕਾਲ ਅਗਲੇ ਮਹੀਨੇ ਜੁਲਾਈ ਵਿੱਚ ਖਤਮ ਹੋ ਰਿਹਾ ਹੈ। ਹਾਲਾਂਕਿ, ਜਾਖੜ, ਪਾਰਟੀ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ 'ਚ ਪ੍ਰਚਾਰ ਦੀ ਭੂਮਿਕਾ ਨਿਭਾਉਂਦੇ ਰਹਿਣਗੇ। ਦੂਜੇ ਪਾਸੇ, ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੀ ਪਾਰਟੀ ਲਈ ਇਹ ਬਹੁਤ ਹੀ ਮਹੱਤਵਪੂਰਨ ਹੈ ਕਿ ਸਿੱਖ ਚਿਹਰੇ ਦੀ ਭਾਲ ਸੀ।

ਭਾਜਪਾ ਹਾਈਕਮਾਨ 'ਚ ਪੰਜਾਬ ਦੀ ਨੁਮਾਇੰਦਗੀ ਕਰਦੇ ਸੀਨੀਅਰ ਲੀਡਰ ਤੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਵੀ 2027 ਚੋਣਾਂ ਦੇ ਮੱਦੇਨਜ਼ਰ ਸਿੱਖ ਆਗੂ ਦੀ ਵਕਾਲਤ ਕਰ ਰਹੇ ਹਨ, ਭਾਵੇਂ ਕਿ ਭਾਜਪਾ, ਹਮੇਸ਼ਾ ਹਿੰਦੂ ਸਮਰਥਕ ਰਹੀ ਹੈ।

2007 ਤੋਂ 2017 ਤੱਕ ਰਹੇ ਹਨ ਵਿਧਾਇਕ

75 ਸਾਲਾ ਢਿੱਲੋਂ ਦਾ ਜਨਮ ਬਰਨਾਲਾ ਦੇ ਟੱਲੇਵਾਲ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਨੇ 2007 ਤੋਂ 2017 ਤੱਕ ਬਰਨਾਲਾ ਤੋਂ ਵਿਧਾਇਕ ਵਜੋਂ ਸੇਵਾ ਨਿਭਾਈ, ਜਦੋਂ ਉਨ੍ਹਾਂ ਨੂੰ 'ਆਪ' ਦੇ ਗੁਰਮੀਤ ਸਿੰਘ ਮੀਤ ਹੇਅਰ ਨੇ ਹਰਾਇਆ ਸੀ। ਉਪਰੰਤ ਉਹ ਪੰਜਾਬ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀ ਹਾਰ ਤੋਂ ਬਾਅਦ ਕਈ ਹੋਰ ਕਾਂਗਰਸੀ ਨੇਤਾਵਾਂ ਦੇ ਨਾਲ ਜੂਨ 2022 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ।

ਭਾਜਪਾ ਵੱਲੋਂ ਢਿੱਲੋਂ ਨੂੰ ਪੰਜਾਬ ਭਾਜਪਾ ਇਕਾਈ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਦੱਸ ਦਈਏ ਕਿ ਕੇਵਲ ਸਿੰਘ ਢਿੱਲੋਂ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਹਨ, ਜੋ ਕਿ ਖੁਦ ਵੀ ਭਾਜਪਾ ਵਿੱਚ ਸ਼ਾਮਲ ਹੋਏ ਸਨ ਅਤੇ ਇੱਕ ਤਜ਼ਰਬੇਕਾਰ ਸਿਆਸਤਦਾਨ ਹਨ।

ਇਸਤੋਂ ਇਲਾਵਾ ਭਾਜਪਾ ਹਾਈਕਮਾਂਡ ਵੱਲੋਂ ਹੋਰ ਜਿਹੜੇ ਸਿੱਖ ਚਿਹਰਿਆਂ 'ਤੇ ਚਰਚਾ ਕੀਤੀ ਜਾ ਰਹੀ ਹੈ, ਉਨ੍ਹਾਂ ਵਿੱਚ ਪ੍ਰਮੁੱਖ ਮਨਜੀਤ ਸਿੰਘ ਰਾਏ, ਜਗਮੋਹਨ ਰਾਜੂ ਅਤੇ ਰਵਨੀਤ ਬਿੱਟੂ ਤੋਂ ਇਲਾਵਾ ਮਨਪ੍ਰੀਤ ਬਾਦਲ ਸ਼ਾਮਲ ਹਨ।

Related Post