Gippy Grewal Case : ਮੁਹਾਲੀ ਅਦਾਲਤ ਨੇ ਦਿਲਪ੍ਰੀਤ ਬਾਬਾ ਤੇ ਸੁਖਪ੍ਰੀਤ ਬੁੱਢਾ ਕੀਤੇ ਬਰੀ, ਗੈਂਗਸਟਰ ਪਟਿਆਲ ਦੀ ਪਤਨੀ ਭਗੌੜਾ ਘੋਸ਼ਿਤ

Mohali Police News : ਮੁਹਾਲੀ ਪੁਲਿਸ ਅਦਾਲਤ ਵਿੱਚ ਗਿੱਪੀ ਗਰੇਵਾਲ ਨੂੰ ਫਿਰੌਤੀ ਮੰਗਣ ਦੀ ਗੱਲ ਸਾਬਤ ਨਹੀਂ ਕਰ ਸਕੀ, ਜਿਸ 'ਤੇ ਅਦਾਲਤ ਨੇ ਇਹ ਫੈਸਲਾ ਸੁਣਾਇਆ। ਉਧਰ, ਅਦਾਲਤ ਨੇ ਇਸੇ ਮਾਮਲੇ 'ਚ ਬੰਬੀਹਾ ਗਰੁੱਪ ਚਲਾਉਣ ਵਾਲੇ ਲੱਕੀ ਪਟਿਆਲ ਦੀ ਪਤਨੀ ਰੇਨੂੰ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ।

By  KRISHAN KUMAR SHARMA December 5th 2024 10:48 AM -- Updated: December 5th 2024 10:53 AM

Gippy Grewal Extortion Case : ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਫਿਰੌਤੀ ਦੀ ਧਮਕੀ ਮਾਮਲੇ 'ਚ ਅਦਾਲਤ ਨੇ ਗੈਂਗਸਟਰ ਦਿਲਪ੍ਰੀਤ ਬਾਬਾ ਅਤੇ ਸੁਖਪ੍ਰੀਤ ਬੁੱਢਾ ਨੂੰ ਬਰੀ ਕਰ ਦਿੱਤਾ ਹੈ। ਮੁਹਾਲੀ ਪੁਲਿਸ ਅਦਾਲਤ ਵਿੱਚ ਗਿੱਪੀ ਗਰੇਵਾਲ ਨੂੰ ਫਿਰੌਤੀ ਮੰਗਣ ਦੀ ਗੱਲ ਸਾਬਤ ਨਹੀਂ ਕਰ ਸਕੀ, ਜਿਸ 'ਤੇ ਅਦਾਲਤ ਨੇ ਇਹ ਫੈਸਲਾ ਸੁਣਾਇਆ। ਉਧਰ, ਅਦਾਲਤ ਨੇ ਇਸੇ ਮਾਮਲੇ 'ਚ ਬੰਬੀਹਾ ਗਰੁੱਪ ਚਲਾਉਣ ਵਾਲੇ ਲੱਕੀ ਪਟਿਆਲ ਦੀ ਪਤਨੀ ਰੇਨੂੰ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ।

ਜੁਡੀਸ਼ੀਅਲ ਮੈਜਿਸਟ੍ਰੇਟ ਸਵਿਤਾ ਦਾਸ ਦੀ ਅਦਾਲਤ ਨੇ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦਿਲਪ੍ਰੀਤ ਬਾਬਾ ਅਤੇ ਸੁਖਪ੍ਰੀਤ ਬੁੱਢਾ ਨੂੰ ਬਾਇੱਜਤ ਬਰੀ ਕਰਨ ਦੇ ਹੁਕਮ ਸੁਣਾਏ ਹਨ। ਜਾਣਕਾਰੀ ਅਨੁਸਾਰ ਮਾਮਲੇ ਦੀ ਸੁਣਵਾਈ ਦੌਰਾਨ ਮੁਹਾਲੀ ਪੁਲਿਸ ਅਦਾਲਤ ਵਿੱਚ ਵੁਆਇਸ ਮੈਸੇਜ ਅਤੇ ਚੈਟ ਦਾ ਰਿਕਾਰਡ ਵੀ ਆਨ ਰਿਕਾਰਡ ਲਿਆਉਣ ਵਿੱਚ ਫੇਲ੍ਹ ਸਾਬਤ ਰਹੀ।

ਅਦਾਲਤ ਨੇ ਰੇਨੂੰ ਨੂੰ ਕਿਉਂ ਐਲਾਨਿਆ ਭਗੌੜਾ? 

ਉਧਰ, ਅਦਾਲਤ ਵਲੋਂ ਇਸ ਮਾਮਲੇ ਵਿੱਚ ਬੰਬੀਹਾ ਗਰੁੱਪ ਚਲਾਉਣ ਵਾਲੇ ਲੱਕੀ ਪਟਿਆਲ ਦੀ ਪਤਨੀ ਰੇਨੂੰ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ। ਰੇਨੂੰ ਨੂੰ ਅਦਾਲਤ ਵਿੱਚੋਂ ਲਗਾਤਾਰ ਗੈਰ-ਹਾਜ਼ਰ ਰਹਿਣ ਕਾਰਨ ਅਦਾਲਤ ਵਲੋਂ ਉਸ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ।

ਰੇਨੂੰ 'ਤੇ ਦੋਸ਼ ਹੈ ਕਿ ਦਿਲਪ੍ਰੀਤ ਬਾਬਾ ਨੇ ਜਦੋਂ ਫਿਰੌਤੀ ਮੰਗਣ ਦੀ ਯੋਜਨਾ ਬਣਾਈ ਸੀ, ਉਸ ਯੋਜਨਾ ਸਮੇਂ ਰੇਨੂੰ ਵੀ ਉਨ੍ਹਾਂ ਦੇ ਨਾਲ ਸੀ। ਰੇਨੂੰ ਉਤਰਾਖੰਡ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਲੱਕੀ ਨਾਲ ਪ੍ਰੇਮ ਵਿਆਹ ਹੋਇਆ ਦੱਸਿਆ ਜਾ ਰਿਹਾ ਹੈ । ਲੱਕੀ ਇਸ ਸਮੇਂ ਅਰਮੀਨੀਆ ਦੀ ਜੇਲ ਵਿਚ ਦੱਸਿਆ ਜਾ ਰਿਹਾ ਹੈ। ਪੁਲਿਸ ਵਲੋਂ ਇਸ ਮਾਮਲੇ ਵਿੱਚ ਦਿਲਪ੍ਰੀਤ ਬਾਬਾ, ਸੁਖਪ੍ਰੀਤ ਬੁੱਢਾ ਅਤੇ ਰੇਨੂੰ ਵਿਰੁਧ ਧਾਰਾ 387,506,201,120ਬੀ ਦੇ ਤਹਿਤ ਮਾਮਲਾ ਦਰਜ ਕੀਤਾ ਸੀ

ਗਿੱਪੀ ਗਰੇਵਾਲ ਦੀ ਸ਼ਿਕਾਇਤ 'ਤੇ 2018 'ਚ ਦਰਜ ਹੋਇਆ ਸੀ ਮਾਮਲਾ

ਜ਼ਿਕਰਯੋਗ ਹੈ ਕਿ ਥਾਣਾ ਫੇਜ-8 ਦੀ ਪੁਲਿਸ ਨੇ ਗਾਇਕ ਰੁਪਿੰਦਰ ਸਿੰਘ ਉਰਫ ਗਿੱਪੀ ਗਰੇਵਾਲ ਤੋਂ ਫਿਰੌਤੀ ਮੰਗਣ ਦੀ ਸ਼ਿਕਾਇਤ ਤੋਂ ਬਾਅਦ ਦਿਲਪ੍ਰੀਤ ਬਾਬਾ ਖਿਲਾਫ ਫਿਰੌਤੀ ਲਈ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਸੀ ਅਤੇ ਨਾਲ ਹੀ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਗਿੱਪੀ ਗਰੇਵਾਲ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਈ ਗਈ ਸੀ। ਇਸ ਮਾਮਲੇ ਵਿੱਚ ਗਿੱਪੀ ਗਰੇਵਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਦਿਲਪ੍ਰੀਤ ਬਾਬੇ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਉਸ ਨਾਲ ਗੱਲ ਨਾਲ ਕੀਤੀ ਤਾਂ ਗਿੱਪੀ ਦਾ ਹਾਲ ਪਰਮੀਸ਼ ਵਰਮਾ ਅਤੇ ਚਮਕੀਲੇ ਵਰਗਾ ਹੋਵੇਗਾ। ਗਿੱਪੀ ਨੇ ਪੁਲਿਸ ਨੂੰ ਉਕਤ ਮੋਬਾਇਲ ਨੰਬਰ ਜਿਸ ਤੋਂ ਧਮਕੀ ਮਿਲੀ ਸੀ, ਵੀ ਦਿੱਤੇ ਸਨ। ਇਸ ਮਾਮਲੇ ਵਿੱਚ ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਅਰਮੀਨੀਆ ਤੋਂ ਭਾਰਤ ਲਿਆ ਕੇ ਨਾਮਜ਼ਦ ਕੀਤਾ ਗਿਆ ਸੀ।

Related Post